ਰੂਸ ਵਿਚ ਰਾਸ਼ਟਰਪਤੀ ਪੁਤਿਨ ਦੇ ਵਿਰੋਧੀ ਨਵਾਲਨੇ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼

ਰੂਸ ਵਿਚ ਰਾਸ਼ਟਰਪਤੀ ਪੁਤਿਨ ਦੇ ਵਿਰੋਧੀ ਨਵਾਲਨੇ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਰੂਸ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਵਿਰੋਧੀ ਧਿਰ ਦੇ ਆਗੂ ਅਲੇਕਸੀ ਨਵਾਲਨੇ ਅੱਜ ਇਕ ਹਵਾਈ ਸਫਰ ਦੌਰਾਨ ਬਿਮਾਰ ਹੋ ਗਏ ਤੇ ਡਾਕਟਰਾਂ ਦੇ ਦੱਸਣ ਮੁਤਾਬਕ ਉਹ ਕੋਮਾ ਵਿਚ ਚਲੇ ਗਏ ਹਨ ਤੇ ਉਹਨਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। 

44 ਸਾਲਾ ਨਵਾਲਨੇ ਸਾਈਬੇਰੀਆ ਤੋਂ ਮਾਸਕੋ ਜਾ ਰਹੇ ਸੀ। ਉਹਨਾਂ ਦੀ ਰਾਹ ਵਿਚ ਸਿਹਤ ਖਰਾਬ ਹੋਣ 'ਤੇ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਉਹਨਾਂ ਦੇ ਬੁਲਾਰੇ ਵਜੋਂ ਕੰਮ ਕਰਦੀ ਬੀਬੀ ਕੀਰਾ ਯਾਰਮੇਸ਼ ਨੇ ਕਿਹਾ ਕਿ ਡਾਕਟਰਾਂ ਦੇ ਦੱਸਣ ਮੁਤਾਬਕ ਨਵਾਲਨੇ ਨੂੰ ਕਿਸੇ ਗਰਮ ਤਰਲ ਵਿਚ ਜ਼ਹਿਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਲਗ ਰਿਹਾ ਹੈ ਕਿ ਨਵਾਲਨੇ ਨੂੰ ਚਾਹ ਵਿਚ ਜ਼ਹਿਰ ਦਿੱਤਾ ਗਿਆ ਹੈ।

ਯਾਰਮੇਸ਼ ਨੇ ਦੱਸਿਆ ਕਿ ਨਵਾਲਨੇ ਨੇ ਹਵਾਈ ਅੱਡੇ 'ਤੇ ਜਹਾਜ਼ ਚੜ੍ਹਨ ਤੋਂ ਪਹਿਲਾਂ ਚਾਹ ਪੀਤੀ ਸੀ।