ਸੌ ਰੁਪਏ ਦੀ ਅੱਧ-ਪਾ ਇਮਿਊਨਿਟੀ ਲੈ ਲਓ ਭਾਈ!

ਸੌ ਰੁਪਏ ਦੀ ਅੱਧ-ਪਾ ਇਮਿਊਨਿਟੀ ਲੈ ਲਓ ਭਾਈ!

ਬਲਤੇਜ

ਕੋਰੋਨਾ ਦਾ ਰੌਲਾ ਮੁੱਕ ਜਾਣ ਤੋਂ ਬਾਅਦ ਇਹੋ ਜਿਹੇ ਹੋਕਰੇ ਭਾਵੇਂ ਗਲੀਆਂ 'ਚ ਨਾ ਸੁਣਨ ਪਰ ਜਾਣ ਪਛਾਣ ਦੇ ਆੜੀ ਯਾ ਰਿਸ਼ਤੇਦਾਰ ਜਿਹੜੇ ਨਵੇਂ ਨਵੇਂ ਮਾਰਕੀਟਿੰਗ ਕਰਨ ਲੱਗੇ ਹੋਣਗੇ ਉਹ ਇਹੋ ਜਿਹੀਆਂ ਕਹਾਣੀਆਂ ਪਾਉਂਦੇ ਤੁਹਾਡੇ ਕੋਲ ਜਰੂਰ ਆ ਬਹੁੜਣਗੇ। ਅਖ਼ਬਾਰਾਂ ਦੇ ਇਸ਼ਤਿਹਾਰ, ਟੀ.ਵੀ ਇਹੋ ਜਿਹੀ ਬੋਲੀ ਹੀ ਬੋਲ ਰਹੇ ਹੋਣਗੇ ਤੇ ਤੁਹਾਨੂੰ ਇਮਿਊਨਿਟੀ ਖਰੀਦ ਲੈਣ ਦੀਆਂ ਸਲਾਹਾਂ ਦੇ ਰਹੇ ਹੋਣਗੇ। ਉਂਝ ਟੀ.ਵੀ 'ਤੇ ਟੌਨਿਕਾਂ ਤੇ ਬਾਰਨ ਵਿਟਿਆਂ ਦੀਆਂ ਮਸ਼ਹੂਰੀਆਂ ਨਾਲ ਕੰਪਨੀਆਂ ਇਮਿਊਨਿਟੀ ਪੂਰੀ ਕਰਨ ਦਾ ਦਾਅਵਾ ਕਰਨ ਲੱਗ ਹੀ ਗਈਆਂ ਹਨ। ਹੁਣ ਇਹ ਤੋਂ ਪਹਿਲਾਂ ਤੁਸੀਂ ਉਹਨਾਂ ਦੀਆਂ ਗੱਲ਼ਾਂ 'ਚ ਆ ਕੇ ਖਰੀਦ ਲਵੋ ਆਜੋ ਜਾਣ ਲਈਏ ਕਿ ਇਮਿਊਨਿਟੀ ਕੀ ਹੁੰਦੀ ਹੈ ਤੇ ਇਹ ਕਿਵੇਂ ਕੰਮ ਕਰਦੀ ਹੈ।

ਇਮਿਊਨ ਸਿਸਟਮ (ਵਿਰੋਧੀ ਤਾਕਤ ਢਾਂਚਾ) ਹੈ ਕੀ?

ਇਮਿਊਨ ਸਿਸਟਮ ਜਾਂ ਪੰਜਾਬੀ ਵਿੱਚ ਵਿਰੋਧੀ ਤਾਕਤ ਢਾਂਚਾ ਕਹਿ ਲਵੋ। ਇਹ ਸਾਡੇ ਸਰੀਰ ਦੀ ਫੌਜ ਹੈ ਜੋ ਕਿਸੇ ਵੀ ਬਾਹਰੀ ਕੀਟਾਣੂ ਯਾ ਤੱਤ ਖਿਲਾਫ ਲੜਦਾ ਹੈ। ਇਹ ਦੋ ਤਰ੍ਹਾਂ ਦਾ ਹੁੰਦਾ ਏ ਇੱਕ ਤਾਂ ਹੁੰਦਾ ਜਨਮਜ਼ਾਤ ਕਿਸਮ ਦਾ (Innate) ਤੇ ਇੱਕ ਹੁੰਦੀ ਹਾਸਿਲ ਕੀਤੀ, ਯਾਨਿ ਕਿ Adaptive।

ਜਨਮਜਾਤ ਕਿਸਮ ਦੀ ਵਿਰੋਧੀ ਤਾਕਤ ਵਿੱਚ ਸਾਡੀ ਚਮੜੀ, ਸਾਡਾ ਪਸੀਨਾ, ਹੰਝੂ, ਨੱਕ ਦੇ ਵਾਲ ਤੋਂ ਲੈ ਕੇ ਕਈ ਤਰ੍ਹਾਂ ਦੇ ਪ੍ਰੋਟੀਨ ਅਤੇ ਸੈੱਲ ਹੁੰਦੇ ਹਨ ਜੋ ਸਾਡੇ ਗੁਰਦੇ ਵਿੱਚ ਲਗਾਤਾਰ ਬਣਦੇ ਰਹਿੰਦੇ ਹਨ, ਤੇ ਇਹ ਕਿਸੇ ਵੀ ਬਾਹਰੀ ਕਣ ਦੇ ਸਰੀਰ ਵਿੱਚ ਦਾਖਲੇ ਵੇਲੇ ਉਹਨਾਂ ਤੇ ਹੱਲਾ ਬੋਲ ਦਿੰਦੇ ਹਨ।ਜਨਮਜ਼ਾਤ ਵਿਰੋਧੀ ਤਾਕਤ ਕਿਸੇ ਖਾਸ ਕਿਸਮ ਦੀ ਬਿਮਾਰੀ ਯਾ ਵਿਸ਼ਾਣੂ ਖਿਲਾਫ ਨਹੀਂ ਹੁੰਦੀ ਇਹ ਹਰ ਤਰ੍ਹਾਂ ਦੇ ਵਿਸ਼ਾਣੂ/ਕੀਟਾਣੂ ਖਿਲਾਫ ਇੱਕੋ ਤਰੀਕੇ ਨਾਲ ਕੰਮ ਕਰਦੀ ਹੈ। ਇਹਦਾ ਕੰਮ ਢੰਗ ਬਹੁਤ ਸਿੱਧਾ ਜਿਹਾ ਹੀ ਹੁੰਦਾ ਹੈ ਸਾਡੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੇ ਬਾਹਰੀ ਤੱਤ ਆ ਜਾਣ ਤੇ ਸਰੀਰ ਦਾ ਤਾਪ ਵਧ ਜਾਣਾ, ਨੱਕ ਵਿੱਚੋਂ ਤਰਲਾਂ ਦਾ ਵਹਿਣਾ, ਅੱਖਾਂ ਵਿੱਚੋਂ ਹੰਝੂ ਕਿਰਨੇ ਇਹ ਸਾਰਾ ਵਤੀਰਾ ਸਰੀਰ ਦਾ ਕਿਸੇ ਵੀ ਬਾਹਰੀ ਤੱਤ ਦੇ ਅੰਦਰ ਜਾਣ ਤੇ ਹੁੰਦਾ ਹੈ। ਹਰ ਤਰਾਂ ਦੇ ਸੂਖਮਜੀਵ ਜਾਂ ਤੱਤ ਖਿਲਾਫ ਇਹਨੇ ਨਾਕੇ ਲਾਏ ਹੁੰਦੇ ਹਨ ਜਿੰਨ੍ਹਾਂ ਨੂੰ ਟੋਲ ਲਾਈਕ ਰਸੈਪਟਰਸ ਵੀ ਕਹਿ ਦਿੰਦੇ ਹਨ। ਇਹਨਾਂ ਨਾਕਿਆਂ ਨੇ ਬਾਹਰੀ ਤੱਤ ਨੂੰ ਮਾਰਨਾ ਹੁੰਦਾ ਹੈ। ਇਹਨਾਂ ਦੇ ਨਾਲ ਹੀ ਇੱਕ ਮਾਰਸ਼ਲ ਫੌਜਾਂ ਸੈੱਲਾਂ ਦੀਆਂ ਵੀ ਹੁੰਦੀਆਂ ਹਨ ਜਿੰਨ੍ਹਾਂ ਵਿੱਚ ਮੈਕਰੋਫਾਜ਼, ਨਿਊਟ੍ਰੋਫਿਲਸ ਵਰਗੇ ਸੈੱਲ ਹੁੰਦੇ ਹਨ, ਇਹਨਾਂ ਸੈੱਲਾਂ ਕੋਲ ਬਾਹਰੀ ਤੱਤ ਉਦੋਂ ਹੀ ਪਹੁੰਚਦਾ ਹੈ ਜਦੋਂ ਉਹ ਸਾਰੇ ਸਰੀਰ ਦੇ ਸਾਰੇ ਭੌਤਿਕ ਤੇ ਰਸਾਇਣਕ ਨਾਕੇ ਪਾਰ ਕਰ ਆਵੇ। ਇਹ ਸੈੱਲ ਬਾਹਰੀ ਤੱਤ ਖਿਲਾਫ ਲੜਣ ਦੀ ਕੋਸ਼ਿਸ਼ ਕਰਦੇ ਹਨ ਤੇ ਜੇਕਰ ਨਾਕਾਮਯਾਬ ਰਹਿਣ ਤਾਂ ਕੰਮ ਹਾਸਿਲ ਕੀਤੀ ਵਿਰੋਧੀ ਤਾਕਤ ਯਾਨਿ Adaptive Immunity ਨੂੰ ਸੌਂਪ ਦਿੰਦੇ ਹਨ।

ਦੂਜੀ ਤਰ੍ਹਾਂ ਦੀ ਵਿਰੋਧੀ ਤਾਕਤ ਹੁੰਦੀ ਹੈ ਹਾਸਿਲ ਕੀਤੀ ਹੋਈ ਵਿਰੋਧੀ ਤਾਕਤ। ਇਹ ਸਾਨੂੰ ਜਨਮ ਤੋਂ ਬਾਅਦ ਮਿਲਦੀ ਹੈ ਤੇ ਇਹ ਲਗਾਤਾਰ ਮਿਲਦੀ ਰਹਿੰਦੀ ਹੈ। ਇਹ ਖਾਸ ਰੋਗਾਣੂਆਂ ਦੇ ਖਿਲਾਫ ਲੜਣ ਦੀ ਸਮਰੱਥਾ ਰੱਖਦੀ ਹੈ। ਇਹ ਸਰੀਰ ਦੇ ਅੰਦਰੂਨੀ ਤੱਤਾਂ ਤੇ ਬਾਹਰੀ ਤੱਤਾਂ ਦੀ ਪਛਾਣ ਰੱਖਦੀ ਹੈ। ਇਹ ਸਾਡੇ ਸਰੀਰ ਵਿੱਚ ਕੁਦਰਤੀ ਵਧਦੀ ਰਹਿ ਸਕਦੀ ਹੈ ਜਾਂ ਦਿੱਤੀ ਜਾ ਸਕਦੀ ਹੈ। ਕੁਦਰਤੀ ਇਹ ਉਦੋਂ ਵਧਦੀ ਹੈ ਜਦੋਂ ਤੁਸੀਂ ਗਾਹੇ-ਬਗਾਹੇ ਸਰੀਰ ਦੀ ਵੱਖ ਵੱਖ ਕੀਟਾਣੂਆਂ ਨਾਲ ਜਾਣ ਪਛਾਣ ਕਰਵਾਉਂਦੇ ਰਹਿੰਦੇ ਹੋ ਤਾਂ ਸਰੀਰ ਇਹਨਾਂ ਨਾਲ ਲਗਾਤਾਰ ਲੜਦਾ ਰਹਿੰਦਾ ਹੈ ਤੇ ਇਮਿਊਨਿਟੀ ਵਧਦੀ ਰਹਿੰਦੀ ਹੈ। ਇਹਦੀ ਉਦਾਹਰਣ ਹੈ ਐਡਵਰਡ ਜੈਨਰ ਦਾ ਤਜ਼ਰਬਾ ਜਿਸ ਦੀ ਮਦਦ ਨਾਲ ਉਹਨੇ ਵੈਕਸੀਨ ਦੀ ਖੋਜ ਕੀਤੀ। ਐਡਵਰਡ ਜੈਨਰ ਨੇ ਵੇਖਿਆ ਕਿ ਗਊ ਪਾਲਕਾਂ ਨੂੰ ਚੇਚਕ ਨਹੀਂ ਹੁੰਦਾ ਸੀ ਜਦਕਿ ਬਾਕੀ ਲੋਕਾਂ ਨੂੰ ਹੋ ਜਾਂਦਾ ਸੀ ਇਸ ਤੋਂ ਉਹਨੇ ਇਹ ਨਤੀਜਾ ਕੱਢਿਆ ਸੀ ਕਿ ਗਊ ਪਾਲਕ ਚੇਚਕ (ਸਮਾਲ ਪੋਕਸ) ਨਾਲ ਰਲਦੇ ਕੀਟਾਣੂਆਂ (ਕਾਓ ਪੋਕਸ)  ਨਾਲ ਰੋਜ ਵਾਂਗ ਵਾਹ ਪਾਉਂਦੇ ਹਨ। ਉਹਨਾਂ ਦਾ ਸਰੀਰ ਇਸ ਤਰ੍ਹਾਂ ਦੇ ਕੀਟਾਣੂਆਂ ਨਾਲ ਲੜਣ ਦੀ ਸਮਰੱਥਾ ਪੈਦਾ ਕਰ ਚੁੱਕਾ ਸੀ ਇਸ ਲਈ ਉਹਨਾਂ ਨੂੰ ਚੇਚਕ ਦੀ ਬੀਮਾਰੀ ਹੋਣ ਦਾ ਖਦਸ਼ਾ ਘੱਟ ਸੀ। ਇਹ ਕੁਦਰਤੀ ਤੌਰ ਤੇ ਹਾਸਿਲ ਕੀਤੀ ਹੋਈ ਇਮਿਊਨਿਟੀ ਸੀ।

ਹਾਸਿਲ ਕੀਤੀ ਵਿਰੋਧੀ ਤਾਕਤ ਆਪਾਂ ਬਣਾਵਟੀ ਤੌਰ ਤੇ ਵੀ ਲੈ ਸਕਦੇ ਹਾਂ। ਬਣਾਵਟੀ ਤੌਰ ਤੇ ਹਾਸਲ ਕੀਤੀ ਹੋਈ ਇਮਿਊਨਿਟੀ ਵੀ ਸਾਨੂੰ ਇਸੇ ਤਰ੍ਹਾਂ ਹੀ ਮਿਲਦੀ ਹੈ ਅਸੀਂ ਮਰੇ ਹੋਏ, ਅਧ-ਮੋਏ, ਯਾ ਕਮਜ਼ੋਰ ਕੀਟਾਣੂ ਸਰੀਰ ਵਿੱਚ ਪਾਉਂਦੇ ਹਾਂ। ਸਰੀਰ ਉਹਨਾਂ ਨਾਲ ਲੜ ਕੇ ਇੱਕ ਯਾਦਗਾਰੀ ਸੈੱਲ ਬਣਾ ਲੈਂਦਾ ਹੈ। ਇਹ ਯਾਦਗਾਰੀ ਸੈੱਲ ਬਾਅਦ ਵਿੱਚ ਕੰਮ ਆਉਂਦੇ ਹਨ ਜਦੋਂ ਕਦੇ ਉਹੋ ਕੀਟਾਣੂ ਮੁੜ ਆਵੇ ਤਾਂ ਇਹ ਪਛਾਣ ਕੇ ਲੜਦੇ ਹਨ।

ਇਹ ਸੀ ਇਮਿਊਨਿਟੀ ਯਾਨਿ ਵਿਰੋਧ ਦੀ ਤਾਕਤ ਬਾਰੇ ਆਮ ਜਾਣ ਪਛਾਣ। ਇਮਿਊਨਿਟੀ ਬਾਰੇ ਬੜਾ ਹੀ ਦਿਲਚਸਪ ਮਾਮਲਾ ਇਹ ਹੈ ਕਿ ਜਿਹੜੇ ਕਬਾਇਲੀ ਲੋਕ ਹਨ ਉਹ ਸਾਡੇ ਮੁਕਾਬਲੇ ਕਮਜ਼ੋਰ ਇਮਿਊਨਿਟੀ ਵਾਲੇ ਹੋਣਗੇ। ਕਮਜ਼ੋਰ ਉਹ ਇਸ ਲਈ ਰਹਿ ਗਏ ਕਿਉਂਕਿ ਆਪਣਾ ਵਾਹ ਜਿਆਦਾ ਤਰ੍ਹਾਂ ਦੇ ਕੀਟਾਣੂਆਂ ਨਾਲ ਪੈਂਦਾ ਹੈ ਤੇ ਆਪਾਂ ਤਰ੍ਹਾਂ ਤਰ੍ਹਾਂ ਦੇ ਟੀਕੇ ਲਵਾ ਰੱਖੇ ਹਨ ਇਸ ਲਈ ਆਪਣੇ ਅੰਦਰ ਵਿਰੋਧ ਤਾਕਤ(ਇਮਿਊਨਿਟੀ) ਜਿਆਦਾ ਮਜ਼ਬੂਤ ਹੈ। ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਕਬੀਲੇ ਦਾ ਮਾਮਲਾ ਸਾਡੇ ਸਾਹਮਣੇ ਹੈ। ਉਹ ਆਪਣੇ ਕਬੀਲੇ ਅੰਦਰ ਕਿਸੇ ਵੀ ਓਪਰੇ ਇਨਸਾਨ ਦਾ ਦਾਖਲਾ ਸਵਿਕਾਰ ਨਹੀਂ ਕਰਦੇ, ਉਹ ਜਾਣਦੇ ਹਨ ਕਿ ਬਾਹਰੀ ਲੋਕਾਂ ਦਾ ਆਉਣਾ ਉਹਨਾਂ ਲਈ ਮੌਤ ਦਾ ਕਾਰਨ ਬਣ ਸਕਦਾ ਹੈ। ਸਾਡੇ ਕਈ ਤਰ੍ਹਾਂ ਦੇ ਟੀਕੇ ਲੱਗਣ ਕਾਰਨ ਸਾਡੀ ਹਾਸਲ ਵਿਰੋਧ ਤਾਕਤ ਇੰਨੀ ਜਿਆਦਾ ਹੈ ਕਿ ਅਸੀਂ ਆਪਣੇ ਨਾਲ ਜੇ ਕੋਈ ਕੀਟਾਣੂ ਲੈ ਕੇ ਚੱਲੀਏ ਤਾਂ ਸਾਨੂੰ ਪਤਾ ਵੀ ਨਾ ਚੱਲੇ ਪਰ ਉਹ ਕੀਟਾਣੂ ਜਦ ਕਬੀਲਾਈ ਲੋਕਾਂ ਦੇ ਸੰਪਰਕ ਵਿੱਚ ਆਉਣਗੇ ਤਾਂ ਸਾਨੂੰ ਆਮ ਛਿੱਕ, ਜੁਖ਼ਾਮ ਕਰਨ ਵਾਲੇ ਕੀਟਾਣੂ ਉਹਨਾਂ ਨੂੰ ਮਾਰ ਵੀ ਸਕਦੇ ਹਨ।

ਤੇ ਹੁਣ ਤੱਕ ਆਪਾਂ ਵੇਖ ਹੀ ਲਿਆ ਵਿਰੋਧ ਤਾਕਤ ਕੀ ਹੁੰਦੀ ਹੈ,  ਜਨਮਜ਼ਾਤ ਵਿਰੋਧ ਤਾਕਤ ਆਪਾਂ ਲੈ ਕੇ ਪੈਦਾ ਹੋਏ ਤੇ ਹਾਸਿਲ ਕੀਤੀ ਵਿਰੋਧ ਤਾਕਤ ਸਾਡੇ ਆਲੇ-ਦੁਆਲੇ ਨੇ ਸਾਨੂੰ ਦਿੱਤੀ। ਤਾਂ ਫੇਰ ਇਹ ਬਣੀ ਬਣਾਈ ਇਮਿਊਨਿਟੀ ਡੱਬੀਆਂ 'ਚ ਜਾਂ ਪੁੜੀਆਂ 'ਚ ਬੰਨ੍ਹ ਕੇ ਕੋਈ ਕਿਵੇਂ ਦੇ ਸਕਦਾ ਹੈ? ਸਾਡੇ ਆਮ ਵਿਗਿਆਨ ਬਾਰੇ ਜਾਣਕਾਰੀ ਬਹੁਤ ਘੱਟ ਹੁੰਦੀ ਹੈ। ਇਹ ਵੇਚਣ ਵਾਲੇ ਨੂੰ ਵੀ ਨਹੀਂ ਹੁੰਦੀ ਉਹ ਵੀ ਉੱਘ ਦੀਆਂ ਪਤਾਲਾਂ 'ਚੋਂ ਕੋਈ ਦੋ ਚਾਰ ਭਾਰੇ ਜਿਹੇ ਸ਼ਬਦ ਲਿਆ ਗਾਹਕਾਂ ਨੂੰ ਭਰਮਾ ਲੈਂਦੇ ਨੇ ਜਿਵੇਂ ਹੁਣ ਇਮਿਊਨਿਟੀ ਇਮਿਊਨਿਟੀ ਕਹਿ ਭਰਮਾ ਰਹੇ ਹਨ। ਇਮਿਊਨਿਟੀ ਬਹੁਤ ਲੋਕਾਂ ਨੂੰ ਪਤਾ ਨਹੀ ਕਰਕੇ ਉਹ ਇਹ ਲੁੱਟ ਦਾ ਸ਼ਿਕਾਰ ਵੀ ਹੋ ਰਹੇ ਹਨ। ਆਮ ਤੰਦਰੁਸਤ ਇਨਸਾਨ ਨੂੰ ਵਿਰੋਧ ਤਾਕਤ ਵਧਾਉਣ ਦੇ ਨਾਮ ਤੇ ਇੰਝ ਦੀ ਕੋਈ ਦਵਾਈ ਲੈਣੀ ਹੀ ਨਹੀਂ ਚਾਹੀਦੀ ਵਿਰੋਧ ਤਾਕਤ ਨੂੰ ਵਧਾਉਣ ਲਈ ਗੁਰਦੇ ਵਿੱਚੋਂ ਸੈੱਲ ਪੈਦਾ ਹੁੰਦੇ ਹਨ ਸਾਡੇ ਸਰੀਰ ਦੀ ਸਿਹਤ ਨਾਲ ਹੀ ਸਾਡੀ ਵਿਰੋਧ ਤਾਕਤ ਜੁੜੀ ਹੋਈ ਹੈ ਇੱਕ ਆਮ ਭਾਰਤੀ ਦੀ ਖੁਰਾਕ ਵਿੱਚ ਹਲਦੀ, ਅਦਰਕ, ਲਸਣ ਆਦਿ ਬਹੁਤ ਆਮ ਹੈ ਤੇ ਇਹ ਸਭ ਵਿਰੋਧ ਤਾਕਤ ਵਧਾਉਣ ਵਿੱਚ ਬਹੁਤ ਗੁਣਕਾਰੀ ਹੈ। ਆਪਣੀ ਰੋਜ਼ਮਰ੍ਹਾ ਜ਼ਿੰਦਗੀ ਵਿੱਚ ਸਿਹਤਮੰਦ ਖਾਣ ਪੀਣ ਤੇ ਕਸਰਤ ਨੂੰ ਲਗਾਤਾਰ ਕਰੋ ਇਹੋ ਵਿਰੋਧ ਤਾਕਤ ਨੂੰ ਵਧਾਉਂਦੇ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।