ਕੈਲੀਫੋਰਨੀਆ-ਨੇਵਾਦਾ ਬਾਰਡਰ ਨੇੜੇ ਹੈਲੀਕਾਪਟਰ ਤਬਾਹ, ਪਾਇਲਟ ਸਮੇਤ 6 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਕੈਲੀਫੋਰਨੀਆ-ਨੇਵਾਦਾ ਬਾਰਡਰ ਨੇੜੇ ਹੈਲੀਕਾਪਟਰ ਤਬਾਹ, ਪਾਇਲਟ ਸਮੇਤ 6 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ-ਨੇਵਾਦਾ ਬਾਰਡਰ ਨੇੜੇ ਮੋਜਵ ਜੰਗਲੀ ਖੇਤਰ ਵਿਚ ਇਕ ਹੈਲੀਕਾਪਟਰ ਤਬਾਹ ਹੋ ਜਾਣ ਦੀ ਖਬਰ ਹੈ ਜਿਸ ਵਿਚ ਸਵਾਰ ਪਾਇਲਟ ਸਮੇਤ ਸਾਰੇ 6 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹੈਲੀਕਾਪਟਰ ਨੇ ਪਾਲਮ ਸਪਰਿੰਗਜ ਏਅਰਪੋਰਟ ਤੋਂ ਸ਼ਾਮ 8.45 ਵਜੇ ਬੋਲਡਰ ਸਿਟੀ ,ਨੇਵਾਦਾ ਲਈ ਉਡਾਨ ਭਰੀ ਸੀ ਪਰੰਤੂ ਉਡਾਨ ਦੌਰਾਨ ਹੀ ਪੇਸ਼ ਆਏ ਹਾਦਸੇ ਉਪਰੰਤ ਹੈਲੀਕਾਪਟਰ ਜੰਗਲੀ ਖੇਤਰ ਵਿਚ ਜਾ ਡਿੱਗਾ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ( ਐਫ ਏ ਏ) ਨੇ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ। ਸੈਨ ਬਰਨਾਰਡੀਨੋ ਕਾਊਂਟੀ ਸ਼ੈਰਿਫ ਵਿਭਾਗ ਅਨੁਸਾਰ ਹੈਲੀਕਾਪਟਰ ਵਿਚ ਸਵਾਰ ਕੋਈ ਵੀ ਵਿਅਕਤੀ ਬਚ ਨਹੀਂ ਸਕਿਆ ਹੈ। ਸ਼ੈਰਿਫ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਹੈਲੀਕਾਪਟਰ ਵਿਚ ਕਿੰਨੇ ਵਿਅਕਤੀ ਸਵਾਰ ਸਨ, ਇਸ ਬਾਰੇ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਐਫ ਏ ਏ ਅਨੁਸਾਰ ਹੈਲੀਕਾਪਟਰ ਨਿਪਟਨ, ਕੈਲੀਫੋਰਨੀਆ ਨੇੜੇ ਰਾਤ 10 ਵਜੇ ਦੇ ਆਸਪਾਸ ਤਬਾਹ ਹੋਇਆ ਹੈ। ਇਸ ਹਾਦਸੇ ਦੀ ਜਾਂਚ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕੀਤੀ ਜਾਵੇਗੀ।