ਪਿੰਡ ਖੁੰਡੇ ਦਾ ਮਿਸਲ ਕਨ੍ਹੱਈਆ ਕਿਲ੍ਹਾ

ਪਿੰਡ ਖੁੰਡੇ ਦਾ ਮਿਸਲ ਕਨ੍ਹੱਈਆ ਕਿਲ੍ਹਾ

ਇਤਿਹਾਸ 

 ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਕੋਲ ਪਿੰਡ ਖੁੰਡਾ ਵਿੱਚ ਸਿੱਖ ਮਿਸਲਾਂ ਦੇ ਦੌਰ ਦਾ ਇੱਕ ਕਿਲ੍ਹਾ ਅਜੇ ਵੀ ਮੌਜੂਦ ਹੈ, ਜੋ ਆਪਣੀ ਖੂਬਸੂਰਤੀ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਇਹ ਕਿਲ੍ਹਾ ਕਨ੍ਹੱਈਆ ਮਿਸਲ ਦੇ ਖੁੰਡੇ ਵਾਲੇ ਸਰਦਾਰਾਂ ਦਾ ਹੈ, ਜਿਸ ਵਿਚ ਅੱਜ ਵੀ ਉਨ੍ਹਾਂ ਸਰਦਾਰਾਂ ਦੇ ਪਰਿਵਾਰ ਆਬਾਦ ਹਨ। ਇਸ ਕਿਲ੍ਹੇ ਨੂੰ ਇਲਾਕੇ ਵਿੱਚ ਖੁੰਡੇ ਵਾਲੇ ਸਰਦਾਰਾਂ ਦੇ ਕਿਲ੍ਹੇ ਵਜੋਂ ਵੀ ਜਾਣਿਆਂ ਜਾਂਦਾ ਹੈ। ਸਿੱਖ ਇਤਿਹਾਸ ਨਾਲ ਸਬੰਧਤ ਇਸ ਬੇਸ਼ਕੀਮਤੀ ਨਿਸ਼ਾਨੀ ਨੂੰ ਜੇ ਇੰਨੇ ਪਿਆਰ ਤੇ ਖੂਬਸੂਰਤੀ ਨਾਲ ਸਾਂਭਿਆ ਹੈ ਤਾਂ ਉਸ ਵਿੱਚ ਸਭ ਤੋਂ ਵੱਡਾ ਯੋਗਦਾਨ ਖੁੰਡੇ ਵਾਲੇ ਸਰਦਾਰਾਂ ਦੇ ਵਾਰਸਾਂ ਐਡਵੋਕੇਟ ਬਲਜੀਤ ਪਾਲ ਸਿੰਘ ਰੰਧਾਵਾ ਅਤੇ ਕਰਨਲ ਪ੍ਰਜੀਤ ਪਾਲ ਸਿੰਘ ਰੰਧਾਵਾ ਦਾ ਹੈ।

ਖੁੰਡੇਵਾਲੇ ਸਰਦਾਰਾਂ ਦਾ ਸਬੰਧ ਕਨ੍ਹੱਈਆ ਮਿਸਲ ਨਾਲ ਰਿਹਾ ਹੈ। ਜਦੋਂ ਕਨ੍ਹੱਈਆ ਮਿਸਲ ਦਾ ਮਾਝੇ ਦੇ ਵੱਡੇ ਹਿੱਸੇ ਵਿੱਚ ਰਾਜ ਰਿਹਾ, ਉਸ ਸਮੇਂ ਖੁੰਡੇਵਾਲੇ ਸਰਦਾਰਾਂ ਵੱਲੋਂ ਬਟਾਲਾ ਸ਼ਹਿਰ ਵਿੱਚ ਅਤੇ ਆਪਣੇ ਪਿੰਡ ਖੁੰਡੇ ਵਿੱਚ ਦੋ ਕਿਲ੍ਹੇ ਬਣਾਏ ਗਏ ਸਨ।ਖੁੰਡੇਵਾਲੇ ਰੰਧਾਵਾ ਗੋਤ ਦੇ ਸਰਦਾਰਾਂ ਦਾ ਸਬੰਧ ਬੀਕਾਨੇਰ ਦੇ ਰਾਜਪੂਤਾਂ ਨਾਲ ਜੁੜਦਾ ਹੈ। ਕਰੀਬ 700 ਸਾਲ ਪਹਿਲਾਂ ਰੰਧਾਵਾ ਗੋਤ ਦੇ ਇਨ੍ਹਾਂ ਰਾਜਪੂਤਾਂ ਨੇ ਬੀਕਾਨੇਰ ਤੋਂ ਪੰਜਾਬ ਵੱਲ ਹਿਜ਼ਰਤ ਕੀਤੀ ਅਤੇ ਮਾਝੇ ਦੇ ਪਿੰਡਾਂ ਧਰਮਕੋਟ, ਘਣੀਏ ਕੇ ਬਾਂਗਰ, ਚਮਿਆਰੀ, ਡੋਡਾ, ਦੋਰਾਂਗਲਾ, ਤਲਵੰਡੀ, ਕੱਥੂਨੰਗਲ ਅਤੇ ਖੁੰਡਾ ਵਿੱਚ ਆ ਕੇ ਵੱਸ ਗਏ। ਇਨ੍ਹਾਂ ਰੰਧਾਵਿਆਂ ’ਚੋਂ ਖੁੰਡੇਵਾਲੇ ਸਰਦਾਰਾਂ ਨੇ ਮਿਸਲਾਂ ਦੇ ਰਾਜ, ਸਰਕਾਰ-ਏ-ਖਾਲਸਾ ਅਤੇ ਬਾਅਦ ਵਿੱਚ ਅੰਗਰੇਜ਼ ਰਾਜ ਵਿੱਚ ਵੀ ਉੱਚੀਆਂ ਪਦਵੀਆਂ ਹਾਸਲ ਕੀਤੀਆਂ। ਧਾਰੀਵਾਲ ਲਾਗੇ ਪਿੰਡ ਖੁੰਡਾ ਵਿੱਚ ਰਹਿਣ ਕਰਕੇ ਇਸ ਪਿੰਡ ਦੇ ਰੰਧਾਵੇ ਸਰਦਾਰਾਂ ਦਾ ਨਾਮ ਖੁੰਡੇ ਵਾਲੇ ਸਰਦਾਰ ਪੈ ਗਿਆ, ਜੋ ਅੱਜ ਤੱਕ ਜਾਰੀ ਹੈ।

ਖੁੰਡੇਵਾਲੇ ਸਰਦਾਰ ਕਨ੍ਹੱਈਆ ਮਿਸਲ ਨਾਲ ਸਬੰਧਤ ਸਨ ਅਤੇ ਇਨ੍ਹਾਂ ਕੋਲ ਕਨ੍ਹੱਈਆ ਮਿਸਲ ਦੇ ਮੁਖੀ ਜੈ ਸਿੰਘ ਕਨ੍ਹੱਈਆ ਦੀ ਮੌਤ ਤੱਕ ਦੋ ਲੱਖ ਦੀ ਆਮਦਨ ਵਾਲੇ ਇਲਾਕੇ ਕਬਜ਼ੇ ਵਿੱਚ ਸਨ। ਪਰ ਜਦੋਂ ਕਨ੍ਹੱਈਆ ਮਿਸਲ ਦੀ ਕਮਾਨ ਸਰਦਾਰਨੀ ਸਦਾ ਕੌਰ ਹੱਥ ਆ ਗਈ ਤਾਂ ਉਸ ਨੇ ਨੌਸ਼ਿਹਰਾ, ਹਿਯਾਤ ਨਗਰ ਅਤੇ ਕਲੇਰ ਪਿੰਡਾਂ ਦੇ ਇਲਾਕੇ ਖੁੰਡੇਵਾਲੇ ਸਰਦਾਰਾਂ ਕੋਲੋਂ ਵਾਪਸ ਲੈ ਲਏ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਖੁੰਡੇਵਾਲੇ ਸਰਦਾਰ ਪ੍ਰੇਮ ਸਿੰਘ ਦੀ ਸਾਰੀ ਜਗੀਰ ਵਾਪਸ ਲੈ ਲਈ ਅਤੇ ਉਸ ਕੋਲ ਕੇਵਲ 6000 ਆਮਦਨ ਵਾਲੇ 10 ਪਿੰਡ ਹੀ ਰਹਿਣ ਦਿੱਤੇ।

ਇਸ ਤੋਂ ਬਾਅਦ ਸਰਦਾਰ ਪ੍ਰੇਮ ਸਿੰਘ ਖੁੰਡੇਵਾਲਾ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਦੀ ਫ਼ੌਜ ਦੇ ਖਾਸ 10 ਸਵਾਰਾਂ ਵਿੱਚ ਸ਼ਾਮਲ ਹੋ ਗਿਆ। ਉਸ ਨੇ ਮਹਾਰਾਜੇ ਨਾਲ ਕਈ ਜੰਗੀ ਮੁਹਿੰਮਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਮੁਲਤਾਨ ਅਤੇ ਪੇਸ਼ਾਵਰ ਦੀਆਂ ਜੰਗਾਂ ਪ੍ਰਮੁੱਖ ਸਨ। 2 ਨਵੰਬਰ 1824 ਨੂੰ ਜਦੋਂ ਖਾਲਸਾ ਫੌਜਾਂ ਸਿੰਧ ਦਰਿਆ ਪਾਰ ਕਰਨ ਲੱਗੀਆਂ ਤਾਂ ਪ੍ਰੇਮ ਸਿੰਘ ਖੁੰਡੇਵਾਲਾ ਨੇ ਆਖਿਆ ਕਿ ਉਹ ਸਭ ਤੋਂ ਪਹਿਲਾਂ ਦਰਿਆ ਵਿੱਚ ਵੜ ਕੇ ਇਸ ਦੇ ਵਹਾਅ ਤੇ ਡੂੰਘਿਆਈ ਦਾ ਪਤਾ ਲਗਾਵੇਗਾ। ਜਦੋਂ ਪ੍ਰੇਮ ਸਿੰਘ ਘੋੜੇ ਸਮੇਤ ਦਰਿਆ ਵਿੱਚ ਵੜਿਆ ਤਾਂ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਪ੍ਰੇਮ ਸਿੰਘ ਖੁੰਡੇਵਾਲਾ ਦੀ ਬਹਾਦਰੀ ਤੇ ਕੁਰਬਾਨੀ ਦਾ ਸਤਿਕਾਰ ਕਰਦਿਆਂ ਉਸ ਦੇ ਚਾਰ ਪੁੱਤਰਾਂ ਜਵਾਹਰ ਸਿੰਘ, ਹੀਰਾ ਸਿੰਘ, ਜੈਮਲ ਸਿੰਘ ਅਤੇ ਜਸਵੰਤ ਸਿੰਘ ਨੂੰ ਇਨਾਮ ਵਜੋਂ ਜਗੀਰ ਦਿੱਤੀ।

ਸੰਨ 1836 ਵਿੱਚ ਪ੍ਰੇਮ ਸਿੰਘ ਦਾ ਪੁੱਤਰ ਜੈਮਲ ਸਿੰਘ ਆਪਣੇ ਭਰਾ ਜਸਵੰਤ ਸਿੰਘ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਸ਼ਾਮਲ ਹੋ ਗਿਆ। ਮਹਾਰਾਜੇ ਨੇ ਜੈਮਲ ਸਿੰਘ ਨੂੰ ਲਹਿਣਾ ਸਿੰਘ ਮਜੀਠੀਆ ਦੇ ਅਧੀਨ ਰਾਮਗੜ੍ਹੀਆ ਬ੍ਰਿਗੇਡ ਦੀ ਕਮਾਂਡ ਦੇ ਦਿੱਤੀ। ਇਨ੍ਹਾਂ ਦੋਵਾਂ ਭਰਾਵਾਂ ਨੇ ਲਹਿਣਾ ਸਿੰਘ ਮਜੀਠੀਆ ਦੀ ਕਮਾਨ ਹੇਠ 1837 ਈਸਵੀ ਵਿੱਚ ਪੇਸ਼ਾਵਰ ਤੇ ਜਮਰੌਦ ਦੀਆਂ ਜੰਗਾਂ ਵਿੱਚ ਬੜੀ ਬਹਾਦਰੀ ਨਾਲ ਹਿੱਸਾ ਲਿਆ। ਜਸਵੰਤ ਸਿੰਘ ਨੇ ਲਹਿਣਾ ਸਿੰਘ ਮਜੀਠੀਆ ਦੇ ਅਧੀਨ ਪਹਾੜੀ ਖੇਤਰ ਮੰਡੀ ਵਿੱਚ ਵੀ ਆਪਣੀਆਂ ਫ਼ੌਜੀ ਸੇਵਾਵਾਂ ਨਿਭਾਈਆਂ। ਜਸਵੰਤ ਸਿੰਘ ਦੀ ਮੌਤ 1844 ਵਿੱਚ ਹੋ ਗਈ। ਖੁੰਡੇਵਾਲੇ ਸਰਦਾਰਾਂ ਨੇ ਬਾਅਦ ਵਿੱਚ ਆਪਣੀ ਜਗੀਰ ਤੇ ਜਾਇਦਾਦ ਆਪਸ ਵਿੱਚ ਵੰਡ ਲਈ।

ਉਧਰ ਸਰਦਾਰ ਜੈਮਲ ਸਿੰਘ ਸੰਨ 1847 ਵਿੱਚ ਲਹਿਣਾ ਸਿੰਘ ਮਜੀਠੀਆ ਦੇ ਅਧੀਨ ਅੰਮ੍ਰਿਤਸਰ ਦੇ ਨਾਇਬ ਅਦਾਲਤੀ (ਡਿਪਟੀ ਜੱਜ) ਥਾਪ ਦਿੱਤੇ ਗਏ। ਅੰਗਰੇਜ਼ ਹਕੂਮਤ ਦੌਰਾਨ ਸਰਦਾਰ ਜੈਮਲ ਸਿੰਘ ਨੂੰ ਤਹਿਸੀਲਦਾਰ ਬਟਾਲਾ ਲਗਾਇਆ ਗਿਆ। ਸਰਦਾਰ ਜੈਮਲ ਸਿੰਘ ਕੋਲ ਜੇਲ੍ਹ, ਸਕੂਲ ਅਤੇ ਉਦਯੋਗਾਂ ਦਾ ਚਾਰਜ ਵੀ ਰਿਹਾ। ਜੈਮਲ ਸਿੰਘ ਖੁੰਡਾ ਧਾਰੀਵਾਲ ਨੇੜੇ ਆਪਣੇ ਪਿੰਡ ਖੁੰਡਾ ਵਿੱਚ ਕਈ ਸਾਲ ਕਚਿਹਰੀ ਵੀ ਲਗਾਉਂਦਾ ਰਿਹਾ। ਉਸ ਕਚਿਹਰੀ ਦੀ ਇਮਾਰਤ ਅੱਜ ਕਨ੍ਹੱਈਆ ਕਿਲ੍ਹੇ ਦੇ ਨਾਲ ਮੌਜੂਦ ਹੈ।ਪਿੰਡ ਖੁੰਡਾ ਵਿੱਚ ਮਿਸਲ ਕਨ੍ਹੱਈਆ ਦਾ ਇਹ ਕਿਲ੍ਹਾ ਪਿੰਡ ਦੀ ਸਭ ਤੋਂ ਉੱਚੀ ਥਾਂ ’ਤੇ ਹੈ, ਜੋ ਫ਼ੌਜੀ ਨੁਕਤੇ ਨਿਗਾਹ ਤੋਂ ਬਹੁਤ ਅਹਿਮ ਹੈ। ਕਿਲ੍ਹੇ ਦੇ ਉੱਪਰ ਚੜ੍ਹ ਕੇ ਦੂਰ-ਦੂਰ ਤੱਕ ਦੇ ਇਲਾਕੇ ’ਤੇ ਨਜ਼ਰ ਰੱਖੀ ਜਾ ਸਕਦੀ ਹੈ। ਇਹ ਕਿਲ੍ਹਾ ਸਿੱਖ ਆਰਕੀਟੈਕਟ ਦਾ ਖੂਬਸੂਰਤ ਨਮੂਨਾ ਹੈ ਅਤੇ ਇਸ ਦੀ ਬਣਤਰ ਬਾ-ਕਮਾਲ ਹੈ। ਕਿਲ੍ਹੇ ਦੇ ਕਰੀਬ 45 ਕਮਰੇ ਹਨ। ਇਸ ਤੋਂ ਇਲਾਵਾ ਕੁਝ ਜ਼ਮੀਨਦੋਜ਼ ਕਮਰੇ ਵੀ ਹਨ। ਕਿਲ੍ਹੇ ਦੇ ਵਾਰਸ ਜੋ ਅੱਜ ਤੱਕ ਵੀ ਇਸ ਕਿਲ੍ਹੇ ਵਿੱਚ ਰਹਿੰਦੇ ਹਨ, ਉਨ੍ਹਾਂ ਵੱਲੋਂ ਪੁਰਾਤਨ ਸਮਾਨ ਵੀ ਸੰਭਾਲ ਕੇ ਰੱਖਿਆ ਗਿਆ ਹੈ।

ਖੁੰਡੇ ਵਾਲੇ ਸਰਦਾਰਾਂ ਦੇ ਵਾਰਸ ਐਡਵੋਕੇਟ ਬਲਜੀਤ ਪਾਲ ਸਿੰਘ ਰੰਧਾਵਾ ਅਤੇ ਕਰਨਲ ਪ੍ਰਜੀਤ ਪਾਲ ਸਿੰਘ ਰੰਧਾਵਾ ਆਪਣੇ ਬਜ਼ੁਰਗਾਂ ਦੀ ਬਹਾਦਰੀ ’ਤੇ ਮਾਣ ਕਰਦੇ ਹੋਏ ਕਹਿੰਦੇ ਹਨ, ‘‘ਇਹ ਕਿਲ੍ਹਾ ਹੀ ਅਸਲ ਵਿੱਚ ਸਾਡੀ ਕੌਮੀ ਵਿਰਾਸਤ ਹੈ। ਸਾਡੇ ਬਜ਼ੁਰਗਾਂ ਨੇ ਕਿਵੇਂ ਆਪਣੀ ਬਹਾਦਰੀ ਤੇ ਕੁਰਬਾਨੀਆਂ ਨਾਲ ਵਿਸ਼ਾਲ ਸਿੱਖ ਰਾਜ ਕਾਇਮ ਕਰਨ ਵਿੱਚ ਆਪਣਾ ਯੋਗਦਾਨ ਪਾਇਆ, ਉਸ ਉਪਰ ਸਾਨੂੰ ਮਾਣ ਹੈ।’’ ਕਰਨਲ ਪ੍ਰਜੀਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਵਿਰਾਸਤ ਹਮੇਸ਼ਾਂ ਕਾਇਮ ਰਹੇ।

 

ਇੰਦਰਜੀਤ ਸਿੰਘ ਹਰਪੁਰਾ