"ਬਾਪੂ" ਗੀਤ ਨਾਲ ਇੱਕ ਵਾਰ ਫਿਰ ਚਰਚਾ ਵਿੱਚ ਢਾਡੀ ਰਛਪਾਲ ਸਿੰਘ ਖੁਸ਼ਦਿਲ

ਅੱਜ-ਕੱਲ ਅਯੋਕੀ ਗਾਇਕੀ ਵਿੱਚ ਜੋ ਕੁਝ ਚੱਲ ਰਿਹਾ ਹੈ ਆਪਾ ਸਾਰੇ ਉਸਤੋਂ ਭਲੀ-ਭਾਂਤ ਜਾਣੂ ਹੀ ਹਾਂ ਕਿ ਕਿਵੇਂ ਗੀਤਕਾਰੀ ਅਤੇ ਗਾਇਕੀ ਦੇ ਨਾਮ ਤੇ ਲੱਚਰਤਾ ਪਰੋਸ ਪਰੋਸ ਕੇ ਅਸ਼ਲੀਲ ਵੀਡੀਓ ਰਾਹੀਂ, ਟੀਵੀ ਚੈਨਲਾਂ ਜ਼ਰੀਏ ਸਾਡੇ ਘਰਾਂ ਵਿੱਚ ਪਹੁੰਚਾਈ ਜਾ ਰਹੀ ਹੈ। ਹਥਿਆਰਾਂ, ਗੈਂਗ ਕਲਚਰ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਅਖੌਤੀ ਗਾਇਕ ਸੰਗਾ-ਸ਼ਰਮਾਂ ਦੀਆ ਸਭ ਹੱਦਾਂ ਟੱਪ ਜਾਂਦੇ ਹਨ। ਅਜਿਹੇ ਖਤਰਨਾਕ ਰੁਝਾਨ ਦੌਰਾਨ ਜਦੋਂ ਕਿਤੇ ਕੋਈ ਪਰਿਵਾਰਕ ਰਿਸ਼ਤਿਆਂ ਦੀ ਬਾਤ ਪਾਉਂਦਾ ਮਿਆਰੀ ਗੀਤ ਮਾਰਕੀਟ ਵਿੱਚ ਆਉਦਾ ਹੈ ਤਾਂ ਸਾਡਾ ਸਾਰਿਆਂ ਦਾ ਅਜਿਹੇ ਗੀਤ ਦੀ ਸਪੋਰਟ ਕਰਨ ਦਾ ਨਿੱਜੀ ਫਰਜ਼ ਬਣਦਾ ਹੈ। ਜੀ ਹਾਂ ਮੈ ਗੱਲ ਕਰਨ ਜਾ ਰਿਹਾ ਹਾਂ ਬੁਲੰਦ ਅਵਾਜ਼ ਦੇ ਮਾਲਕ ਢਾਡੀ ਰਛਪਾਲ ਸਿੰਘ ਦੀ ਜਿੰਨਾ ਨੇ ਢਾਡੀ ਕਲਾ ਤੋਂ ਹਟਕੇ ਇੱਕ ਵੱਖਰੇ ਅੰਦਾਜ਼ ਵਿੱਚ ਪੰਜਾਬੀ ਗੀਤ “ਧੁੰਮਾ ਖਾਲਸਾ ਏਡ ਦੀਆਂ ਪੈਂਦੀਆਂ” ਰਾਹੀਂ ਪੰਜਾਬੀ ਗਾਇਕੀ ਦੇ ਵਿਹੜੇ ਦਸਤਕ ਦਿੱਤੀ ਸੀ, ਅਤੇ ਇਸ ਗੀਤ ਨੂੰ ਪੰਜਾਬੀਆਂ ਨੇ ਮਣਾਂ ਮੂੰਹੀ ਪਿਆਰ ਦਿੱਤਾ। ਹੁਣ ਇੱਕ ਵਾਰ ਫੇਰ ਢਾਡੀ ਰਛਪਾਲ ਸਿੰਘ ਆਪਣੇ ਗੀਤ “ਬਾਪੂ” ਰਾਹੀਂ ਚਰਚਾ ਵਿੱਚ ਹੈ।

ਇਹ ਗੀਤ ਸਿੱਖ ਅੰਪਾਇਰ ਕੰਪਨੀ ਦੁਆਰਾ ਰਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਹਰਦੀਪ ਸਿੰਘ ਖਹਿਰਾ ਨੇ ਬਾਕਮਾਲ ਲਿਖੇ ਨੇ। ਇਸ ਗੀਤ ਦਾ ਸੰਗੀਤ ਜੁਆਏ ਅਤੁੱਲ ਬ੍ਰਦ੍ਰਜ਼ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਬੜੇ ਸੁਚੱਜੇ ਢੰਗ ਨਾਲ ਸਟਾਲਿਨਵੀਰ ਨੇ ਬਣਾਈ ਹੈ। ਇਸ ਗੀਤ ਨੂੰ ਢਾਡੀ ਰਛਪਾਲ ਸਿੰਘ ਨੇ ਆਪਣੇ ਪਿਤਾ ਉੱਘੇ ਢਾਡੀ, ਲੇਖਕ ਤੇ ਵਿਦਵਾਨ ਸਵ. ਸਰਦਾਰ ਬੂਟਾ ਸਿੰਘ ਖੁਸ਼ਦਿਲ ਜੀ ਨੂੰ ਸਮਰਪਿਤ ਕੀਤਾ ਹੈ।

ਇਸ ਗੀਤ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਕਿਵੇਂ ਇਨਸਾਨ ਜ਼ਿੰਦਗੀ ਵਿੱਚ ਬਾਪ ਦੀ ਉਂਗਲ ਫੜਕੇ ਜ਼ਿੰਦਗੀ ਦੀਆਂ ਪੁਲਾਘਾਂ ਪੱਟਦਾ ਹੋਇਆ ਦੁਨੀਆਦਾਰੀ ਸਿੱਖਦਾ ਹੈ, ਅਤੇ ਕਿਵੇਂ ਬਾਪ ਆਪਣਾ ਢਿੱਡ ਬੰਨ ਬੰਨਕੇ ਆਪਣੀ ਔਲਾਦ ਲਈ ਦਿਨ ਰਾਤ ਇੱਕ ਕਰਕੇ ਉਹਨਾਂ ਦੀਆਂ ਖੁਆਇਸ਼ਾਂ ਪੂਰੀਆਂ ਕਰਦਾ ਹੈ। ਬਾਪੂ ਦੇ ਇਸ ਜਹਾਨ ਤੋਂ ਤੁਰ ਜਾਣ ਬਾਅਦ ਉਸਦੀ ਦਿੱਤੀ ਸਿੱਖਿਆ ਅੱਖਾਂ ਮੂਹਰੇ ਘੁੰਮਦੀ ਹੈ। ਇਹ ਮੌਕਾ ਹੈ ਜਿਉਂਦੇ ਜੀਅ ਮਾਪਿਆਂ ਦੀ ਸੰਭਾਲ ਕਰੋ, ਨਹੀਂ ਫਿਰ ਪਛਤਾਵਾ ਪੱਲ੍ਹੇ ਰਹਿ ਜਾਂਦਾ ਹੈ।

ਢਾਡੀ ਰਛਪਾਲ ਸਿੰਘ ਨੇ ਗਾਇਕੀ ਅਤੇ ਢਾਡੀ ਕਲਾ ਦੇ ਗੁਣ ਸ. ਸੁਖਨਰੰਜਨ ਸਿੰਘ ਸੁੰਮਨ ਨੂੰ ਉਸਤਾਦ ਧਾਰਕੇ ਸਿੱਖੇ ਅਤੇ ਪੰਜਾਬੀ ਮਾਂ ਬੋਲੀ ਦੀ ਗਾਇਕੀ ਰਾਹੀਂ ਆਪਣੀ ਬੁਲੰਦ ਅਵਾਜ਼ ਨਾਲ ਸੇਵਾ ਕਰ ਰਿਹਾ ਹੈ। ਆਸ ਕਰਦੇ ਹਾਂ ਕਿ ਇਹ ਅਵਾਜ਼ ਪੰਜਾਬੀ ਗਾਇਕੀ ਦੀਆਂ ਫਿਜ਼ਵਾਂ ਵਿੱਚ ਗੂੰਜਦੀ ਬੁਲੰਦੀਆਂ ਛੂਹਦੀ ਰਹੇਗੀ।

ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
ਫਰਿਜ਼ਨੋ ਕੈਲੀਫੋਰਨੀਆਂ
559-333-5776