ਫਲਸਤੀਨੀਆਂ ਨੂੰ ਹੱਕ ਮਿਲਣ ਤਕ ਪਾਕਿਸਤਾਨ ਇਸਰਾਈਲ ਨੂੰ ਮਾਨਤਾ ਨਹੀਂ ਦਵੇਗਾ: ਇਮਰਾਨ ਖਾਨ

ਫਲਸਤੀਨੀਆਂ ਨੂੰ ਹੱਕ ਮਿਲਣ ਤਕ ਪਾਕਿਸਤਾਨ ਇਸਰਾਈਲ ਨੂੰ ਮਾਨਤਾ ਨਹੀਂ ਦਵੇਗਾ: ਇਮਰਾਨ ਖਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਉਸ ਸਮੇਂ ਤਕ ਇਸਰਾਈਲ ਨੂੰ ਮਾਨਤਾ ਨਹੀਂ ਦਵੇਗਾ ਜਦੋਂ ਤਕ ਫਲਸਤੀਨ ਦੇ ਲੋਕਾਂ ਦੀ ਮਰਜ਼ੀ ਮੁਤਾਬਕ ਫਲਸਤੀਨ ਸਟੇਟ ਸਥਾਪਤ ਨਹੀਂ ਹੁੰਦੀ।

ਇਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਇਮਰਾਨ ਖਾਨ ਨੇ ਇਹ ਟਿੱਪਣੀ ਬੀਤੇ ਦਿਨੀਂ ਯੂਏਈ ਅਤੇ ਇਸਰਾਈਲ ਦਰਮਿਆਨ ਹੋਈ ਸੰਧੀ ਨੂੰ ਲੈ ਕੇ ਕੀਤੀ। 

ਦੱਸ ਦਈਏ ਕਿ ਪਿਛਲੇ ਹਫਤੇ ਯੂਏਈ ਅਤੇ ਇਸਰਾਈਲ ਨੇ ਅਮਰੀਕਾ ਦੀ ਵਿਚੋਲਗੀ ਨਾਲ ਇਕ ਆਪਸੀ ਮਿਲਵਤਰਨ ਦੀ ਸੰਧੀ ਕਰ ਲਈ ਹੈ। ਇਸ ਦਾ ਕਈ ਅਰਬ ਦੇਸ਼ਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਰਬ ਦੇਸ਼ਾਂ ਦਾ ਕਹਿਣਾ ਹੈ ਕਿ ਇਸ ਸੰਧੀ ਨਾਲ ਇਸਰਾਈਲ ਦੇ ਫਲਸਤੀਨ ਉੱਤੇ ਕਬਜ਼ੇ ਨੂੰ ਮਾਨਤਾ ਦਿੱਤੀ ਗਈ ਹੈ।

ਇਮਰਾਨ ਖਾਨ ਨੇ ਕਿਹਾ ਕਿ ਇਸ ਸਬੰਧੀ ਪਾਕਿਸਤਾਨ ਦਾ ਪੱਖ 1948 ਵਿਚ ਪਾਕਿਸਤਾਨ ਦੇ ਨਿਰਮਾਤਾ ਮੁਹੱਮਦ ਅਲੀ ਜਿਨਾਹ ਨੇ ਹੀ ਸਪਸ਼ਟ ਕਰ ਦਿੱਤਾ ਸੀ ਕਿ ਪਾਕਿਸਤਾਨ ਉਸ ਸਮੇਂ ਤਕ ਇਸਰਾਈਲ ਨੂੰ ਮਾਨਤਾ ਨਹੀਂ ਦਵੇਗਾ ਜਦੋਂ ਤਕ ਫਲਸਤੀਨੀਆਂ ਨੂੰ ਸਾਰੇ ਹੱਕ ਨਹੀਂ ਮਿਲ ਜਾਂਦੇ।