ਭਾਰਤ-ਚੀਨ ਵਿਚਾਲੇ ਕੁੜਤਨ ਜਾਰੀ

ਭਾਰਤ-ਚੀਨ ਵਿਚਾਲੇ ਕੁੜਤਨ ਜਾਰੀ

ਮਾਮਲਾ ਮੁੰਬਈ ਵਿਚ 12 ਅਕਤੂਬਰ  ਨੂੰ ਸਾਰੇ ਬਿਜਲੀ ਗਰਿੱਡ ਦਾ ਇਕਦਮ ਫੇਲ੍ਹ ਹੋ ਜਾਣ ਦਾ..

  ਵਿਸ਼ਵ ਮੁੱਦਾ                                    

 ਡਾਕਟਰ ਦਲਵਿੰਦਰ ਸਿੰਘ ਗਰੇਵਾਲ

ਮੁੰਬਈ ਵਿਚ 12 ਅਕਤੂਬਰ, 2020 ਨੂੰ ਸਾਰੇ ਬਿਜਲੀ ਗਰਿੱਡ ਦਾ ਇਕਦਮ ਇਕੱਠਿਆਂ ਹੀ ਫੇਲ੍ਹ ਹੋ ਜਾਣਾ ਤੇ ਇਸ ਮਹਾਂਨਗਰ ਵਿਚ ਅਚਾਨਕ ਹਰ ਕੰਮਕਾਰ ਵਿਚ ਖੜੋਤ ਆ ਜਾਣਾ ਕੋਈ ਆਮ ਗੱਲ ਨਹੀਂ ਸੀ। ਇਸ ਘਟਨਾ ਬਾਰੇ ਅਮਰੀਕਾ ਦੀ ਰਿਕਾਰਡਡ ਫਿਊਚਰ ਕੰਪਨੀ ਦਾ ਇੰਕਸ਼ਾਫ, ਨਿਊਯਾਰਕ ਟਾਈਮਜ਼ ਵਿਚ ਛੱਪਿਆ ਹੈ, ਜੋ ਚੀਨ ਵਲੋਂ ਛੇੜੇ ਹੋਏ ਮੱਠੇ ਯੁੱਧ ਵੱਲ ਇਸ਼ਾਰਾ ਕਰਦਾ ਹੈ, ਕਿਉਂਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਭਾਰਤ-ਚੀਨ ਦੀਆਂ ਫ਼ੌਜਾਂ ਇਕ ਦੂਜੇ ਦੇ ਸਾਹਮਣੇ ਡਟੀਆਂ ਹੋਈਆਂ ਸਨ। ਰਿਕਾਰਡਡ ਫਿਊਚਰ ਕੰਪਨੀ ਨੇ ਇਸ ਨੂੰ ਸਾਈਬਰ ਯੁੱਧ ਦਾ ਹਿੱਸਾ ਮੰਨਿਆ ਹੈ।

12 ਅਕਤੂਬਰ ਨੂੰ ਮੁੰਬਈ ਵਿਚ ਇਕ ਗਰਿੱਡ ਫੇਲ੍ਹ ਹੋਣ ਦੇ ਨਤੀਜੇ ਵਜੋਂ ਵੱਡੀ ਪੱਧਰ 'ਤੇ ਬਿਜਲੀ ਚਲੀ ਗਈ, ਰੇਲ ਗੱਡੀਆਂ ਨੂੰ ਟਰੈਕਾਂ 'ਤੇ ਰੋਕਣਾ ਪਿਆ। ਕੋਵਿਡ-19 ਮਹਾਂਮਾਰੀ ਦੇ ਵਿਚਕਾਰ ਘਰਾਂ ਤੋਂ ਕੰਮ ਕਰਨ ਵਾਲਿਆਂ ਦੇ ਕੰਮ ਵਿਚ ਰੁਕਾਵਟ ਪਈ ਅਤੇ ਆਰਥਿਕ ਸਰਗਰਮੀਆਂ 'ਤੇ ਵੀ ਅਸਰ ਪਿਆ। ਜ਼ਰੂਰੀ ਸੇਵਾਵਾਂ ਲਈ ਬਿਜਲੀ ਸਪਲਾਈ ਮੁੜ ਚਾਲੂ ਹੋਣ ਵਿਚ ਦੋ ਘੰਟੇ ਲੱਗੇ। ਵਨ ਬੈਲਟ-ਵਨ ਰੋਡ ਪ੍ਰੋਜੈਕਟ, ਦੁਨੀਆ ਦੇ ਰਣਨੀਤਕ ਮਹੱਤਵ ਵਾਲੇ ਥਾਵਾਂ 'ਤੇ ਆਪਣੇ ਅੱਡੇ ਬਣਾਉਣੇ, ਜ਼ਮੀਨ ਆਪਣੇ ਕਬਜ਼ੇ ਵਿਚ ਕਰਨ ਲਈ 'ਸਲਾਮੀ ਸਲਾਈਸਿੰਗ' ਤਕਨੀਕ, ਆਰਥਿਕ ਗਲਿਆਰੇ, ਜੀਵਾਣੂ-ਕੀਟਾਣੂ ਜੰਗ ਤੇ ਹੁਣ ਸਾਈਬਰ ਸੁਰੱਖਿਆ ਵਿਚ ਹੈਕਰਾਂ ਰਾਹੀਂ ਘੁਸਪੈਠ ਆਦਿ ਚੀਨ ਵਲੋਂ ਯੁੱਧ ਦੇ ਅਪਣਾਏ ਜਾ ਰਹੇ ਨਵੇਂ-ਨਵੇਂ ਤਰੀਕੇ ਭਾਰਤ ਸਣੇ ਸਾਰੀ ਦੁਨੀਆ ਨੂੰ ਫ਼ਿਕਰ ਵਿਚ ਪਾ ਰਹੇ ਹਨ। ਕੁਝ ਵਰ੍ਹਿਆਂ ਤੋਂ ਦੇਖਿਆ ਗਿਆ ਹੈ ਕਿ ਚੀਨ ਨੇ ਆਪਣਾ ਸਿੱਕਾ ਸਾਰੀ ਦੁਨੀਆ ਵਿਚ ਜਮਾਉਣ ਲਈ ਆਪਣਾ ਯੁੱਧ ਢੰਗ ਤੇ ਰੰਗ ਬਦਲ ਲਏ ਹਨ, ਜਿੱਥੇ ਹਥਿਆਰਾਂ ਨਾਲ ਯੁੱਧ ਨਹੀਂ ਚਲਾਕੀ ਤੇ ਮੱਕਾਰੀ ਨਾਲ ਯੁੱਧ ਕੀਤਾ ਜਾ ਰਿਹਾ ਹੈ, ਜੋ ਅੱਜ ਤੱਕ ਲਗਾਤਾਰ ਚਾਲੂ ਹੈ। ਉਸ ਨੇ ਉਹ ਨਵੇਂ ਢੰਗ ਖੁੱਲ੍ਹੇ ਤੌਰ 'ਤੇ ਵਰਤਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਉਹ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਸੀ।

ਉਪਰੋਕਤ ਸਭ ਸਾਧਨਾਂ ਵਿਚੋਂ ਤਾਜ਼ਾ ਜਾਣਕਾਰੀ ਸਾਈਬਰ ਸੁਰੱਖਿਆ ਵਿਚ ਹੈਕਰਾਂ ਰਾਹੀਂ ਘੁਸਪੈਠ ਬਾਰੇ ਹੈ। ਚੀਨ ਦੀ ਸਰਕਾਰ ਨਾਲ ਜੁੜੀ ਰੈਡੀਕੋ ਕੰਪਨੀ ਦੇ ਹੈਕਰਾਂ ਦੇ ਇਕ ਸਮੂਹ ਨੇ ਮਾਲਵੇਅਰ ਸਾਫਟਵੇਅਰ ਰਾਹੀਂ ਆਪਰੇਸ਼ਨ ਬਲੈਕ ਪਾਵਰ ਕਰਕੇ ਭਾਰਤ ਦੀ ਨਾਜ਼ੁਕ ਬਿਜਲੀ ਗਰਿੱਡ ਪ੍ਰਣਾਲੀ ਨੂੰ ਨਿਸ਼ਾਨਾ ਬਣਾਇਆ । ਅਮਰੀਕਾ ਦੀ ਮੈਸੇਚਿਉਸੇਟਸ ਆਧਾਰਿਤ ਰਿਕਾਰਡਡ ਫਿਊਚਰ ਕੰਪਨੀ ਦੀ ਇਹ ਰਿਪੋਰਟ ਨਿਊਯਾਰਕ ਟਾਈਮਜ਼ ਵਿਚ ਉਦੋਂ ਛਪੀ ਜਦੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਪੂਰਬੀ ਲੱਦਾਖ ਵਿਚ ਅੱਠ ਮਹੀਨਿਆਂ ਤੋਂ ਵੱਧ ਸਮੇਂ ਤੋਂ ਆਹਮੋ-ਸਾਹਮਣੇ ਖੜ੍ਹੀਆਂ ਸਨ ਤੇ ਦੋਵਾਂ ਵਿਚ ਕਿਸੇ ਵੀ ਸਮੇਂ ਝੜਪ ਹੋ ਜਾਣ ਦਾ ਖ਼ਤਰਾ ਸੀ।

ਰਿਕਾਰਡਡ ਫਿਊਚਰ ਕੰਪਨੀ, ਜਿਸ ਨੇ ਚੀਨ ਦੀ ਇਹ ਸਰਗਰਮੀ ਨੋਟ ਕੀਤੀ ਹੈ, ਅਮਰੀਕਾ ਦੇ ਨਾਲ-ਨਾਲ ਦੂਜੇ ਦੇਸ਼ਾਂ ਦੁਆਰਾ ਇੰਟਰਨੈੱਟ ਦੀ ਕੀਤੀ ਜਾ ਰਹੀ ਵਰਤੋਂ ਦਾ ਵੀ ਅਧਿਐਨ ਕੀਤਾ ਜਾਂਦਾ ਹੈ। ਇਸ ਦੀ ਪਛਾਣ ਵੱਡੇ ਪੱਧਰ ਦੇ ਆਟੋਮੈਟਿਕ ਨੈੱਟਵਰਕ ਟ੍ਰੈਫਿਕ ਵਿਸ਼ਲੇਸ਼ਣ ਵਜੋਂ ਹੈ। ਅੰਕੜਿਆਂ ਦੇ ਸਰੋਤਾਂ ਨੂੰ ਰਿਕਾਰਡ ਕਰਨ ਲਈ ਫਿਊਚਰ ਕੰਪਨੀ ਮੁਤਾਬਿਕ ਚੀਨ ਵਲੋਂ ਸਕਿਓਰਿਟੀ ਟਰੇਲਜ਼, ਸਪੂਰ, ਫਾਰਸਾਈਟ ਅਤੇ ਓਪਨ-ਸੋਰਸ ਟੂਲ ਆਦਿ ਤਕਨੀਕਾਂ, ਇਸ ਸਾਈਬਰ ਹਮਲੇ ਵਿਚ ਵਰਤੀਆਂ ਗਈਆਂ। 2020 ਦੇ ਸ਼ੁਰੂ ਤੋਂ, ਰਿਕਾਰਡਡ ਫਿਊਚਰ ਕੰਪਨੀ ਦੇ ਇਕ ਗਰੁੱਪ ਨੇ ਚੀਨ ਦੇ ਹੈਕਰ ਸਮੂਹ ਵਲੋਂ ਭਾਰਤੀ ਸੰਗਠਨਾਂ ਅਤੇ ਅਦਾਰਿਆਂ ਵਿਚ ਘੁਸਪੈਠ ਕਰਨ ਦੀਆਂ ਸਰਗਰਮੀਆਂ ਵਿਚ ਹੋਏ ਵੱਡੇ ਵਾਧੇ ਨੂੰ ਵੇਖਿਆ ਹੈ। ਅਮਰੀਕੀ ਰਾਸ਼ਟਰਪਤੀ ਦੇ ਬਿਆਨ ਅਨੁਸਾਰ ਅਮਰੀਕਾ ਚੀਨ-ਭਾਰਤ ਹੱਦ ਉਤੇ ਹੋ ਰਹੀਆਂ ਸਰਗਰਮੀਆਂ ਉਤੇ ਲਗਾਤਾਰ ਅੱਖ ਰੱਖ ਰਿਹਾ ਸੀ ਤੇ ਇਹ ਪੜਤਾਲ ਵੀ ਇਸੇ ਦਾ ਇਕ ਹਿੱਸਾ ਹੈ।

ਮੈਸੇਚਿਉਸੇਟਸ ਆਧਾਰਿਤ ਇਸ ਕੰਪਨੀ ਦੀ ਇਹ ਰਿਪੋਰਟ ਉਦੋਂ ਆਈ ਜਦੋਂ ਦੋਵਾਂ ਦੇਸ਼ਾਂ ਨੇ ਪੂਰਬੀ ਲੱਦਾਖ ਵਿਚ ਅੱਠ ਮਹੀਨਿਆਂ ਤੋਂ ਬਾਅਦ ਫ਼ੌਜਾਂ ਨੂੰ ਪਿੱਛੇ ਹਟਾਉਣਾ ਸ਼ੁਰੂ ਕੀਤਾ ਸੀ।

ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ਦੇ ਸਭ ਤੋਂ ਵਿਵਾਦਪੂਰਨ ਖੇਤਰਾਂ ਤੋਂ ਫ਼ੌਜਾਂ ਹਟਾਉਣ ਲਈ ਪਿਛਲੇ ਮਹੀਨੇ ਦੋਵੇਂ ਦੇਸ਼ ਆਪਸੀ ਸਮਝੌਤੇ 'ਤੇ ਪਹੁੰਚੇ ਸਨ।

ਨਿਊਯਾਰਕ ਟਾਈਮਜ਼ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਇਹ ਖੋਜ ਇਸ ਪ੍ਰਸ਼ਨ ਨੂੰ ਉਠਾਉਂਦੀ ਹੈ ਕਿ, ਕੀ ਮੁੰਬਈ ਦੀ ਬਿਜਲੀ ਗੁੱਲ ਕਰਨ ਦਾ ਅਰਥ ਬੀਜਿੰਗ ਵਲੋਂ ਇਹ ਸੰਦੇਸ਼ ਦੇਣਾ ਸੀ ਕਿ ਜੇ ਭਾਰਤ ਆਪਣੇ ਸਰਹੱਦੀ ਦਾਅਵਿਆਂ ਨੂੰ ਜ਼ੋਰ-ਸ਼ੋਰ ਨਾਲ ਪੇਸ਼ ਕਰੇਗਾ ਤਾਂ ਕੀ ਹੋ ਸਕਦਾ ਹੈ?

ਇਸ ਦੋਸ਼ ਦੇ ਜਵਾਬ ਵਿਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਭਾਰਤ ਦੇ ਬਿਜਲੀ ਗਰਿੱਡ ਦੀ ਹੈਕਿੰਗ ਵਿਚ ਚੀਨ ਦੀ ਸ਼ਮੂਲੀਅਤ ਬਾਰੇ ਕੀਤੀ ਗਈ ਆਲੋਚਨਾ ਨੂੰ ਖਾਰਜ ਕਰਦਿਆਂ ਕਿਹਾ ਕਿ ਬਿਨਾਂ ਸਬੂਤ ਦੇ ਦੋਸ਼ ਲਾਉਣਾ ਗ਼ੈਰ-ਜ਼ਿੰਮੇਵਾਰਾਨਾ ਹੈ।

ਇਕ ਰਸਾਲੇ ਚਾਈਨੀਜ਼ ਹੈਕਰਜ਼ ਆਰਮੀ ਅਨੁਸਾਰ 2010 ਵਿਚ ਹੀ ਚੀਨ ਦੀ ਹੈਕਰ ਫ਼ੌਜ ਵਿਚ 50,000 ਤੋਂ ਇਕ ਲੱਖ ਦੇ ਵਿਚਕਾਰ ਹੈਕਰ (ਇਲਕਟ੍ਰੌਨਿਕ ਡਾਟਾ ਚੋਰੀ ਕਰਨ ਵਾਲੇ) ਸਨ। ਏਨੀ ਵੱਡੀ ਟੀਮ ਦਾ ਕੰਮ ਦੁਨੀਆ ਦੇ ਹਰ ਵੱਡੇ ਦੇਸ਼ ਦੇ ਕੰਪਿਊਟਰਾਂ, ਮੋਬਾਈਲਾਂ ਤੇ ਹੋਰ ਬਿਜਲੀ ਸੋਮਿਆਂ 'ਤੇ ਲਗਾਤਾਰ ਨਜ਼ਰ ਰੱਖ ਕੇ ਲੋੜੀਂਦੀ ਜਾਣਕਾਰੀ ਰਿਕਾਰਡ ਕਰਨਾ ਅਤੇ ਖ਼ਾਸ ਜਾਣਕਾਰੀ ਚੁਰਾ ਕੇ ਉਸ ਨੂੰ ਆਪਣੇ ਫਾਇਦੇ ਲਈ ਵਰਤਣਾ ਹੈ। ਜਿੱਥੇ ਲੋੜ ਹੋਵੇ ਸੰਚਾਰ ਪ੍ਰਣਾਲੀ ਨੂੰ ਜਾਮ ਕਰਨਾ ਜਾਂ ਲੋੜ ਅਨੁਸਾਰ ਦੂਜੇ ਦੇਸ਼ਾਂ ਦੇ ਕੰਪਿਊਟਰ ਸਾਫਟਵੇਅਰਾਂ ਵਿਚ ਤਬਦੀਲੀਆਂ ਕਰ ਦੇਣਾ ਵੀ ਇਸ ਹਾਕਰ ਟੀਮ ਦਾ ਕੰਮ ਹੈ। ਇਹੋ ਹੀ ਸਾਈਬਰ ਯੁੱਧ ਹੈ ਜਿਸ ਨੂੰ ਚੀਨ ਲਗਾਤਾਰ ਵਿਰੋਧੀ ਦੇਸ਼ਾਂ ਵਿਰੁੱਧ ਵਰਤ ਰਿਹਾ ਹੈ, ਜਿਸ ਦੀ ਤਾਜ਼ਾ ਉਦਾਹਰਨ ਅਮਰੀਕਾ ਦੀ ਫਿਊਚਰ ਕੰਪਨੀ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਨੇ 300 ਦੇ ਕਰੀਬ ਚੀਨੀ ਸਾਈਬਰ ਕੰਪਨੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ।