ਇਕ ਯਾਦ - ਮੇਰਾ ਮਿਤਰ ਸਾਹਿਤਕਾਰ ਭੂਸ਼ਣ ਧਿਆਨਪੁਰੀ

ਇਕ ਯਾਦ - ਮੇਰਾ ਮਿਤਰ ਸਾਹਿਤਕਾਰ ਭੂਸ਼ਣ ਧਿਆਨਪੁਰੀ

ਡਾ. ਹਰਪਾਲ ਸਿੰਘ ਪੰਨੂ

ਰੋਪੜ ਸ਼ਹਿਰ ਵਿੱਚ ਉਸਦਾ ਘਰ ਸੀ, ਉੱਥੇ ਹੀ ਸਰਕਾਰੀ ਕਾਲਜ ਵਿੱਚ ਅਧਿਆਪਕ। ਕੰਟਰੋਲਰ ਦਾ ਫੋਨ ਮੇਰੇ ਕੋਲ ਆਉਂਦਾ-ਪ੍ਰੀਖਿਆ ਕੇਂਦਰ ਦੀ ਚੈਕਿੰਗ ਵਾਸਤੇ ਜਾਣਾ ਪਵੇਗਾ ਪੰਨੂ ਸਾਹਿਬ। ਕਿੱਧਰ ਭੇਜੀਏ? ਮੈਂ ਆਖ ਦਿੰਦਾ- ਜੀ ਆਨੰਦਪੁਰ ਸਾਹਿਬ ਮੱਥਾ ਟੇਕ ਆਊਂਗਾ, ਨਾਲੇ ਭੂਸ਼ਣ ਨੂੰ ਮਿਲ ਆਊਂਗਾ, ਇਸ ਤਰ੍ਹਾਂ ਡਿਊਟੀ ਵੀ ਹੋ ਜਾਊ। ਭੂਸ਼ਣ ਨੂੰ ਮੈਂ ਫਲਾਇੰਗ ਸਕੂਐਡ ਦੇ ਮੈਂਬਰ ਵਜੋਂ ਟੀਮ ਵਿੱਚ ਪਾ ਲੈਂਦਾ। ਦੋ ਤਿੰਨ ਕਾਲਜ ਚੈੱਕ ਕਰ ਲੈਂਦੇ। ਉਹਦੀਆਂ ਗੱਲਾਂ ਸੁਣਦਾ ਸੁਣਦਾ ਅਕਸਰ ਮੈਂ ਸੋਚਦਾ- ਮੇਰੇ ਕੋਲੋਂ ਇਸ ਤਰ੍ਹਾਂ ਦੀ ਗੱਲ ਕਿਉਂ ਨਹੀਂ ਹੁੰਦੀ? ਉਹ ਨਹੀਂ ਰਿਹਾ, ਚਲੋ ਫੇਰ ਕੀ ਹੋਇਆ, ਉਸਦੀ ਮਹਿਕ ਭਰੀ ਤਾਜ਼ਗੀ ਮੇਰੇ ਆਲੇ ਦੁਆਲੇ ਮੰਡਰਾ ਰਹੀ ਹੈ। ਗੱਲ ਕਰਨ ਦੀ ਹੀ ਨਹੀਂ, ਉਸ ਨੂੰ ਗੱਲ ਸੁਣਨ ਦੀ ਵੀ ਜਾਚ ਸੀ। ਮੈਂ ਉਸ ਨੂੰ ਜਨਮ ਸਾਖੀਆਂ ਸਣਾਉਂਦਾ। ਇੱਕ ਵਾਕ ਆਇਆ- ਭੈਣ ਦਾ ਸੁਨੇਹਾ ਮਿਲਿਆ ਤਾਂ ਮਿਲਣ ਵਾਸਤੇ ਬਾਬਾ ਜੀ ਮੋਦੀਖਾਨੇ ਤੋਂ ਘਰ ਵੱਲ ਤੁਰ ਪਏ। ਰਸਤੇ ਵਿੱਚ ਹੱਟੀ ਆਈ ਤਾਂ ਖਿਆਲ ਆਇਆ- ਭੈਣ ਘਰ ਚੱਲਿਆ ਹਾਂ, ਖਾਲੀ ਨਹੀਂ ਜਾਣਾ ਚਾਹੀਦਾ। ਝੋਲੀ ਵਿੱਚ ਪਤਾਸੇ ਪਵਾਏ। ਚੱਲ ਪਏ।

ਮੈਂ ਪੁੱਛਿਆ- ਭੂਸ਼ਨ ਸਾਹਿਬ, ਅਸੀਂ ਮਲਵਈ ਕਮੀਜ ਦੇ ਅਗਲੇ ਲਮਕਦੇ ਹਿੱਸੇ ਵਿੱਚ ਚੀਜ਼ ਪਵਾਉਣ ਨੂੰ ਝੋਲੀ ਆਖਦੇ ਹਾਂ। ਕੀ ਮਹਾਰਾਜ ਕਮੀਜ ਦੀ ਝੋਲੀ ਵਿੱਚ ਪਤਾਸੇ ਪੁਆ ਕੇ ਗਏ ਸਨ?

ਭੂਸ਼ਣ ਨੇ ਕਿਹਾ- ਨਹੀਂ, ਮੋਢੇ ਉੱਪਰਲੇ ਪਰਨੇ ਵਿੱਚ ਚੀਜ਼/ ਵਸਤ ਪਵਾਈ ਜਾਏ, ਉਹ ਵੀ ਹੀ ਝੋਲੀ ਹੁੰਦੀ ਹੈ। ਭੱਠੀ ਤੇ ਦਾਣੇ ਭੁਨਾਉਣ ਵਾਸਤੇ ਇਹੋ ਪਰਨੇ ਦੀ ਝੋਲੀ ਲਿਜਾਈਦੀ ਹੈ। ਮਾਂ ਸੰਤਾਨ ਦੀ ਸਲਾਮਤੀ ਵਾਸਤੇ ਰੱਬ ਅੱਗੇ ਚੁੰਨੀ ਦਾ ਪੱਲਾ ਅੱਡਦੀ ਹੈ, ਉਹ ਉਸਦੀ ਝੋਲੀ ਹੈ।

ਇੱਕ ਦਿਨ ਦੂਜੀ ਸਾਖੀ ਸੁਣਾਈ। ਪਹਿਲੀ ਉਦਾਸੀ ਬਾਅਦ ਜਦੋਂ ਵਾਪਸ ਸੁਲਤਾਨਪੁਰ ਪਰਤੇ ਤਾਂ ਬੇਬੇ ਨਾਨਕੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ- ਆਪਣਾ ਬਾਬਾ ਤਾਂ ਅਤੀਤ ਪੁਰਖ ਆ। ਭਾਈ ਤੂੰ ਮੇਰੇ ਵਰਗਾ ਈ ਐਂ। ਬਾਬੇ ਨੂੰ ਪੀਣ ਦਾ, ਨਾ ਖਾਣ ਦਾ, ਨਾ ਪਹਿਨਣ ਦਾ ਸ਼ੌਂਕ। ਤੂੰ ਦੱਸ, ਇੱਡੀ ਮੁੱਦਤ ਬਾਹਰ ਬਿਤਾਈ ਆ, ਖਾਣਾ ਕੀ ਐ, ਪੀਣਾ ਕੀ ਐ, ਪਹਿਨਣਾ ਕੀ ਐ? ਮੈਂਨੂੰ ਦੱਸ, ਮੈਂ ਤੇਰੇ ਦਿਲ ਦੀ ਇੱਛਾ ਪੂਰੀ ਕਰਾਂਗੀ! ਭਾਈ ਮਰਦਾਨੇ ਨੇ ਕਿਹਾ- ਜੇ ਮਿਹਰਬਾਨ ਹੋਈ ਹੈ ਭੈਣ ਤਾਂ ਨਵੀਂ ਰਬਾਬ ਖਰੀਦ ਕੇ ਦੇ, ਇਹ ਪੁਰਾਣੀ ਹੋ ਗਈ ਐ, ਮਹਾਰਾਜ ਦੀ ਆਵਾਜ਼ ਦਾ ਸਾਥ ਨੀ ਦਿੰਦੀ ਠੀਕ ਤਰ੍ਹਾਂ।

ਸੁਣ ਕੇ ਭੂਸ਼ਣ ਮੁਸਕਰਾਇਆ, ਕਹਿਣ ਲੱਗਾ- ਪਤਾ ਹੈ ਭਾਈ ਮਰਦਾਨਾ ਜੀ ਦੇ ਇਸ ਵਾਕ ਦਾ ਅਰਥ? ਵੱਡੇ ਮਹਾਂਪੁਰਖ ਗੱਲ ਸਿੱਧੀ ਨਹੀਂ ਕਰਿਆ ਕਰਦੇ ਵੱਡਿਆਂ ਨਾਲ। ਇਸ਼ਾਰਿਆਂ ਨਾਲ ਸਮਝਾ ਦਿੰਦੇ ਹਨ। ਭਾਈ ਮਰਦਾਨਾ ਜੀ ਨੇ ਖਾਣ, ਪੀਣ, ਪਹਿਨਣ ਦੀ ਥਾਂ ਰਬਾਬ ਦੀ ਮੰਗ ਕੀਤੀ। ਬੀਬੀ ਸਮਝ ਗਈ, ਭਾਈ ਮਰਦਾਨਾ ਜੀ ਬਾਬਾ ਜੀ ਵਰਗੇ ਹੋ ਗਏ ਹਨ। ਸਮਝ ਗਈ ਕਿ ਫੇਰ ਇਹ ਜਾਣਗੇ, ਘਰ ਨਹੀਂ ਰਹਿਣਗੇ। ਇਸੇ ਤਰ੍ਹਾਂ ਦੀਆਂ ਗੱਲਾਂ ਕਰਿਆ ਕਰਦੇ ਹਨ ਸੰਸਾਰ ਦੇ ਮਾਲਕ।

ਮੇਰੇ ਘਰ ਆ ਗਏ, ਦੇਰ ਰਾਤ ਤਕ ਗੱਲਾਂ ਹੁੰਦੀਆਂ ਰਹੀਆਂ। ਮੇਰੀ ਬੀਵੀ ਸੌਂ ਕੇ ਜਾਗ ਪਈ। ਕਹਿੰਦੀ- ਸੋਇਆ ਨਹੀਂ ਜਾਂਦਾ ਤੁਹਾਡੇ ਤੋਂ ਹੁਣ? ਭੂਸ਼ਣ ਨੇ ਕਿਹਾ- ਹਲਵਾਈ ਦੇ ਨੌਕਰ ਆਪਸ ਵਿੱਚ ਲੜ ਪਏ। ਇੱਕ ਨੇ ਦੂਜੇ ਉੱਪਰ ਜਲੇਬੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੂਜੇ ਨੇ ਲੱਡੂ ਮਾਰਨੇ ਸ਼ੁਰੂ ਕਰ ਦਿੱਤੇ। ਹਲਵਾਈ ਨੇ ਮਸਾਂ ਹਟਾਏ। ਲੜਾਈ ਨੌਕਰਾਂ ਦੀ, ਤਬਾਹੀ ਮਾਲਕਾਂ ਦੀ। ਠੀਕ ਐ ਭਾਈ! ਆਪਾ ਲੱਡੂ ਜਲੇਬੀਆਂ ਮਾਰਨੋ ਹਟ ਕੇ ਸੌਂ ਜਾਈਏ ਹੁਣ।

ਇੱਕ ਵੇਰ ਭੂਸ਼ਨ ਨੇ ਦੱਸਿਆ- ਮੈਂ ਕਾਲਜ ਦੀ ਡਿਉਟੀ ਕਰਕੇ ਘਰ ਵੱਲ ਆ ਰਿਹਾ ਸਾਂ ਤਾਂ ਤਿੰਨ ਸਿੱਖ ਜਵਾਨ ਪਿੱਛੇ ਪਿੱਛੇ ਤੁਰੇ ਆਉਂਦੇ ਦੇਖੇ। ਦੋ ਤਿੰਨ ਵਾਰ ਗਰਦਣ ਘੁਮਾਈ … ਆ ਰਹੇ ਸਨ। ਮੈਂ ਅੰਦਰ ਲੰਘਿਆ, ਉਹ ਵੀ ਘਰ ਅੰਦਰ ਆ ਗਏ। ਇੱਕ ਨੇ ਕਿਹਾ- ਕੁਝ ਦਿਨ ਰਹਾਂਗੇ ਪ੍ਰੋਫੈਸਰ ਸਾਬ੍ਹ, ਚਿੰਤਾ ਨਾ ਕਰਿਉ! ਬੱਸ ਰਹਿਣਾ ਹੈ, ਜੋ ਸਾਦੀ ਦਾਲ ਰੋਟੀ ਤੁਸੀਂ ਖਾਂਦੇ ਹੋ, ਉਹੀ ਅਸੀਂ ਖਾ ਲਿਆ ਕਰਾਂਗੇ। ਸਾਰਾ ਘਰ ਤਣਾਉ ਵਿੱਚ ਘਿਰ ਗਿਆ। ਲੰਗਰ ਪਾਣੀ ਛਕਾਇਆ। ਆਖਰ ਘਰ ਵਿੱਚ ਮੈਂ ਵੱਡਾ ਸਾਂ, ਸੋ ਚੁੱਪ ਦੀ ਖੜੋਤ ਤੋੜਨੀ ਸੀ, ਰਸਤਾ ਕੱਢਣਾ ਸੀ ਕੋਈ। ਛੱਡਣ ਭਾਵੇਂ ਮਾਰਨ, ਇਹਨਾਂ ਦੀ ਮਰਜ਼ੀ, ਫੇਰ ਵੀ ਗੱਲਬਾਤ ਤਾਂ ਤੋਰੀਏ।

“ਮੈਂ ਉਨ੍ਹਾਂ ਕੋਲ ਜਾ ਕੇ ਬੈਠ ਗਿਆ। ਪੁੱਛਿਆ, ਸਾਡੇ ਘਰ ਚਰਨ ਪਾਏ, ਸੇਵਾ ਮਿਲੀ, ਇਹ ਠੀਕ, ਪਰ ਬਾਬਿਉ ਮੇਰਾ ਘਰ ਹੀ ਤੁਸੀਂ ਕਿਉਂ ਚੁਣਿਆ, ਕੁਝ ਪਤਾ ਲੱਗੇ? ਇੱਕ ਨੇ ਕਿਹਾ- ਜੀ ਮੈਂ ਬੀ.ਏ. ਵਿੱਚ ਤੁਹਾਡੇ ਕੋਲੋਂ ਪੜ੍ਹਿਆ ਹਾਂ ਸਰ। ਮੇਰਾ ਨਾਮ ਇਹ ਹੈ। ਸਾਨੂੰ ਹੋਰ ਕਿਸੇ 'ਤੇ ਇਤਬਾਰ ਨਹੀਂ ਸੀ, ਸੋ ਤੁਹਾਡੇ ਕੋਲ ਆ ਗਏ। ਘਰ ਵਿੱਚ ਸਹਿਜ ਵਰਤ ਗਿਆ। ਮੇਰੇ ਵਿਦਿਆਰਥੀ ਆਏ ਨੇ ਠੀਕ ਐ ਸਭ। ਗੱਲਾਂ ਕਰਦਿਆਂ ਅਗਲੇ ਦਿਨ ਮੈਂ ਪੁੱਛਿਆ- ਖਾਲਿਸਤਾਨ ਤਾਂ ਬਣਨਾ ਈ ਬਣਨਾ ਹੁਣ। ਇੱਕ ਗੱਲ ਦੱਸੋ, ਸਾਰੇ ਹਿੰਦੂਆਂ ਨੂੰ ਮਾਰ ਦਿਉਗੇ ਕਿ ਭੱਜ ਜਾਣ ਦੀ ਵੀ ਆਗਿਆ ਮਿਲੇਗੀ ਕਿਸੇ ਨੂੰ? ਉੱਤਰ ਮਿਲਿਆ- ਨਾ ਮਾਰਾਂਗੇ, ਨਾ ਭੱਜ ਕੇ ਜਾਣ ਦਿਆਂਗੇ। ਖਾਲਿਸਤਾਨ ਵਿੱਚ ਹਿੰਦੂ ਨਾ ਰਹੇ ਤਾਂ ਰਾਜ ਕੀਹਦੇ 'ਤੇ ਕਰਾਂਗੇ ਅਸੀਂ?
××

ਕਵਿਤਾ ਦੀ ਇੱਕ ਟੁਕੜੀ ਜ਼ੁਬਾਨੀ ਯਾਦ ਹੈ। ਮੇਰੇ ਕੋਲ ਕਿਤਾਬ ਪਈ ਹੈ ਉਸਦੀ। ਕਿਤਾਬ ਛੂਹਣ ਨੂੰ ਹਾਲੇ ਦਿਲ ਨਹੀਂ ਕਰਦਾ। ਕੁਝ ਦਿਨ ਲੱਗਣਗੇ, ਫਿਰ ਕਿਤਾਬ ਚੁੱਕਾਂਗਾ।

ਚੋਰੀ ਕਰਦਿਆਂ ਆ ਗਿਆ ਚੋਰ ਕਾਬੂ,
ਕੰਮ ਰੋਜ਼ ਦਾ ਸੀ ਆਖਰ ਫਸਣਾ ਸੀ।

ਫੜ ਕੇ ਫੇਰਿਆ ਪੁਲਿਸ ਨੇ ਖੂਬ ਡੰਡਾ
ਹਵਾਲਾਤ ਵਿੱਚੋਂ ਕਿੱਥੇ ਨੱਸਣਾ ਸੀ।

ਜੇ ਨਾ ਚੋਰ ਦੀ ਚੋਰ ਇਮਦਾਦ ਕਰਦੇ,
ਚੋਰ ਸਾਧ ਬਣਕੇ ਸੁਖੀ ਵਸਣਾ ਸੀ।

ਠਾਣੇਦਾਰ ਸ਼ਿਫਾਰਸ਼ਾਂ ਦੇਖ ਕਹਿੰਦਾ,
ਸਾਨੂੰ ਕਮਲਿਆ ਤੂੰ ਪਹਿਲਾ ਦੱਸਣਾ ਸੀ।

ਭੂਸ਼ਣ ਨੇ ਵਾਰਤਕ ਦੀ ਜੋ ਵਿਧੀ ਚਲਾਈ, ਉਹ ਮੈਂਨੂੰ ਪਸੰਦ ਨਹੀਂ ਆਈ। ਕਵਿਤਾ ਕਵਿਤਾ ਹੈ, ਵਾਰਤਕ ਵਾਰਤਕ। ਫੋਨ 'ਤੇ ਕਦੀ ਗੱਲ ਹੁੰਦੀ, ਉਸਦੀ ਇੱਛਾ ਹੁੰਦੀ ਮੈਂ ਉਸਦੀ ਵਾਰਤਕ ਸ਼ੈਲੀ ਉੱਪਰ ਟਿੱਪਣੀ ਕਰਾਂ। ਜੇ ਮੈਂਨੂੰ ਚੰਗੀ ਲੱਗੀ ਹੁੰਦੀ ਯਕੀਨਨ ਦਾਦ ਦਿੰਦਾ! ਮੈਂ ਉਸ ਵਿੱਚ ਦਰਜ ਘਟਨਾਵਾਂ ਦੀ ਦਾਦ ਦਿੰਦਾ ਹਾਂ। ਹੁਣ ਵੀ ਚੰਗੀਆਂ ਲਗਦੀਆਂ ਹਨ, ਭੂਸ਼ਣ ਹੈ ਈ ਜਦੋਂ ਚੰਗਾ ਸੀ। ਕਈ ਵਾਰ ਗੱਲ ਚੱਲੀ ਕਿ ਉਹ ਮੇਰੀ ਨਿਗਰਾਨੀ ਹੇਠ ਪੀਐੱਚ.ਡੀ. ਕਰੇ। ਮੈਂ ਉਸ ਵਾਸਤੇ ਫਾਰਮ ਖਰੀਦ ਲਿਆ। ਨਿਗਰਾਨੀ ਤਾਂ ਨਾਮ ਮਾਤਰ ਸੀ, ਮੈਂ ਉਸ ਨੂੰ ਕੀ ਸਿਖਾਉਣਾ ਸੀ? ਉਸਨੇ ਫਾਰਮ ਲੈ ਲਿਆ, ਭਰਿਆ ਨਹੀਂ। ਕੰਮ ਸ਼ੁਰੂ ਨਹੀਂ ਕੀਤਾ! ਉਹ ਉਸਤਾਦ, ਮੈਂ ਉਸਦਾ ਪਾਠਕ ਹਾਂ, ਸਰੋਤਾ ਹਾਂ। ਉਸਤਾਦ ਨੂੰ ਪਾਠਕ ਦੀ ਨਿਗਰਾਨੀ ਵਿੱਚ ਕੰਮ ਕਰਨਾ ਮਨਜ਼ੂਰ ਨਹੀਂ, ਜੇ ਰਸਮੀ ਹੈ, ਨਾਮ ਮਾਤਰ ਹੈ, ਤਾਂ ਵੀ ਨਹੀਂ।

ਇੱਕ ਵਾਰ ਉਸਨੇ ਦੱਸਿਆ ਘਰ ਵਿੱਚ ਗਰੀਬੀ ਸੀ। ਦਸਵੀਂ ਕਰ ਲਈ। ਮੈਨੂੰ ਕਾਗਜਾਂ ਉੱਤੇ ਮੂਰਤਾਂ ਵਾਹੁਣ ਦਾ ਸ਼ੌਕ ਸੀ ਜਿਸ ਕਰਕੇ ਅਕਸਰ ਝਿੜਕਾਂ ਪੈਦੀਆਂ। ਪਿਤਾ ਜੀ ਨੇ ਦੇਖਿਆ, ਰਾਜਸਥਾਨ ਤੋਂ ਆਏ ਸ਼ਿਲਪਕਾਰ ਦੀ ਨਿਗਰਾਨੀ ਹੇਠ ਮੰਦਰ ਦੀ ਉਸਾਰੀ ਹੋ ਰਹੀ ਸੀ। ਮੂਰਤੀਆਂ ਤਿਆਰ ਹੋ ਰਹੀਆਂ ਸਨ। ਮੈਂਨੂੰ ਲੈ ਕੇ ਪਿਤਾ ਜੀ ਪਹਿਲਾਂ ਦੁਕਾਨਦਾਰ ਕੋਲ, ਫਿਰ ਉਸਤਾਦ ਕੋਲ ਗਏ। ਦੁਕਾਨਦਾਰ ਤੋਂ ਦਸਤਾਰ, ਸਵਾ ਰੁਪਇਆ ਅਤੇ ਪਤਾਸੇ ਉਧਾਰ ਲਏ। ਮੰਦਰ ਜਾ ਕੇ ਉਸਤਾਦ ਦੇ ਚਰਣ ਛੂਹੇ ਤੇ ਕਿਹਾ- ਬਾਬਾ, ਇਸ ਮੁੰਡੇ ਨੂੰ ਕੰਮ ਸਿਖਾ ਦਿਉ, ਰੋਟੀ ਜੋਗਾ ਹੋ ਜਾਉਗਾ। ਨੌਕਰੀ ਤਾਂ ਕਿਧਰੇ ਮਿਲਣੀ ਨਹੀਂ। ਉਸਤਾਦ ਨੇ ਪੁੱਛਿਆ- ਚਿਤਰਕਾਰੀ ਬਾਰੇ ਜਾਣਦੈਂ ਥੋੜ੍ਹਾ ਬਹੁਤ? ਮੈਂ ਕਿਹਾ ਹਾਂ ਜੀ। ਕਰ ਲੈਨਾ ਚਿਤਰਕਾਰੀ। ਉਸਨੇ ਇੱਕ ਪਿਆਲੀ ਫੜਾਈ ਜਿਸ ਉੱਪਰ ਇੰਚ ਕੁ ਦੀ ਸ਼ਿਵ ਜੀ ਦੀ ਤਸਵੀਰ ਸੀ। ਇੱਕ ਵਰਕਾ 6 ਗੁਣਾ 9 ਇੰਚ ਦਾ ਦਿੱਤਾ, ਗਣੇਸ਼ ਦੀ ਤਸਵੀਰ ਵਾਲਾ, ਇੱਕ ਪੂਰਾ ਕੈਲੰਡਰ ਮਾਤਾ ਰਾਣੀ ਦਾ ਫੜਾ ਕੇ ਕਿਹਾ, ਇਹਨਾਂ ਤਿੰਨਾਂ ਨੂੰ 4 ਗੁਣਾ 6 ਕਰਕੇ ਲਿਆ, ਛੋਟੀ ਵੱਡੀ ਕਰਕੇ, ਵੱਡੀਆਂ ਛੋਟੀਆਂ ਕਰਕੇ। ਦੋ ਦਿਨਾਂ ਬਾਅਦ ਤਸਵੀਰਾਂ ਤਿਆਰ ਕਰਕੇ ਹਰੇਕ ਤਸਵੀਰ ਦੇ ਕੋਨੇ ਹੇਠ ਆਪਣਾ ਨਾਮ ਲਿਖ ਦਿੱਤਾ।

ਉਸਤਾਦ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਦਾਦ ਦਿੱਤੀ। ਫਿਰ ਪੁੱਛਿਆ- ਆਹ ਸ਼ਿਵ ਜੀ ਦੀ ਤਸਵੀਰ ਹੇਠ ਕੀ ਲਿਖਿਆ ਹੈ? ਮੈਂ ਕਿਹਾ-ਜੀ ਲਿਖਿਆ ਜੈ ਸ੍ਰੀ ਭੋਲੇ ਨਾਥ। ਦੂਜੀ ਹੇਠ ਕੀ ਲਿਖਿਆ? ਮੈਂ ਕਿਹਾ- ਜੀ ਲਿਖਿਆ- ਜੈ ਸ੍ਰੀ ਗਣੇਸ਼! ਤੀਜੀ ਹੇਠ- ਜੈ ਮਾਂ ਦੁਰਗਾ।

ਉਸਤਾਦ ਜੀ ਬੋਲੇ, ਮੈਂਨੂੰ ਅਨਪੜ੍ਹ ਨੂੰ ਕੋਈ ਬੋਲੀ ਪੜ੍ਹਨੀ ਨਹੀਂ ਆਉਂਦੀ। ਇਹ ਤਿੰਨੇ ਗੱਲਾਂ ਤੂੰ ਕਿਸ ਬੋਲੀ ਵਿੱਚ ਲਿਖੀਆਂ ਨੇ? ਮੈਂ ਕਿਹਾ- ਜੀ ਪੰਜਾਬੀ ਦੀ ਗੁਰਮੁਖੀ ਲਿਪੀ ਵਿੱਚ। ਉਸਤਾਦ ਨੇ ਕਿਹਾ- ਮੈਂ ਗਜਬ ਦੀ ਦੇਖੀ ਤੇਰੀ ਗੁਰਮੁਖੀ ਲਿਪੀ! ਲਕੀਰਾਂ ਦੇ ਨਿਸ਼ਾਨ, ਤਿੰਨੇ ਥਾਂ ਇੱਕੋ ਜਿਹੇ ਨੇ ਪਰ ਇਹ ਗੱਲਾਂ ਤਿੰਨ ਤਰ੍ਹਾਂ ਦੀਆਂ ਕਰ ਰਹੇ ਨੇ! ਤੂੰ ਮੈਂਨੂੰ ਇਹ ਲਿਪੀ ਸਿਖਾ ਯਾਰ! ਮੈਂ ਤੈਨੂੰ ਆਪਣੀ ਸਾਰੀ ਵਿੱਦਿਆ ਦੇ ਦਿਆਗਾ। ਮੈਂ ਸ਼ਰਮਿੰਦਾ ਹੋਇਆ, ਉਸਤਾਦ ਦੇ ਚਰਨੀ ਹੱਥ ਲਾਏ, ਕਿਹਾ- ਜੀ ਮੈਂ ਝੂਠ ਬੋਲਿਆ ਹੈ ਬਾਬਾ ਜੀ, ਖਿਮਾ ਕਰ ਦਿਉ। ਤਿੰਨੇ ਥਾਈਂ ਇਹ ਤਾਂ ਮੇਰਾ ਨਾਮ ਹੈ। ਉਸਤਾਦ ਹੱਸ ਕੇ ਬੋਲੇ- ਜੇ ਜੀਵਨ ਵਿੱਚ ਕੁਝ ਸਿੱਖਣਾ ਹੈ, ਆਪਣਾ ਨਾਮ ਭੁੱਲ ਜਾ ਪੁੱਤਰ। ਸਭ ਕੁਝ ਸਿੱਖ ਜਾਵੇਂਗਾ, ਜੇ ਆਪਣਾ ਨਾਮ ਭੁੱਲ ਜਾਵੇਂਗਾ। ਜੇ ਆਪਣਾ ਨਾਮ ਯਾਦ ਰੱਖੇਂਗਾ, ਇਸ ਤੋਂ ਬਾਅਦ ਹੋਰ ਕੁਝ ਯਾਦ ਨਹੀਂ ਕਰ ਸਕੇਂਗਾ ਤੂੰ।

ਜਿਨ੍ਹਾਂ ਤੋਂ ਮੈਂਨੂੰ ਕਦੀ ਕਦਾਈਂ ਸ਼ਾਬਾਸ਼ ਮਿਲਦੀ, ਉਹ ਦੋਸਤ ਹੁਣ ਇੱਕ ਇੱਕ ਕਰਕੇ ਜਾਣ ਲੱਗੇ ਹਨ। ਪੰਜਾਬੀ ਪਿਆਰਿਆਂ ਦੀ ਨਜ਼ਰ ਇਸ ਵਕਤ ਟੈਗੋਰ ਦਾ ਗੀਤ ਭੇਟ ਕਰਦਾ ਹਾਂ:

ਮੇਰਾ ਘਰ ਛੋਟਾ ਹੈ ਨਾ ਮਾਲਕ, ਜਿਹੜਾ ਮਹਿਮਾਨ ਚਲਾ ਜਾਂਦਾ ਹੈ, ਮੁੜਕੇ ਨਹੀਂ ਆਉਂਦਾ।
ਤੇਰਾ ਘਰ ਵੱਡਾ, ਤੇਰਾ ਦਿਲ ਵੱਡਾ, ਪਰਤ ਗਏ ਮਹਿਮਾਨਾਂ ਕੋਲ ਆ ਰਿਹਾ ਹਾਂ ਮੈਂ ਵੀ।
ਮੈਂਨੂੰ ਦੁਬਾਰਾ ਇਸ ਤੰਗ ਘਰ ਵਿੱਚ ਨਾ ਭੇਜੀਂ।
××

ਚੰਦਰਮਾ ਦੀਆਂ ਰਿਸ਼ਮਾਂ ਰਾਹੀਂ ਅਸਮਾਨ ਧਰਤੀ ਕੋਲ ਪ੍ਰੇਮ ਪੱਤਰ ਭੇਜਦਾ ਹੈ।
ਘਾਹ ਉੱਪਰ ਤਰੇਲ-ਬੂੰਦਾਂ ਦੇ ਛੱਟੇ ਮਾਰ ਮਾਰ ਧਰਤੀ ਖਤਾਂ ਦਾ ਜਵਾਬ ਦਿੰਦੀ ਹੈ।