ਭਾਈ ਹਵਾਰਾ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਰੋਸ ਧਰਨੇ ਐਲਾਨੇ

ਭਾਈ ਹਵਾਰਾ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਰੋਸ ਧਰਨੇ ਐਲਾਨੇ

ਚੰਡੀਗੜ੍ਹ/ਏਟੀ ਨਿਊਜ਼ :
ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਆਉਂਦੇ ਦਿਨਾਂ ਦੌਰਾਨ ਚੰਡੀਗੜ੍ਹ ਤੇ ਪੰਜਾਬ ਵਿਚਲੀਆਂ ਦੋ ਜੇਲ੍ਹਾਂ ਦੇ ਬਾਹਰ 3-3 ਘੰਟੇ ਲਈ ਧਰਨੇ ਲਾਉਣ ਦਾ ਐਲਾਨ ਕੀਤਾ ਗਿਆ ਹੈ।
ਵਰਲਡ ਸਿੱਖ ਪਾਰਲੀਮੈਂਟ ਦੇ ਫੇਸਬੁੱਕ ਪੰਨੇ ਉੱਤੇ ਪਾਏ ਗਏ ਇਕ ਇਸ਼ਤਿਹਾਰ ਵਿਚ ਪੰਜ ਮੈਂਬਰੀ ਕਮੇਟੀ ਦੇ ਆਗੂਆਂ ਵਕੀਲ ਅਮਰ ਸਿੰਘ ਚਾਹਲ, ਸ. ਨਰੈਣ ਸਿੰਘ ਚੌੜਾ, ਪ੍ਰੋ. ਬਲਜਿੰਦਰ ਸਿੰਘ, ਸ. ਜਸਪਾਲ ਸਿੰਘ ਅਤੇ ਮਾਸਟਰ ਸੰਤੋਖ ਸਿੰਘ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ 9 ਮਾਰਚ 2019 ਨੂੰ ਬੁੜੈਲ ਜੇਲ੍ਹ (ਚੰਡੀਗੜ੍ਹ) ਦੇ ਬਾਹਰ 12 ਤੋਂ 3 ਵਜੇ ਤਕ ਅਤੇ 17 ਮਾਰਚ 2019 ਨੂੰ ਨਾਭਾ ਜੇਲ੍ਹ ਦੇ ਬਾਹਰ ਦੁਪਹਿਰ 12 ਵਜੇ ਤੋਂ 3 ਵਜੇ ਤਕ ਰੋਸ ਧਰਨਿਆਂ ਵਿਚ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਸਰਕਾਰ ਤੋਂ ਇਨ੍ਹਾਂ ਧਰਨਿਆਂ ਦੀਆਂ ਮੰਗਾਂ ਮਨਵਾਈਆਂ ਜਾ ਸਕਣ। ਇਸ ਇਸ਼ਤਿਹਾਰ ਵਿਚ ਦਿੱਤੀ ਗਈ ਮੰਗਾਂ ਦੀ ਸੂਚੀ ਵਿਚ 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ', 'ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ, ਜਿਨ੍ਹਾਂ ਵਿਚ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ (ਸ਼ਾਮਲ ਦੱਸੇ ਗਏ ਹਨ) ਨੂੰ ਸਜਾਵਾਂ', ਬੰਦੀ ਸਿੰਘਾਂ ਦੀ ਰਿਹਾਈ, 'ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ' ਅਤੇ 'ਮੌੜ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ' ਦਿਵਾਉਣ ਦੀਆਂ ਮੰਗਾਂ ਹਨ।