ਅਮਰੀਕਾ ਦੀਆਂ ਲੰਬੀਆਂ ਦੌੜਾਂ ਵਿੱਚ ਨਾਮਣਾ ਖੱਟ ਰਿਹਾ ਦੌੜਾਕ ਗੁਲਾਬ ਸਿੰਘ

ਅਮਰੀਕਾ ਦੀਆਂ ਲੰਬੀਆਂ ਦੌੜਾਂ ਵਿੱਚ ਨਾਮਣਾ ਖੱਟ ਰਿਹਾ ਦੌੜਾਕ ਗੁਲਾਬ ਸਿੰਘ

ਕੈਲੀਫੋਰਨੀਆ: ਅਮਰੀਕਾ ਦੇ ਹਾਈ ਸਕੂਲ ਖੇਡ ਮੁਕਾਬਲਿਆਂ ਵਿੱਚ ਭੱਜਦੇ ਦੌੜਾਕਾਂ 'ਚ ਗੁਲਾਬ ਸਿੰਘ ਨੂੰ ਲੋਕ ਵੱਖਰਾ ਹੀ ਪਛਾਣ ਜਾਂਦੇ ਹਨ। ਉਹ ਸਿਰ ਦੇ ਕੇਸਾਂ 'ਤੇ ਬੰਨ੍ਹੇ ਪਟਕੇ ਨਾਲ ਦੌੜਦਾ ਹੋਇਆ ਸਭ ਦੀ ਖਿੱਚ ਦਾ ਕੇਂਦਰ ਬਣਦਾ ਹੈ। ਉਹ ਪੰਜਵੀ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਹ ਅਮਰੀਕਾ ਆ ਗਿਆ ਸੀ। ਵਿਲ. ਸੀ ਵੁੱਡ ਵਿੱਚ ਜਦੋਂ ਉਹ ਸਕੂਲ ਪੜ੍ਹਨ ਲਈ ਦਾਖਲ ਹੋਇਆ ਤਾਂ ਉਹ ਇਕੱਲਾ ਸਿੱਖ ਵਿਦਿਆਰਥੀ ਸੀ। 

ਗੁਲਾਬ ਸਿੰਘ ਕਹਿੰਦਾ ਹੈ, "ਜਦੋਂ ਮੈਂ ਕਰਾਸ ਕੰਟਰੀ ਦੌੜ ਭੱਜਣ ਦਾ ਫੈਂਸਲਾ ਕੀਤਾ ਤਾਂ ਉਹ ਮੇਰੇ ਲਈ ਔਖਾ ਫੈਂਸਲਾ ਸੀ। ਪਰ ਜਿਵੇਂ ਜਿਵੇਂ ਮੇਰੀ ਕਾਬਲੀਅਤ ਨਿੱਖਰਦੀ ਗਈ ਮੈਂ ਮਹਿਸੂਸ ਕੀਤਾ ਕਿ ਲੋਕੀਂ ਮੈਨੂੰ ਖਾਸ ਖਿੱਚ ਨਾਲ ਵੇਖਦੇ ਹਨ। ਹੁਣ ਜਦੋਂ ਅਸੀਂ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਜਾਂਦੇ ਹਾਂ ਤਾਂ ਲੋਕ ਮੈਨੂੰ ਮੇਰੀ ਦਸਤਾਰ ਨਾਲ ਪਛਾਣਦੇ ਹਨ। ਇਹ ਚੰਗਾ ਲਗਦਾ ਹੈ।"

ਗੁਲਾਬ ਸਿੰਘ ਨੇ 5,000 ਮੀਟਰ ਦੌੜ 17 ਮਿੰਟ, 7 ਸਕਿੰਟ ਵਿੱਚ ਮੁਕੰਮਲ ਕਰਕੇ 7ਵਾਂ ਸਥਾਨ ਹਾਸਲ ਕੀਤਾ ਤੇ ਕੈਲੀਫੋਰਨੀਆ ਸੂਬਾਈ ਮੁਕਾਬਲੇ ਵਿੱਚ ਆਪਣੀ ਥਾਂ ਪੱਕੀ ਕੀਤੀ ਸੀ। ਇਸ ਪ੍ਰਦਰਸ਼ਨ ਕਰਕੇ ਹੀ "ਦਾ ਰਿਪੋਰਟਰ" ਅਦਾਰੇ ਨੇ ਉਸ ਨੂੰ 'ਹਫਤੇ ਦਾ ਦੌੜਾਕ' ਸਨਮਾਨ ਨਾਲ ਨਵਾਜਿਆ ਸੀ। 

ਗੁਲਾਬ ਸਿੰਘ ਦੀ ਸਿਖਲਾਈ ਕਰਾਉਂਦੇ ਕੋਣ ਰੇਅ ਹਸਲਰ ਨੇ ਦੱਸਿਆ ਕਿ ਗੁਲਾਬ ਸਿੰਘ ਆਪਣੀ ਖੇਡ ਨੂੰ ਨਿਖਾਰਨ ਲਈ ਬਹੁਤ ਮਿਹਨਤ ਕਰਦਾ ਹੈ। 

ਗੁਲਾਬ ਸਿੰਘ ਨੂੰ ਆਪਣੀ ਦਸਤਾਰ 'ਤੇ ਮਾਣ ਹੈ ਜੋ ਉਸਦੀ ਸਿੱਖੀ ਪਛਾਣ ਨਾਲ ਜੁੜੀ ਹੈ ਜਿਸ ਤੋਂ ਉਸਨੂੰ ਸਵੈਮਾਣ, ਹੌਂਸਲਾ ਅਤੇ ਦ੍ਰਿੜਤਾ ਮਿਲਦੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।