ਪੰਜਾਬੀਆਂ ਨੂੰ ਕੱਢੀ ਗਾਲ੍ਹ ਦਾ ਰੋਸ, ਗੁਰਦਾਸ ਮਾਨ ਦਾ ਜ਼ੀਰਕਪੁਰ ਵਾਲਾ ਪ੍ਰੋਗਰਾਮ ਰੱਦ

ਪੰਜਾਬੀਆਂ ਨੂੰ ਕੱਢੀ ਗਾਲ੍ਹ ਦਾ ਰੋਸ, ਗੁਰਦਾਸ ਮਾਨ ਦਾ ਜ਼ੀਰਕਪੁਰ ਵਾਲਾ ਪ੍ਰੋਗਰਾਮ ਰੱਦ

ਚੰਡੀਗੜ੍ਹ: ਗੁਰਦਾਸ ਮਾਨ ਵੱਲੋਂ ਪਹਿਲਾਂ ਹਿੰਦੀਕਰਨ ਦੇ ਅਜੈਂਡੇ ਦਾ ਸਮਰਥਨ ਕਰਨ ਅਤੇ ਬਾਅਦ ਵਿੱਚ ਵਿਰੋਧ ਹੋਣ 'ਤੇ ਮਾਂ-ਬੋਲੀ ਪੰਜਾਬੀ ਨਾਲ ਪਿਆਰ ਕਰਨ ਵਾਲੇ ਪੰਜਾਬੀਆਂ ਨੂੰ ਮੰਦੀ ਗਾਲ੍ਹ ਕੱਢਣ ਨਾਲ ਗੁਰਦਾਸ ਮਾਨ ਖਿਲਾਫ ਪੈਦਾ ਹੋਇਆ ਪੰਜਾਬੀਆਂ ਦਾ ਗੁੱਸਾ ਬਰਕਰਾਰ ਹੈ। ਜਿਸ ਦੇ ਚਲਦਿਆਂ ਗੁਰਦਾਸ ਮਾਨ ਦਾ ਬੀਤੇ ਕੱਲ੍ਹ ਜ਼ੀਰਕਪੁਰ ਹੋਣ ਵਾਲਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਪੰਜਾਬੀ ਪ੍ਰੇਮੀਆਂ ਦੇ ਵਿਰੋਧ ਨੂੰ ਦੇਖਦਿਆਂ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਬਾਕੀ ਕਲਾਕਾਰਾਂ ਦੇ ਪ੍ਰੋਗਰਾਮ ਕਰਵਾਏ ਪਰ ਗੁਰਦਾਸ ਮਾਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ। 

ਪ੍ਰੋਗਰਾਮ ਦੇ ਪ੍ਰਬੰਧਕ ਨਵਲਦੀਪ ਨੇ ਕਿਹਾ ਕਿ ਉਹਨਾਂ ਨੇ ਦੋ ਦਿਨਾਂ ਦਾ ਪ੍ਰੋਗਰਾਮ ਰੱਖਿਆ ਸੀ ਜਿਸ ਵਿੱਚ ਗੁਰਦਾਸ ਮਾਨ ਨੇ ਦੂਜੇ ਦਿਨ ਆਉਣਾ ਸੀ ਪਰ ਪੰਜਾਬੀ ਪ੍ਰੇਮੀਆਂ ਵੱਲੋਂ ਇਸ ਦੇ ਕੀਤੇ ਗਏ ਵਿਰੋਧ ਦੇ ਚਲਦਿਆਂ ਉਹਨਾਂ ਗੁਰਦਾਸ ਮਾਨ ਵਾਲਾ ਸ਼ੋਅ ਰੱਦ ਕਰ ਦਿੱਤਾ ਹੈ।

ਗੁਰਦਾਸ ਮਾਨ ਦੇ ਸਟੇਜ ਐਂਕਰ ਪਰਮਿੰਦਰ ਦਾ ਬਿਆਨ ਕੁੱਝ ਅਖਬਾਰਾਂ ਵੱਲੋਂ ਛਾਪਿਆ ਗਿਆ ਹੈ ਜਿਸ ਮੁਤਾਬਿਕ ਜਦੋਂ ਪ੍ਰਬੰਧਕਾਂ ਨੇ ਉਹਨਾਂ ਨੂੰ ਪ੍ਰੋਗਰਾਮ ਰੱਦ ਕਰਨ ਬਾਰੇ ਦੱਸਿਆ ਤਾਂ ਉਹਨਾਂ ਪ੍ਰਬੰਧਕਾਂ ਨੂੰ ਭਰੋਸਾ ਦਵਾਇਆ ਕਿ ਮੋਹਾਲੀ ਪੁਲਿਸ ਉਹਨਾਂ ਨੂੰ ਪੂਰੀ ਸੁਰੱਖਿਆ ਦਵੇਗੀ ਤੇ ਉਹ ਪ੍ਰੋਗਰਾਮ ਕਰਵਾਉਣ ਪਰ ਪ੍ਰਬੰਧਕਾਂ ਨੇ ਇਸ ਭਰੋਸੇ ਨੂੰ ਨਾ ਮੰਨਦਿਆਂ ਪ੍ਰੋਗਰਾਮ ਰੱਦ ਹੀ ਕਰ ਦਿੱਤਾ। 

ਸਬੰਧਿਤ ਖ਼ਬਰ: ਹਿੰਦੀ ਪ੍ਰੇਮੀ ਗੁਰਦਾਸ ਮਾਨ ਨੇ ਪੰਜਾਬੀਆਂ ਨੂੰ ਕੱਢੀ ਗਾਲ੍ਹ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।