ਹਰਿਆਣਾ ਪੁਲਿਸ ਦੇ ਪੰਜ ਮੁਲਾਜ਼ਮਾਂ ਨੇ ਇੱਕ ਔਰਤ ਨੂੰ ਬੈਲਟਾਂ ਨਾਲ ਕੁੱਟਿਆ; ਵੀਡੀਓ ਵਾਇਰਲ

ਫਰੀਦਾਬਾਦ: ਭਾਰਤੀ ਪੁਲਿਸ ਦੇ ਅਣਮਨੁੱਖੀ ਵਤੀਰੇ ਬਾਰੇ ਪੂਰੀ ਦੁਨੀਆ ਜਾਣਦੀ ਹੈ ਤੇ ਉਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਹਰਿਆਣਾ ਵਿੱਚ। ਹਰਿਆਣਾ ਦੇ ਫਰੀਦਾਬਾਦ ਦੀ ਪੁਲਿਸ ਦੇ ਅਫਸਰਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਇੱਕ ਔਰਤ ਨੂੰ ਆਪਣੀ ਚਮੜੇ ਦੀ ਬੈਲਟ ਅਤੇ ਥੱਪੜਾਂ ਨਾਲ ਬੁਰੀ ਤਰ੍ਹਾਂ ਕੁੱਟ ਰਹੇ ਹਨ ਤੇ ਭਦੀ ਸ਼ਬਦਾਵਲੀ ਵਰਤ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਇਸ ਮਾਮਲੇ 'ਚ ਸ਼ਾਮਿਲ ਦੋ ਹੈੱਡ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਤਿੰਨ ਸਪੈਸ਼ਲ ਪੁਲਿਸ ਅਫਸਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਹ ਵੀਡੀਓ ਬੀਤੇ ਸਾਲ ਅਕਤੂਬਰ ਮਹੀਨੇ ਦੀ ਹੈ। ਔਰਤ ਨੂੰ ਅਦਰਸ਼ ਨਗਰ ਪੁਲਿਸ ਥਾਣੇ ਅਧੀਨ ਪੈਂਦੇ ਇੱਕ ਜਨਤਕ ਪਾਰਕ ਵਿੱਚ ਪੁਲਿਸ ਵਾਲਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ। ਇਹ ਸਾਰੇ ਦੋਸ਼ੀ ਪੁਲਿਸ ਮੁਲਾਜ਼ਮ ਉਸ ਵਕਤ ਉਸ ਇਲਾਕੇ ਵਿੱਚ ਤੈਨਾਤ ਸਨ।

ਵੀਡੀਓ ਵਿੱਚ ਪੁਲਸੀਆਂ ਦਾ ਜ਼ਾਲਮ ਵਤੀਰਾ ਸਾਫ ਦਿਖ ਰਿਹਾ ਹੈ ਜਿੱਥੇ ਤਿੰਨ ਚਾਰ ਪੁਲਿਸ ਵਾਲੇ ਔਰਤ ਨੂੰ ਘੇਰ ਕੇ ਉਸਦੇ ਆਲੇ ਦੁਆਲੇ ਘੁੰਮਦਿਆਂ ਕਿਸੇ ਫਿਲਮੀ ਸੀਨ ਵਾਂਗ ਔਰਤ ਨੂੰ ਬੈਲਟ ਨਾਲ ਕੁੱਟ ਰਹੇ ਹਨ। 

ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਪਛਾਣ ਬਲਦੇਵ, ਰੋਹਿਤ (ਦੋਵੇਂ ਹੈੱਡ ਕਾਂਸਟੇਬਲ) ਅਤੇ ਕ੍ਰਿਸ਼ਨਾ, ਹਰਪਾਲ, ਦਿਨੇਸ਼ (ਐੱਸ.ਪੀ.ਓ) ਵਜੋਂ ਹੋਈ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ