ਪਾਕਿਸਤਾਨ ਨਾਲ ਹਵਾਈ ਝੜਪ ਮੌਕੇ ਭਾਰਤੀ ਫੌਜ ਨੇ ਘਬਰਾਹਟ ਵਿੱਚ ਆ ਕੇ ਆਪਣਾ ਹੀ ਹੈਲੀਕਾਪਟਰ ਸੁੱਟ ਲਿਆ ਸੀ

ਪਾਕਿਸਤਾਨ ਨਾਲ ਹਵਾਈ ਝੜਪ ਮੌਕੇ ਭਾਰਤੀ ਫੌਜ ਨੇ ਘਬਰਾਹਟ ਵਿੱਚ ਆ ਕੇ ਆਪਣਾ ਹੀ ਹੈਲੀਕਾਪਟਰ ਸੁੱਟ ਲਿਆ ਸੀ

ਨਵੀਂ ਦਿੱਲੀ: 27 ਫਰਵਰੀ ਨੂੰ ਭਾਰਤੀ ਅਤੇ ਪਾਕਿਸਤਾਨੀ ਫੌਜਾਂ ਦਰਮਿਆਨ ਹੋਈ ਹਵਾਈ ਟੱਕਰ ਵਿੱਚ ਬਣੇ ਮਾਹੌਲ 'ਚ ਭਾਰਤੀ ਫੌਜ ਨੇ ਘਬਰਾਹਟ ਵਿੱਚ ਆ ਕੇ ਆਪਣਾ ਹੀ ਹੈਲੀਕਾਪਟਰ ਸੁੱਟ ਲਿਆ ਸੀ ਜਿਸ ਵਿੱਚ ਸਵਾਰ ਚੇ ਭਾਰਤੀ ਫੌਜੀਆਂ ਅਤੇ ਇੱਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ। ਇਸ ਗੱਲ ਦਾ ਖੁਲਾਸਾ ਇਸ ਹਾਦਸੇ ਦੀ ਜਾਂਚ ਵਿੱਚ ਹੋਇਆ ਹੈ। ਭਾਰਤੀ ਹਵਾਈ ਫੌਜ ਨੇ ਇਸ ਹਾਦਸੇ ਦੌਰਾਨ ਕੁਤਾਹੀ ਵਰਤਣ ਵਾਲੇ ਸ੍ਰੀਨਗਰ ਬੇਸ ਦੇ ਏਅਰ ਆਫਿਸਰ ਕਮਾਂਡਿੰਗ (ਏਓਸੀ) ਨੂੰ ਹਟਾ ਦਿੱਤਾ ਹੈ।

ਰੂਸ ਵਿੱਚ ਬਣੇ ਭਾਰਤੀ ਹਵਾਈ ਫੌਜ ਦੇ ਐਮਆਈ-17 ਹੈਲੀਕਾਪਟਰ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਲੱਗਣ ਕਾਰਨ ਤਬਾਹ ਹੋਇਆ ਸੀ। ਜੰਗੀ ਮਾਹੌਲ ਵਿੱਚ ਭਾਰਤੀ ਫੌਜ ਨੂੰ ਇਹ ਲੱਗਿਆ ਸੀ ਕਿ ਇਹ ਹੈਲੀਕਾਪਟਰ ਪਾਕਿਸਤਾਨ ਦਾ ਹੈ। ਰੂਸ ’ਚ ਬਣਿਆ ਇਹ ਹੈਲੀਕਾਪਟਰ ਸਵੇਰੇ 10.05 ਮਿੰਟ ’ਤੇ ਉਸੇ ਸਮੇਂ ਹਾਦਸਾਗ੍ਰਸਤ ਹੋਇਆ ਜਦੋਂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ’ਚ ਭਾਰਤੀ ਅਤੇ ਪਾਕਿਸਤਾਨੀ ਲੜਾਕੂ ਜਹਾਜ਼ ਇੱਕ ਦੂਜੇ ਨਾਲ ਜੂਝ ਰਹੇ ਸੀ ਅਤੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦਾ ਲੜਾਕੂ ਜਹਾਜ਼ 10.30 ਵਜੇ ਦੇ ਕਰੀਬ ਪਾਕਿਸਤਾਨ ਹਵਾਈ ਫੌਜ ਨੇ ਹੇਠਾਂ ਸੁੱਟ ਦਿੱਤਾ ਸੀ। ਉਸ ਸਮੇਂ ਇਹ ਹਟਾਇਆ ਗਿਆ ਏਓਸੀ ਏਅਰਫੋਰਸ ਬੇਸ ’ਤੇ ਸਭ ਤੋਂ ਸੀਨੀਅਰ ਅਫਸਰ ਵਜੋਂ ਤੈਨਾਤ ਸੀ।

ਹਾਦਸੇ ਬਾਰੇ ਚੱਲ ਰਹੀ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਏਅਰਫੋਰਸ ਟਰੈਫਿਕ ਕੰਟਰੋਲ ਨੇ ਇਸ ਹੈਲੀਕਾਪਟਰ ਨੂੰ ਉਸ ਵੇਲੇ ਵਾਪਸ ਸੱਦਿਆ ਸੀ ਜਦੋਂ ਅਜੇ ਭਾਰਤ ਤੇ ਪਾਕਿਸਤਾਨੀ ਹਵਾਈ ਸੈਨਾ ਵਿਚਾਲੇ ਕਸ਼ਮਕਸ਼ ਚੱਲ ਰਹੀ ਸੀ। ਇਸ ਗੱਲ ਨੂੰ ਵੱਡੀ ਕੁਤਾਹੀ ਮੰਨਿਆ ਜਾ ਰਿਹਾ ਹੈ ਕਿਉਂਕਿ ਹੈਲੀਕਾਪਟਰ ਨੂੰ ਸ੍ਰੀਨਗਰ ਵਾਪਸ ਸੱਦਣ ਦੀ ਥਾਂ ਕਿਸੇ ਸੁਰੱਖਿਅਤ ਥਾਂ ’ਤੇ ਉਤਾਰਨਾ ਚਾਹੀਦਾ ਸੀ। ਸ਼ਨਾਖਤ ਨਾ ਹੋਣ ਕਾਰਨ ਜ਼ਮੀਨ ’ਤੇ ਤਾਇਨਾਤ ਮਿਜ਼ਾਈਲ ਸਿਸਟਮ ਅਤੇ ਹਵਾਈ ਰੱਖਿਆ ਬੰਦੂਕਾਂ ਹੈਲੀਕਾਪਟਰ ’ਤੇ ਦਾਗੀਆਂ ਗਈਆਂ।

ਜਹਾਜ਼ ’ਤੇ ਲੱਗੇ ਉਪਕਰਨ ਜਿਨ੍ਹਾਂ ਰਾਹੀਂ ਏਅਰ ਫੋਰਸ ਦੇ ਅਧਿਕਾਰੀਆਂ ਨੂੰ ਹੈਲੀਕਾਪਟਰ ਬਾਰੇ ਕੋਈ ਜਾਣਕਾਰੀ ਮਿਲਦੀ, ਉਸ ਸਮੇਂ ਬੰਦ ਸਨ, ਜੋ ਕਿ ਪ੍ਰਵਾਨਿਤ ਨੇਮਾਂ ਦੇ ਖ਼ਿਲਾਫ਼ ਹੈ। ਭਾਰਤੀ ਹਵਾਈ ਸੈਨਾ ਵੱਲੋਂ ਜਹਾਜ਼ ’ਤੇ ਲੱਗੇ ਸੁਰੱਖਿਆ ਉਪਕਰਨਾਂ ਨੂੰ ਚਾਲੂ ਰੱਖਣ ਦੀ ਹਦਾਇਤ ਕੀਤੀ ਗਈ ਸੀ, ਪਰ ਸ੍ਰੀਨਗਰ ਏਅਰ ਬੇਸ ਨੇ ਇਸ ਦੇ ਉਲਟ ਹੁਕਮ ਜਾਰੀ ਕੀਤੇ ਸਨ। ਸੂਤਰਾਂ ਅਨੁਸਾਰ ਕੁਤਾਹੀ ਕਰਨ ਵਾਲਿਆਂ ਖ਼ਿਲਾਫ਼ ਹਵਾਈ ਸੈਨਾ ਅਪਰਾਧਿਕ ਦੋਸ਼ਾਂ ਹੇਠ ਕਾਰਵਾਈ ਕਰ ਸਕਦੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ