ਜਥੇਦਾਰ ਇਕਬਾਲ ਸਿੰਘ ਖ਼ਿਲਾਫ਼ ਸ਼ਿਕਾਇਤਾਂ ਦੇ ਅੰਬਾਰ 

ਜਥੇਦਾਰ ਇਕਬਾਲ ਸਿੰਘ ਖ਼ਿਲਾਫ਼ ਸ਼ਿਕਾਇਤਾਂ ਦੇ ਅੰਬਾਰ 

ਅਕਾਲ ਤਖਤ ਵੱਲੋਂ ਜਾਂਚ ਲਈ ਸੱਤ ਮੈਂਬਰੀ ਕਮੇਟੀ ਦਾ ਐਲਾਨ
ਅੰਮ੍ਰਿਤਸਰ/ਏਟੀ ਨਿਊਜ਼ :
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਆਈਆਂ ਸ਼ਿਕਾਇਤਾਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਵਾਸਤੇ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਤਿੰਨ ਦਿਨਾਂ ਵਿੱਚ ਆਪਣੀ ਜਾਂਚ ਰਿਪੋਰਟ ਦੇਵੇਗੀ।
ਇਹ ਖੁਲਾਸਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜਥੇਦਾਰ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਵੱਡੇ ਪੱਧਰ 'ਤੇ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦੀ ਜਾਂਚ ਵਾਸਤੇ ਇਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਖਡੂਰ ਸਾਹਿਬ ਤੋਂ ਬਾਬਾ ਸੇਵਾ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਭਾਈ ਰਾਜਿੰਦਰ ਸਿੰਘ ਮਹਿਤਾ, ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ, ਸਿੱਖ ਵਿਦਵਾਨ ਇੰਦਰਜੀਤ ਸਿੰਘ ਗੋਗੋਆਣੀ ਅਤੇ ਇੰਦਰਜੀਤ ਸਿੰਘ ਰੋਪੜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਸ਼ਾਮਲ ਹਨ। ਇਸ ਕਮੇਟੀ ਦੇ ਕੋਆਰਡੀਨੇਟਰ ਵਜੋਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਸੁਝਾਅ ਹੈ ਕਿ ਉਹ ਰਿਪੋਰਟ ਆਉਣ ਤਕ ਪੰਥਕ ਕਾਰਜ ਨਾ ਕਰਨ। 
ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਸੁੱਚਾ ਸਿੰਘ ਲੰਗਾਹ, ਰਾਜਸਥਾਨ ਤੋਂ ਹਾਕਮ ਸਿੰਘ ਅਤੇ ਬੂਟਾ ਸਿੰਘ, ਜਿਨ੍ਹਾਂ ਦਾ ਪੰਥ ਵਿਚੋਂ ਖਾਰਜ ਛੇਕਿਆ ਗਿਆ ਸੀ, ਵੱਲੋਂ ਪੰਥ ਵਾਪਸੀ ਲਈ ਖਿਮਾ ਯਾਚਨਾ ਦੀ ਦਰਖਾਸਤ ਆਈ ਹੈ। ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ। ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਵੱਲੋਂ ਮੁਆਫੀ ਸਬੰਧੀ ਕੀਤੀ ਗਈ ਅਪੀਲ ਬਾਰੇ ਉਨ੍ਹਾਂ ਆਖਿਆ ਕਿ ਉਸ ਨੂੰ ਦੋ ਸਾਲ ਦੀ ਸੇਵਾ ਲੱਗੀ ਹੈ ਅਤੇ ਇਹ ਸਮਾਂ ਮੁਕੰਮਲ ਹੋਣ ਮਗਰੋਂ ਹੀ ਉਸ ਦੀ ਮਾਫੀ ਦੀ ਅਪੀਲ 'ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਪੁੱਜੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਜਥੇਦਾਰ ਗਿਆਨੀ ਇਕਬਾਲ ਸਿੰਘ ਖਿਲਾਫ ਇਕ ਸ਼ਿਕਾਇਤ ਪੱਤਰ ਸੌਂਪਿਆ।
ਇਸ ਤੋਂ ਪਹਿਲਾਂ ਕਿ ਗਿਆਨੀ ਇਕਬਾਲ ਸਿੰਘ ਦੇ ਅਸਤੀਫੇ ਬਾਰੇ ਅਖਬਾਰੀ ਖਬਰਾਂ ਆਉਣ ਦੇ ਨਾਲ ਹੀ ਸ਼ੋਸ਼ਲ ਮੀਡੀਆ ਤੇ ਇਕ ਵੀਡੀਉ ਪ੍ਰਗਟ ਹੋ ਗਈ ਜਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਇਕਬਾਲ ਸਿੰਘ ਕਹਿ ਰਹੇ ਸਨ ਕਿ ਕਮੇਟੀ ਦੇ ਪ੍ਰਬੰਧ ਵਿੱਚ ਆਏ ਕੁਝ ਨਵੇਂ ਲੋਕ ਤਖਤ ਸਾਹਿਬ ਦੇ ਮਾਨ ਸਨਮਾਨ ਨੂੰ ਢਾਹ ਲਾਣ ਲਈ ਬਜਿੱਦ ਹਨ। ਉਹ ਬਾਰ ਬਾਰ ਮੇਰੇ ਉਪਰ ਉਹ ਝੂਠੇ ਦੋਸ਼ ਲਗਾ ਰਹੇ ਹਨ ਜਿਨ੍ਹਾਂ ਬਾਰੇ ਸੰਗਤ ਨੂੰ ਸਪਸ਼ਟ ਕੀਤਾ ਹੋਇਆ ਹੈ। ਮੈਂ ਤਖਤ ਸਾਹਿਬ ਦੇ ਮਾਨ ਸਨਮਾਨ ਖਾਤਿਰ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ। ਤਖਤ ਸਾਹਿਬ ਦੀ ਸਮੁੱਚੀ ਜਿੰਮੇਵਾਰੀ ਤੇ ਤੋਸ਼ੇ ਦੀ ਚਾਬੀ ਭਾਈ ਬਲਦੇਵ ਸਿੰਘ ਹੁਰਾਂ ਨੂੰ ਦੇ ਦਿੱਤੀ ਸੀ ਪ੍ਰੰਤੂ ਸਿੱਖ ਸੰਗਤ ਨੇ ਸਖਤ ਇਤਰਾਜ ਪ੍ਰਗਟਾਇਆ ਹੈ ਤੇ ਭਾਈ ਬਲਦੇਵ ਸਿੰਘ ਪਾਸੋਂ ਚਾਬੀ ਲੈਕੇ ਵਾਪਿਸ ਮੈਨੂੰ ਦੇ ਦਿੱਤੀ ਹੈ।
ਉਹ ਜਨਰਲ ਸਕੱਤਰ ਮਹਿੰਦਰ ਪਾਲ ਸਿੰਘ ਢਿੱਲੋਂ ਦੇ ਹਵਾਲੇ ਨਾਲ ਕਹਿ ਰਹੇ ਸਨ ਕਿ ਫੈਸਲਾ 14 ਮਾਰਚ ਦੀ ਇਕੱਤਰਤਾ ਵਿੱਚ ਹੋਵੇਗਾ ਜੋ ਜਨਰਲ ਸਕੱਤਰ ਨੇ ਬੁਲਾਈ ਹੈ।
ਗਿਆਨੀ ਇਕਬਾਲ ਸਿੰਘ ਮੰਗ ਕਰ ਰਹੇ ਹਨ ਕਿ ਪ੍ਰਬੰਧਕ ਕਮੇਟੀ ਅਵਤਾਰ ਸਿੰਘ ਹਿੱਤ ਅਤੇ ਕਮਿੱਕਰ ਸਿੰਘ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਨ੍ਹਾਂ ਦੋਨਾਂ ਦੀ ਮੈਂਬਰਸ਼ਿਪ ਹੀ ਰੱਦ ਕਰਵਾਵੇ ਕਿਉਂਕਿ ਇਹ ਲੋਕ 'ਬਿਹਾਰ ਦਾ ਅਮਨ ਭੰਗ ਕਰ ਰਹੇ ਹਨ'।
ਜ਼ਿਕਰਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਵਲੋਂ ਵੱਖ ਵੱਖ ਅਖਬਾਰਾਂ ਦੇ ਪੱਤਰਕਾਰਾਂ ਦੇ ਵਟਸਐਪ ਉਤੇ ਭੇਜੇ ਗਏ ਅਸਤੀਫੇ ਮੁਤਾਬਕ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਦੇ ਨਾਮ ਲਿਖੇ ਪੱਤਰ ਵਿੱਚ ਗਿਆਨੀ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਸਦਕਾ ਪਿਛਲੇ 35 ਸਾਲ ਤੋਂ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਨਿਭਾਅ ਰਿਹਾ ਹੈ। ਹਜਾਰਾਂ ਲੱਖਾਂ ਪ੍ਰਾਣੀਆਂ ਨੂੰ ਗੁਰੂ ਨਾਲ ਜੋੜਿਆ ਹੈ। ਉਸਨੇ ਇਹ ਵੀ ਲਿਖਆ ਹੈ ਕਿ ਕੁਝ ਧਾਰਮਿਕ ਤੇ ਅਖੌਤੀ ਰਾਜਨੀਤਕ ਲੋਕ ਉਸ ਖਿਲਾਫ ਸੰਗੀਨ ਦੋਸ਼ ਲਗਾ ਰਹੇ ਹਨ ਜਿਨ੍ਹਾਂ ਬਾਰੇ ਉਹ ਸਿੱਖ ਸੰਗਤ ਨੂੰ ਕਈ ਵਾਰ ਸਪਸ਼ਟ ਕਰ ਚੁੱਕੇ ਹਨ।
ਗਿਆਨੀ ਇਕਬਾਲ ਸਿੰਘ ਨੇ ਅੱਗੇ ਲਿਖਆ ਸੀ ਕਿ ਉਹ ਨਿਰਦੋਸ਼ ਹੈ ਤੇ ਦੋਸ਼ੀ ਲੋਕ ਤਖਤ ਸਾਹਿਬ ਦੇ ਮਾਨ ਸਨਮਾਨ ਨੂੰ ਢਾਹ ਲਾ ਰਹੇ ਹਨ ਇਸ ਲਈ ਉਹ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹੈ।
ਪੱਤਰ ਦੇ ਅਖੀਰ ਵਿਚ ਉਨ੍ਹਾਂ “ਧਾਰਮਿਕ ਅਖੌਤੀ ਆਗੂਆਂ, ਰਾਜਨੀਤਕ ਲੋਕਾਂ ਦੀ ਸਾਜਿਸ਼ ਦਾ ਸ਼ਿਕਾਰ” ਸ਼ਬਦਾਂ ਦੀ ਵਰਤੋਂ ਕੀਤੀ ਹੈ।
ਇਸ ਤਰ੍ਹਾਂ ਆਚਰਣਹੀਣਤਾ, ਧੱਕੇਸ਼ਾਹੀ ਅਤੇ ਸਾਲ 2015 ਵਿੱਚ ਗੁਰੂ ਦੋਖੀ ਡੇਰਾ ਸੌਦਾ ਸਿਰਸਾ ਮੁਖੀ ਨੂੰ ਬਿਨ ਮੰਗੀ ਮਾਫੀ ਦੇਣ ਦੇ ਦੋਸ਼ਾਂ ਵਿੱਚ ਘਿਰੇ ਤਖਤ ਸ੍ਰੀ ਪਟਨਾ ਸਾਹਿਬ ਦੇ 'ਜਥੇਦਾਰ' ਗਿਆਨੀ ਇਕਬਾਲ ਸਿੰਘ ਨੇ ਅਸਤੀਫੇ ਬਾਰੇ ਇਹ ਕਹਿ ਕੇ ਨਵਾਂ ਵਿਵਾਦ ਛੇੜ ਦਿੱਤਾ ਕਿ 'ਮੈਂ ਤਾਂ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ ਲੇਕਿਨ ਸੰਗਤ ਨਹੀ ਮੰਨ ਰਹੀ'।