5 ਜੂਨ ਨੂੰ ਅੰਮ੍ਰਿਤਸਰ ਵਿੱਚ ਕੱਢਿਆ ਜਾਵੇਗਾ "ਘੱਲੂਘਾਰਾ ਯਾਦਗਾਰੀ ਮਾਰਚ"

5 ਜੂਨ ਨੂੰ ਅੰਮ੍ਰਿਤਸਰ ਵਿੱਚ ਕੱਢਿਆ ਜਾਵੇਗਾ

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਦਲ ਖਾਲਸਾ ਨੇ ਦੁਹਰਾਇਆ ਹੈ ਕਿ ਜੂਨ 84 ਦੇ ਫੌਜੀ ਹਮਲੇ ਦੌਰਾਨ ਭਾਰਤੀ ਹਕੂਮਤ ਵਲੋਂ ਦਿੱਤੇ ਜਖਮ 35 ਸਾਲ ਨਾਅਦ ਵੀ ਹਰੇ ਹਨ ਤੇ ਆਣ ਵਾਲੇ 350 ਸਾਲ ਤੀਕ ਵੀ ਹਰੇ ਹੀ ਰਹਿਣਗੇ ਜੇਕਰ ਕਿਸੇ ਨੇ ਇਨ੍ਹਾਂ ਜਖਮਾਂ ਦੇ ਕਾਰਣਾਂ ਦਾ ਹੱਲ ਨਾ ਲੱਭਿਆ। ਜਥੇਬੰਦੀ ਨੇ ਕਿਹਾ ਹੈ ਕਿ ਜੂਨ 84 ਦਾ ਇਹ ਕਾਰਾ ਭਾਰਤੀ ਫੌਜ ਦਾ ਅਪਰਾਧੀਕਰਣ ਸੀ, ਇਸ ਉਪਰੰਤ ਪੁਲਿਸ ਦਾ ਅਪਰਾਧੀ ਕਰਣ ਕੀਤਾ ਗਿਆ ਤੇ ਹੁਣ ਸਿਆਸੀਕਰਣ ਕਰ ਦਿੱਤਾ ਗਿਆ ਹੈ। 

ਅੱਜ ਇਥੇ ਗਲਬਾਤ ਕਰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਜੂਨ 84 ਦੇ ਜਖਮ, 35 ਸਾਲ ਬੀਤ ਜਾਣ ਤੇ ਵੀ ਹਰੇ ਹਨ, ਜਖਮਾਂ ਦੀ ਪੀੜ ਘਟੀ ਨਹੀ ਹੈ। ਇਹ ਘਿਨਾਉਣਾ ਕਾਰਾ ਕਿਸੇ ਪਾਰਟੀ, ਇੰਦਰਾ ਆਦਿ ਨੇ ਨਹੀ ਬਲਕਿ ਇੰਡੀਆ (ਭਾਰਤ) ਨੇ ਅੰਜ਼ਾਮ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਚਾਹੁੰਦੀ ਸੀ, ਕਾਂਗਰਸ ਨੇ ਨੇਪਰੇ ਚਾੜ੍ਹਿਆ ਤੇ ਅਕਾਲੀ ਦਲ ਨੇ ਸਿਰ ਝੁਕਾ ਕੇ ਪ੍ਰਵਾਨ ਕਰ ਲਿਆ। ਉਨ੍ਹਾਂ ਕਿਹਾ ਕਿ ਪੀੜ ਨਾ ਘਟਣ ਦਾ ਕਾਰਣ ਵੀ ਸਪਸ਼ਟ ਹੈ ਕਿ ਜਿਸ ਕਰਕੇ ਇਹ ਸਭ ਵਾਪਰਿਆ ਉਹ ਮਸਲੇ ਤਾਂ ਅੱਜ ਵੀ ਜਿਉਂ ਦੇ ਤਿਉਂ ਖੜੇ ਹਨ। ਸ੍ਰ:ਕੰਵਰਪਾਲ ਸਿੰਘ ਨੇ ਕਿਹਾ ਸਰਕਾਰਾਂ ਦੀ ਨੀਤੀ ਕਾਰਣ ਹੀ ਨੌਜੁਆਨ 35 ਸਾਲ ਪਹਿਲਾਂ ਆਪਣੇ ਜੋਸ਼ ਤੇ ਕਾਬੂ ਨਾ ਰੱਖ ਸਕੇ ਤੇ ਉਹ ਅੱਜ ਵੀ ਇਸ ਭ੍ਰਿਸ਼ਟ ਅਤੇ ਦੋਗਲੀ ਨੀਤੀ ਵਾਲੇ ਤੰਤਰ ਦੇ ਖਿਲਾਫ ਹਨ। 

ਜੇਲ੍ਹਾਂ ਵਿੱਚ ਨਜਰਬੰਦ ਹਨ ,ਥਾਣਿਆਂ ਵਿੱਚ ਪੁਲਿਸ ਤਸ਼ੱਦਦ ਝੱਲ ਰਹੇ ਹਨ ਲੇਕਿਨ ਇਸ ਦੇਸ਼ ਨੂੰ ਆਪਣਾ ਮੰਨਣ ਲਈ ਤਿਆਰ ਨਹੀ।ਉਨ੍ਹਾਂ ਕਿਹਾ ਕਿ 1982 ਦੇ ਧਰਮ ਯੁੱਧ ਦਾ ਹੱਲ ਸਿਆਸੀ ਸੀ ਲੇਕਿਨ ਸਰਕਾਰ ਨੇ ਫੌਜ ਲਿਆ ਕੇ ਉਸਦੇ ਅਪਰਾਧੀਕਰਣ ਦਾ ਮੁਢ ਬੰਨ੍ਹ ਦਿੱਤਾ। ਹਾਲਾਤਾਂ ਨਾਲ ਸਿੱਝਣ ਲਈ ਪੰਜਾਬ ਪੁਲਿਸ ਦਾ ਅਪਰਾਧੀਕਰਣ ਕਰ ਦਿੱਤਾ ਗਿਆ ਤੇ ਹੁਣ ਸਿਆਸੀ ਕਰਣ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਦੇ ਚਾਰ ਅਧਿਕਾਰੀਆਂ ਵਲੋਂ ਇੱਕ ਅਧਿਕਾਰੀ ਦਾ ਵਿਰੋਧ ਜਿਤਾਉਣਾ ਪੂਰੀ ਤਰ੍ਹਾਂ ਸਿਆਸੀ ਕੜੀ ਹੈ। ਉਨ੍ਹਾਂ ਕਿਹਾ ਕਿ ਇਹ ਵਿਰੋਧ ਸਿਧਾਂਤਕ ਨਹੀ ਬਲਕਿ ਸਿਆਸੀ ਹੈ ਕਿਉਂਕਿ ਕੁਝ ਅਧਿਕਾਰੀਆਂ ਨੇ ਬਾਦਲਾਂ ਦਾ ਪੱਖ ਪੂਰ ਦਿੱਤਾ ਹੈ। 

ਇੱਕ ਸਵਾਲ ਦੇ ਜਵਾਬ ਵਿੱਚ ਸ੍ਰ:ਕੰਵਰਪਾਲ ਸਿੰਘ ਨੇ ਕਿਹਾ ਕਿ ਜੇਕਰ 6 ਜੂਨ ਵਾਲੇ ਦਿਨ ਸ਼ਹੀਦਾਂ ਨੂੰ ਸ਼ਰਧਾ ਭੇਟ ਕਰਨ ਆਈਆਂ ਸਮੁਚੀਆਂ ਜਥੇਬੰਦੀਆਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦੇ ਦਿੱਤਾ ਜਾਏ ਤਾਂ ਕੋਈ ਅਣਸੁਖਾਵੀ ਘਟਨਾ ਨਹੀ ਵਾਪਰ ਸਕਦੀ। ਸਾਲ ਦੇ 364 ਦਿਨ ਵੱਖ ਵੱਖ ਤੁਰਨ ਵਾਲੀਆਂ ਸਿੱਖ ਸੰਸਥਾਵਾਂ, ਘੱਟੋ ਘੱਟ ਇਸ ਦਿਨ ਤਾਂ ਇੱਕ ਜੁਟ ਹੋ ਜਾਣ।

ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪ੍ਰੀਵਾਰਕ ਜੀਆਂ ਨੂੰ ਐਨੀਮੇਸ਼ਨ ਤਕਨੀਕ ਨਾਲ ਪੇਸ਼ ਕਰਨ ਤੋਂ ਪੈਦਾ ਹੋਏ ਵਿਵਾਦ ਦੀ ਗਲ ਕਰਦਿਆਂ ਦਲ ਖਾਲਸਾ ਆਗੂ ਨੇ ਕਿਹਾ ਕਿ ਸਿਧਾਂਤ ਤਾਂ ਇਜਾਜਤ, ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਵੀ ਨਹੀ ਦਿੰਦਾ ਤੇ ਅਸੀਂ ਐਨੀਮੇਸ਼ਨ ਦੀ ਗਲ ਕਰ ਰਹੇ ਹਾਂ। ਇਹ ਨਹੀ ਹੋਣਾ ਚਾਹੀਦਾ। 

ਉਨ੍ਹਾਂ ਦੱਸਿਆ ਕਿ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸਾਂਝੇ ਤੌਰ ਤੇ 5 ਜੂਨ ਨੂੰ ਸ਼ਾਮ ਪੰਜ ਵਜੇ ਇੱਕ ਘਲੂਘਾਰਾ ਯਾਦਗਾਰੀ ਮਾਰਚ ਕੱਢ ਰਹੀ ਹੈ ਜਿਸਦੀ ਸਮਾਪਤੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਵੇਗੀ। ਇਸ ਮੌਕੇ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਭਾਈ ਕੁਲਦੀਪ ਸਿੰਘ, ਰਣਵੀਰ ਸਿੰਘ ਆਦਿ ਹਾਜਰ ਸਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ