ਸਿੱਖ ਪਿਓ-ਪੁੱਤ ਦੀ ਕੁੱਟਮਾਰ ਮਗਰੋਂ ਮੁਹੱਲਾ ਪੱਧਰ 'ਤੇ ਸੁਰੱਖਿਆ ਕਮੇਟੀਆਂ ਬਣਾਉਣ ਦਾ ਫੈਂਸਲਾ

ਸਿੱਖ ਪਿਓ-ਪੁੱਤ ਦੀ ਕੁੱਟਮਾਰ ਮਗਰੋਂ ਮੁਹੱਲਾ ਪੱਧਰ 'ਤੇ ਸੁਰੱਖਿਆ ਕਮੇਟੀਆਂ ਬਣਾਉਣ ਦਾ ਫੈਂਸਲਾ

ਨਵੀਂ ਦਿੱਲੀ: ਮੁਖਰਜੀ ਨਗਰ ਥਾਣੇ ਨੇੜੇ ਸਿੱਖ ਆਟੋ ਚਾਲਕ ਸਰਬਜੀਤ ਸਿੰਘ ਤੇ ਉਸ ਦੇ ਨਾਬਾਲਗ ਪੁੱਤਰ ਨੂੰ ਕੁੱਟਮਾਰ ਕਰਨ ਦੇ ਮਾਮਲੇ ਵਿਚ ਤੇ ਹੋਰ ਮੁੱਦਿਆਂ ਦੇ ਸਬੰਧੀ ਇਕ ਬੈਠਕ ਸੱਦੀ ਗਈ, ਜਿਸ ਵਿਚ ਵੱਖ-ਵੱਖ ਫਿਰਕਿਆਂ ਤੇ ਸਮਾਜਿਕ ਕਾਰਕੁਨਾਂ ਨੇ ਹਿੱਸਾ ਲਿਆ।

ਹਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਵਕੀਲਾਂ, ਮਨੁੱਖੀ ਅਧਿਕਾਰਾਂ ਦੇ ਰਾਖਿਆਂ ਤੇ ਸਮਾਜਿਕ ਆਗੂਆਂ ਦੀ ਸਾਂਝੀ ਬੈਠਕ ਦੌਰਾਨ ਘੱਟ ਗਿਣਤੀਆਂ, ਦਲਿਤਾਂ ਤੇ ਗਰੀਬਾਂ ਲਈ ਹਾਅ ਦਾ ਨਾਅਰਾ ਲਾਇਆ ਗਿਆ ਤੇ ਉਨ੍ਹਾਂ ਦੀ ਸੁਰੱਖਿਆ ਲਈ ਅਹਿਦ ਲਿਆ ਗਿਆ ਕਿ ਸੱਤਾਧਾਰੀ ਧਿਰਾਂ ਵੱਲੋਂ ਆਮ ਹੀ ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

ਮਨੁੱਖਤਾ ਨੂੰ ਬਚਾਉਣ ਲਈ ਨਾਗਰਿਕ ਸੁਰੱਖਿਆ ਕਮੇਟੀ ਹਰ ਮੁਹੱਲਾ ਪੱਧਰ ’ਤੇ ਬਣਾਉਣ, ਘੱਟ ਗਿਣਤੀਆਂ, ਦਲਿਤਾਂ ਤੇ ਗਰੀਬਾਂ ਉਪਰ ਪੁਲੀਸ ਦੀ ਅਰਾਜਕਤਾ ਦੇ ਵਿਰੋਧ ਵਿਚ ਜੰਤਰ-ਮੰਤਰ ਉਪਰ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਨੂੰ ਸਿੱਖਿਆ, ਧਾਰਮਿਕ ਕਾਰਜਾਂ, ਡਾਕਟਰੀ, ਪ੍ਰਸ਼ਾਸਕੀ ਤੇ ਪੰਥਕ ਮਸਲਿਆਂ ਬਾਰੇ ਦਿੱਲੀ ਦੇ ਸਿੱਖਾਂ ਦੀ ਰਾਇ ਦੇਣ ਬਾਬਤ ਸੰਗਤ ਸਲਾਹਕਾਰ ਫੋਰਮ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਕ ਗ਼ੈਰ-ਸਿਆਸੀ ਸਾਂਝੀ ਐਕਸ਼ਨ ਕਮੇਟੀ ਵੀ ਬਣਾਈ ਜਾਵੇਗੀ। ਬੈਠਕ ਦੌਰਾਨ ਕਈ ਸੰਸਥਾਵਾਂ ਦੇ ਕਾਰਕੁਨ ਸ਼ਾਮਲ ਹੋਏ।

ਉਧਰ ਦਿੱਲੀ ਪੁਲੀਸ ਨੇ ਮੁਖਰਜੀ ਨਗਰ ਵਿਖੇ ਪਿਓ-ਪੁੱਤਰ ਦੀ ਕੁੱਟਮਾਰ ਦੇ ਮਾਮਲੇ ਵਿਚ ਘੱਟ ਗਿਣਤੀ ਕਮਿਸ਼ਨ ਨੂੰ ਪੱਤਰ ਭੇਜ ਕੇ ਆਪਣਾ ਪੱਖ ਰੱਖਿਆ ਹੈ। ਸ਼ਿਕਾਇਤਕਰਤਾ ਸੰਗਤ ਦੇ ਸਾਥੀ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਆਪਣੀ ਕਾਰਵਾਈ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੇ ਜਵਾਬ ਤੋਂ ਉਹ ਸੰਤੁਸ਼ਟ ਨਹੀਂ ਹਨ।