ਗੁਰਦੁਆਰਾ ਬੰਗਲਾ ਸਾਹਿਬ ’ਚ ਗੁਰਪੁਰਬ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ ਸ਼ੁਰੂ

ਗੁਰਦੁਆਰਾ ਬੰਗਲਾ ਸਾਹਿਬ ’ਚ ਗੁਰਪੁਰਬ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ ਸ਼ੁਰੂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 9 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਸਰੋਵਰ ਦੇ ਕੰਢੇ ’ਤੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ ਸ਼ੁਰੂ ਕੀਤੀ ਗਈ। ਇਹ ਪ੍ਰਦਰਸ਼ਨੀ 18 ਨਵੰਬਰ ਤੱਕ ਚੱਲੇਗੀ। ਗੁਰਦੁਆਰਾ ਸਾਹਿਬ ਵਿਚ ਅਰਦਾਸ ਕਰ ਕੇ ਪ੍ਰਦਰਸ਼ਨੀ ਆਰੰਭ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਰਤ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਇਹ ਪ੍ਰਦਰਸ਼ਨੀ ਗੁਰਦੁਆਰਾ ਬੰਗਲਾ ਸਾਹਿਬ ਵਿਚ ਲਗਾਈ ਜਾਂਦੀ ਹੈ। ਇਸ ਵਾਰ ਕਮੇਟੀ ਨੇ ਭਾਈ ਵੀਰ ਸਿੰਘ ਸਾਹਿਤ ਸਦਨ ਨਾਲ ਮਿਲਕੇ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਹੈਂ ਜਿਸ ਵਿਚ ਗੁਰੂ ਸਾਹਿਬਾਨ ਦੇ ਸਮੇਂ ਦੇ ਇਤਿਹਾਸ ਨਾਲ ਸੰਬੰਧਿਤ ਚਿੱਤਰ ਲਗਾਏ ਗਏ ਹਨ। ਇਸਦੇ ਨਾਲ ਹੀ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਤਰੀਕੇ ਦੇ ਸਟਾਲ ਵੀ ਲਗਾਏ ਜਾਂਦੇ ਹਨ ਜਿਨ੍ਹਾਂ ਵਿਚ ਧਾਰਮਿਕ ਪੁਸਤਕਾਂ ਹੁੰਦੀਆਂ ਹਨ ਜਿਸਦੇ ਦਰਸ਼ਨ ਕਰ ਕੇ ਸੰਗਤਾਂ ਆਪਣਾ ਜੀਵਨ ਸਫਲਾ ਕਰਦੀਆਂ ਹਨ। ਇਸ ਤੋਂ ਇਲਾਵਾ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਨੂੰ ਵਧਾਉਣ ਲਈ ਬਚਿਆ ਨੂੰ ਪ੍ਰੇਰਨ ਦੇ ਲਈ ਪੰਜਾਬੀ ਪ੍ਰਸਾਰ ਕਮੇਟੀ ਨਾਲ ਮਿਲਕੇ ਸਟਾਲ ਲਗਾਇਆ ਗਿਆ ਹੈ ਜਿਸ ਵਿਚ ਖਾਲਸਾ ਸਕੂਲਾਂ ਦੇ ਬੱਚਿਆਂ ਵੱਲੋਂ ਪੇਂਟਿੰਗ ਵੀ ਲਗਾਈ ਗਈ ਅਤੇ ਇਥੇ ਆ ਕੇ ਬੱਚੇ ਧਰਮ ਅਤੇ ਇਤਹਾਸ ਨਾਲ ਸੰਬੰਧਿਤ ਚਿੱਤਰ ਬਣਾ ਕੇ ਇਨਾਮ ਵੀ ਜਿੱਤ ਸਕਦੇ ਹਨ।
ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ 18 ਨਵੰਬਰ ਤੱਕ ਚੱਲਣ ਵਾਲੀ ਪ੍ਰਦਰਸ਼ਨੀ ਦਾ ਉਹ ਲਾਭ ਉਠਾਉਣ ਤੇ ਇਸਨੂੰ ਵੇਖਣ ਵਾਸਤੇ ਜ਼ਰੂਰ ਆਪਣੇ ਪਰਿਵਾਰਾਂ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚਣ। 
ਉਹਨਾਂ ਦੱਸਿਆ ਕਿ ਚਿੱਤਰ ਪ੍ਰਦਰਸ਼ਨੀ ਦੇ ਨਾਲ ਹੀ ਸਿੱਖ ਇਤਿਹਾਸ ਦੀਆਂ ਪੁਸਤਕਾਂ ਵੀ ਇਸ ਪ੍ਰਦਰਸ਼ਨੀ ਤੇ ਸਟਾਲਾਂ ਵਿਚ ਉਪਲਬਧ ਹਨ ਜੋ ਸੰਗਤ ਆਪ ਲੈ ਕੇ ਜਾ ਸਕਦੀ ਹੈ।