ਬਾਠਾਂਵਾਲਾ ਪਿੰਡ 'ਚ ਸਥਿਤ ਗੁਰੂ ਨਾਨਕ ਮਹਿਲ ਦੀ ਭੰਨਤੋੜ ਕਰਕੇ ਕੀਮਤੀ ਸਮਾਨ ਵੇਚਿਆ

ਬਾਠਾਂਵਾਲਾ ਪਿੰਡ 'ਚ ਸਥਿਤ ਗੁਰੂ ਨਾਨਕ ਮਹਿਲ ਦੀ ਭੰਨਤੋੜ ਕਰਕੇ ਕੀਮਤੀ ਸਮਾਨ ਵੇਚਿਆ
ਗੁਰੂ ਨਾਨਕ ਮਹਿਲ ਦੇ ਭੰਨਤੋੜ ਮਗਰੋਂ ਹਾਲਾਤ

ਇਸ ਖ਼ਬਰ ਸਬੰਧੀ ਨਵੀਂ ਜਾਣਕਾਰੀ ਨੂੰ ਇਸ ਲਿੰਕ 'ਤੇ ਜਾ ਕੇ ਪੜ੍ਹੋ: 
ਬਾਠਾਂਵਾਲਾ ਵਿੱਚ ਢਾਹੀ ਗਈ ਹਵੇਲੀ ਦਾ ਸਬੰਧ ਗਰੂ ਨਾਨਕ ਪਾਤਸ਼ਾਹ ਨਾਲ ਨਹੀਂ, ਸਿੱਖ ਮਹਾਰਾਜਾ ਰਣਜੀਤ ਸਿੰਘ ਨਾਲ ਹੈ

ਨਾਰੋਵਾਲ: ਲਹਿੰਦੇ ਪੰਜਾਬ ਦੇ ਨਾਰੋਵਾਲ ਵਿੱਚ ਸਥਿਤ ਗੁਰੂ ਨਾਨਕ ਸਾਹਿਬ ਨਾਲ ਸਬੰਧਿਤ ਇਤਿਹਾਸਕ ਇਮਾਰਤ 'ਤੇ ਕੁੱਝ ਸਥਾਨਕ ਲੁਟੇਰੇ ਲੋਕਾਂ ਵੱਲੋਂ ਕਬਜ਼ਾ ਕਰਕੇ ਤੋੜ ਭਮਨ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਇਮਾਰਤ ਵਿੱਚ ਲੱਗੇ ਦਰਵਾਜ਼ੇ, ਤਾਕੀਆਂ ਨੂੰ ਇਹਨਾਂ ਲੋਕਾਂ ਨੇ ਇੱਥੋਂ ਪੁੱਟ ਵੇਚ ਦਿੱਤਾ ਹੈ। ਸਥਾਨਕ ਵਸਨੀਕਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਇਤਿਹਾਸਕ ਇਮਾਰਤ ਦੀ ਭੰਨਤੋੜ ਦਾ ਤੁਰੰਤ ਨੋਟਿਸ ਲੈਂਦਿਆਂ ਜ਼ਿੰਮੇਵਾਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਨਾਰੋਵਾਲ ਜ਼ਿਲ੍ਹੇ ਵਿਚ ਸ਼ਹਿਰ ਤੋਂ 20 ਕਿਲੋਮੀਟਰ ਦੂਰ ਲਾਹੌਰ ਸੜਕ 'ਤੇ ਪੈਂਦੇ ਪਿੰਡ ਬਾਠਾਂਵਾਲਾ ਵਿੱਚ ਸਥਿਤ ਇਸ ਇਮਾਰਤ ਨੂੰ 400 ਸਾਲ ਪੁਰਾਣੀ ਦੱਸਿਆ ਜਾ ਰਿਹਾ ਹੈ। ਇਸ ਇਮਾਰਤ ਵਿੱਚ ਇੱਟਾਂ, ਮਿੱਟੀ ਤੇ ਚੂਨਾ ਪੱਥਰ ਨੂੰ ਵਰਤਿਆ ਗਿਆ ਹੈ, ਜਿਸ ਅੰਦਰ 16 ਵੱਡੇ ਕਮਰੇ ਹਨ। ਹਰ ਕਮਰੇ ਨੂੰ ਤਿੰਨ ਸੁੰਦਰ ਦਰਵਾਜ਼ੇ ਅਤੇ ਘੱਟੋ-ਘੱਟ ਚਾਰ ਬਾਰੀਆਂ ਲੱਗੀਆਂ ਸਨ। 

ਕਮਰਿਆਂ ਦੀਆਂ ਚੌੜੀਆਂ ਕੰਧਾਂ ਵਿੱਚ ਕਨਸਾਂ ਬਣੀਆਂ ਸਨ ਜਿਹਨਾਂ ਨੂੰ ਲੱਗੀਆਂ ਤਾਕੀਆਂ 'ਤੇ ਸੁੰਦਰ ਮੀਨਾਕਾਰੀ ਦਾ ਕੰਮ ਕੀਤਾ ਗਿਆ ਸੀ। ਇਸ ਇਮਾਰਤ ਦੀਆਂ ਛੱਤਾਂ 'ਤੇ ਦਿਆਰ ਦੀ ਲੱਕੜੀ ਦੇ ਬਾਲੇ ਪਾਏ ਗਏ ਸਨ ਜਿਹਨਾਂ ਦੀ ਅੱਜ ਵੀ ਬਹੁਤ ਕੀਮਤ ਹੈ। 

ਰਿਪੋਰਟ ਮੁਤਾਬਿਕ ਇਸ ਇਮਾਰਤ ਦੇ ਕਮਰਿਆਂ ਦੀਆਂ ਕੰਧਾਂ 'ਤੇ ਗੁਰੂ ਨਾਨਕ ਪਾਤਸ਼ਾਹ ਨੂੰ ਦਰਸਾਉਂਦੇ ਚਿੱਤਰਾਂ ਸਮੇਤ ਕਈ ਹਿੰਦੂ ਰਾਜੇ ਰਾਣੀਆਂ ਦੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਹਨ।

ਮੋਹੱਮਦ ਅਸਲਮ ਨਾਮੀਂ ਸਥਾਨਕ ਵਸਨੀਕ ਨੇ ਦੱਸਿਆ ਕਿ ਇਸ ਇਮਾਰਤ ਨੂੰ ਲੋਕ ਬਾਬਾ ਗੁਰੂ ਨਾਨਕ ਦਾ ਮਹਿਲ ਜਾਂ ਮਹਿਲਾਂ ਕਰਕੇ ਜਾਣਦੇ ਹਨ। ਉਹਨਾਂ ਦੱਸਿਆ ਕਿ ਦੁਨੀਆ ਭਰ ਤੋਂ ਸਿੱਖ ਇਸ ਇਮਾਰਤ ਨੂੰ ਦੇਖਣ ਆਉਂਦੇ ਹਨ। 

ਇੱਕ ਹੋਰ ਸਥਾਨਕ ਵਸਨੀਕ ਮੋਹੱਮਦ ਅਸ਼ਰਫ ਨੇ ਕਿਹਾ ਕਿ ਵਕਫ ਬੋਰਡ ਨੂੰ ਇਸ ਇਮਾਰਤ ਨਾਲ ਕੀਤੀ ਗਈ ਤੋੜਭੰਨ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਪਰ ਕਿਸੇ ਵੀ ਅਫਸਰ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਕੋਈ ਇੱਥੇ ਆਇਆ।

ਉਹਨਾਂ ਕਿਹਾ ਕਿ ਇਮਾਰਤ ਦੀਆਂ ਤਿੰਨ ਮੰਜ਼ਿਲਾਂ ਲਗਭਗ ਢਾਹ ਦਿੱਤੀਆਂ ਗਈਆਂ ਹਨ ਤੇ ਨਵੇਂ ਘਰ ਬਣਾ ਲਏ ਗਏ ਹਨ। ਉਹਨਾਂ ਦੋਸ਼ ਲਾਇਆ ਕਿ ਵਕਫ ਬੋਰਡ ਦੀ ਸ਼ਹਿ ਪ੍ਰਾਪਤ ਕੁੱਝ ਰਸੂਖਦਾਰ ਬੰਦਿਆਂ ਨੇ ਇਹ ਕੰਮ ਕੀਤਾ ਹੈ ਤੇ ਇਸ ਇਮਾਰਤ ਦੇ ਦਰਵਾਜ਼ੇ, ਤਾਕੀਆਂ, ਲੱਕੜ ਨੂੰ ਵੇਚ ਦਿੱਤਾ ਹੈ।

"ਡਾਅਨ" ਅਖਬਾਰ ਵੱਲੋਂ ਇਸ ਖਬਰ ਨੂੰ ਛਾਪਣ ਵਾਲੇ ਪੱਤਰਕਾਰ ਨੇ ਜਦੋਂ ਸਥਾਨਕ ਅਫਸਰਾਂ ਤੋਂ ਇਸ ਇਮਾਰਤ ਦੀ ਮਾਲਕੀ ਜਾਂ ਇਸ ਇਮਾਰਤ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸਬੰਧੀ ਜਾਣਨਾ ਚਾਹਿਆ ਤਾਂ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਈ। 

ਇਸ ਇਮਾਰਤ ਵਿੱਚ ਮੋਜੂਦਾ ਸਮੇਂ ਰਹਿ ਰਹੇ ਪਰਿਵਾਰ ਨਾਲ ਸਬੰਧਿਤ ਅਤੇ ਇਸ ਇਮਾਰਤ 'ਤੇ ਮਾਲਕੀ ਦਾ ਦਾਅਵਾ ਕਰਨ ਵਾਲੇ ਮੋਹੱਮਦ ਅਨਵਰ ਨੇ ਕਿਹਾ ਕਿ ਪੰਜਾਬ ਦੀ ਵੰਡ ਮਗਰੋਂ ਉਹਨਾਂ ਦੇ ਬਜ਼ੁਰਗ ਇਸ ਇਮਾਰਤ ਵਿੱਚ ਰਹਿਣ ਲੱਗ ਪਏ ਸਨ, ਜਿੱਥੇ ਉਹਨਾਂ ਦਾ ਪਰਿਵਾਰ ਹੁਣ ਤੱਕ ਰਹਿ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਸ ਦੀ ਮਾਲਕੀ ਕਿਸ ਕੋਲ ਹੈ ਪਰ ਅਸੀਂ ਬਹੁਤ ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਤੇ ਇਮਾਰਤ ਦੀ ਹਾਲਤ ਖਸਤਾ ਹੋ ਚੁੱਕੀ ਸੀ ਇਸ ਲਈ ਸਾਨੂੰ ਇਸ ਦੀ ਤੋੜ ਭੰਨ ਕਰਨੀ ਪਈ।

ਨਾਰੋਵਾਲ ਦੇ ਜ਼ਿਲ੍ਹਾ ਕਮਿਸ਼ਨਰ ਵਾਹੀਦ ਅਸਗ੍ਹਰ ਨੇ ਕਿਹਾ ਕਿ ਮਾਲ ਵਿਭਾਗ ਦੇ ਦਸਤਾਵੇਜਾਂ ਵਿੱਚ ਇਸ ਇਮਾਰਤ ਬਾਰੇ ਕੋਈ ਜ਼ਿਕਰ ਨਹੀਂ ਹੈ। ਉਹਨਾਂ ਕਿਹਾ ਕਿ ਉਹ ਮਿਉਂਸੀਪਲ ਕਮੇਟੀ ਦੇ ਦਸਤਾਵੇਜਾਂ ਵਿੱਚੋਂ ਇਸ ਦਾ ਰਿਕਾਰਡ ਲੱਭਣ ਦੀ ਕੋਸ਼ਿਸ਼ ਕਰਨਗੇ। 

ਉਹਨਾਂ ਕਿਹਾ ਕਿ ਉਹਨਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਮਾਰਤ ਦੀ ਹੋਰ ਭੰਨ ਤੋੜ 'ਤੇ ਰੋਕ ਲਗਾ ਦਿੱਤੀ ਹੈ।

ਵਕਫ ਬੋਰਡ ਸਿਆਲਕੋਟ ਜ਼ੋਨ ਦੇ ਕਿਰਾਇਆ ਉਗਰਾਹੁਣ ਵਾਲੇ ਅਫਸਰ ਰਾਣਾ ਵਾਹੀਦ ਨੇ ਕਿਹਾ ਕਿ ਉਹਨਾਂ ਦੀ ਟੀਮ ਗੁਰੂ ਨਾਨਕ ਮਹਿਲ ਬਾਠਾਂਵਾਲਾ ਦੀ ਜਾਂਚ ਕਰ ਰਹੀ ਹੈ ਤੇ ਜੇ ਇਸ ਜਾਇਦਾਦ ਵਕਫ ਬੋਰਡ ਦੀ ਨਿੱਕਲਦੀ ਹੈ ਤਾਂ ਜ਼ਿੰਮੇਵਾਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਵਕਫ ਬੋਰਡ ਦੀ ਕਿਸੇ ਵੀ ਜਾਇਦਾਦ ਦੀ ਬਿਨ੍ਹਾਂ ਪ੍ਰਵਾਨਗੀ ਤੋਂ ਭੰਨ ਤੋੜ ਨਹੀਂ ਕੀਤੀ ਜਾ ਸਕਦੀ ਅਤੇ ਉਸ ਉੱਤੇ ਕੁੱਝ ਨਵਾਂ ਨਹੀਂ ਉਸਾਰਿਆ ਜਾ ਸਕਦਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ