ਚੀਨ ਨੇ ਭਾਰਤੀ ਇਲਾਕਿਆਂ 'ਤੇ ਕਬਜ਼ਾ ਕੀਤਾ: ਭਾਰਤੀ ਸੁਰੱਖਿਆ ਮਹਿਕਮਾ

ਚੀਨ ਨੇ ਭਾਰਤੀ ਇਲਾਕਿਆਂ 'ਤੇ ਕਬਜ਼ਾ ਕੀਤਾ: ਭਾਰਤੀ ਸੁਰੱਖਿਆ ਮਹਿਕਮਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਚੀਨ ਦੇ ਹਮਲਵਾਰ ਰੁੱਖ ਨਾਲ ਭਾਰਤ ਦੀ ਸਿਆਸੀ ਜਮਾਤ ਵਿਚ ਘਬਰਾਹਟ ਦਾ ਅੰਦਾਜ਼ਾ ਭਾਰਤੀ ਮਹਿਕਮਿਆਂ ਦੇ ਰਵੱਈਏ ਤੋਂ ਸਾਫ ਝਲਕ ਰਿਹਾ ਹੈ। ਬੀਤੇ ਦਿਨੀਂ ਭਾਰਤ ਦੇ ਸੁਰੱਖਿਆ ਮਹਿਕਮੇ ਨੇ ਆਪਣੀ ਵੈਬਸਾਈਟ 'ਤੇ ਇਕ ਦਸਤਾਵੇਜ ਜਾਰੀ ਕਰਦਿਆਂ ਮੰਨਿਆ ਕਿ ਚੀਨ ਨੇ ਭਾਰਤ ਦੇ ਕਈ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ, ਪਰ ਕੁੱਝ ਸਮੇਂ ਬਾਅਦ ਇਸ ਦਸਤਾਵੇਜ ਨੂੰ ਹਟਾ ਦਿੱਤਾ ਗਿਆ। 

ਗੌਰਤਲਬ ਹੈ ਕਿ ਭਾਰਤੀ ਵਿਦੇਸ਼ ਮਹਿਕਮੇ ਨੇ ਵੀ ਪਹਿਲਾਂ ਮੰਨਿਆ ਸੀ ਕਿ ਚੀਨ ਨੇ ਭਾਰਤ ਦੇ ਕਈ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ, ਪਰ ਸੁਰੱਖਿਆ ਮਹਿਕਮੇ ਵੱਲੋਂ ਪਾਏ ਗਏ ਇਸ ਦਸਤਾਵੇਜ ਵਿਚ ਉਹਨਾਂ ਇਲਾਕਿਆਂ ਦੇ ਨਾਂ ਵੀ ਸ਼ਾਮਲ ਸਨ ਜਿਹਨਾਂ 'ਤੇ ਚੀਨ ਨੇ ਕਬਜ਼ਾ ਕੀਤਾ ਹੈ। ਰਿਪੋਰਟ ਵਿਚ ਦੱਸਿਆ ਗਿਆ ਕਿ ਚੀਨੀ ਫੌਜਾਂ ਨੇ 17-18 ਮਈ ਨੂੰ ਲੱਦਾਖ ’ਚ ਭਾਰਤੀ ਮਲਕੀਅਤ ਵਾਲੇ ਇਲਾਕਿਆਂ ’ਚ ਘੁਸਪੈਠ ਕੀਤੀ ਸੀ, ਜਿਸ ਵਿਚ ਕੁੰਗਰੰਗ ਨਾਲਾ (ਹੋਟ ਸਪਰਿੰਗ ਦੇ ਉੱਤਰ ਵਿਚ ਸਥਿਤ ਪੈਟਰੋਲਿੰਗ ਪੋਇੰਟ-15), ਗੋਗਰਾ (ਪੈਟਰੋਲਿੰਗ ਪੋਇੰਟ-17 ਏ) ਅਤੇ ਪੈਂਗੌਗੋ ਝੀਲ ਦੇ ਉੱਤਰੀ ਕੰਢੇ 'ਤੇ ਕਬਜ਼ਾ ਕਰ ਲਿਆ ਗਿਆ। 

ਰੱਖਿਆ ਮਹਿਕਮੇ ਨੇ ਕਿਹਾ ਸੀ, ‘ਚੀਨ ਨਾਲ ਸਹਿਮਤੀ ਬਣਾਉਣ ਲਈ ਫੌਜੀ ਤੇ ਕੂਟਨੀਤਕ ਪੱਧਰ ’ਤੇ ਗੱਲਬਾਤ ਜਾਰੀ ਹੈ ਪਰ ਇਸ ਦੇ ਬਾਵਜੂਦ ਮੌਜੂਦਾ ਵਿਵਾਦ ਲੰਮਾ ਸਮਾਂ ਚੱਲਣ ਦੇ ਆਸਾਰ ਹਨ।’ ਮਹਿਕਮੇ ਵੱਲੋਂ ਅਜੇ ਤੱਕ ਇਸ ਦਸਤਾਵੇਜ ਨੂੰ ਹਟਾਉਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਸਬੰਧਤ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੂਰਬੀ ਲੱਦਾਖ ’ਚ ਚੀਨ ਦੇ ਲਗਾਤਾਰ ਘੁਸਪੈਠ ਕੀਤੇ ਜਾਣ ਕਾਰਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ ਅਤੇ ਹਾਲਾਤ ਨਾਲ ਨਜਿੱਠਣ ਲਈ ਇਸ ਦੀ ਨੇੜਿਓਂ ਨਿਗਰਾਨੀ ਕਰਨ ਅਤੇ ਢੁੱਕਵੀਂ ਕਾਰਵਾਈ ਕਰਨ ਦੀ ਲੋੜ ਹੈ। ਮੰਤਰਾਲੇ ਅਨੁਸਾਰ ਪੰਜ ਮਈ ਤੋਂ ਬਾਅਦ ਅਸਲ ਕੰਟਰੋਲ ਰੇਖਾ ਨੇੜੇ ਅਤੇ ਗਲਵਾਨ ਘਾਟੀ ’ਚ ਚੀਨ ਦੀ ਘੁਸਪੈਠ ਲਗਾਤਾਰ ਵੱਧ ਰਹੀ ਹੈ ਅਤੇ 17 ਤੇ 18 ਮਈ ਨੂੰ ਚੀਨ ਨੇ ਕੁਗਰੰਗ ਨਾਲਾ, ਗੋਗਰਾ ਤੇ ਪੈਂਗੌਗ ਝੀਲ ਦੇ ਉੱਤਰੀ ਕਿਨਾਰੇ ਵਾਲੇ ਇਲਾਕੇ ’ਚ ਘੁਸਪੈਠ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਮਸਲਾ ਸੁਲਝਾਉਣ ਲਈ ਜ਼ਮੀਨੀ ਪੱਧਰ ਦੀ ਗੱਲਬਾਤ ਵੀ ਕੀਤੀ ਗਈ ਹੈ। 6 ਜੂਨ ਨੂੰ ਦੋਵਾਂ ਧਿਰਾਂ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਵੀ ਕੀਤੀ ਗਈ ਪਰ 15 ਜੂਨ ਨੂੰ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ। 

ਰਿਪੋਰਟ ਅਨੁਸਾਰ ਕੋਰ ਕਮਾਂਡਰ ਪੱਧਰ ਦੀ ਦੂਜੀ ਮੀਟਿੰਗ 22 ਜੂਨ ਨੂੰ ਹੋਈ, ਜਿਸ ’ਚ ਫੌਜਾਂ ਪਿੱਛੇ ਹਟਾਉਣ ਬਾਰੇ ਚਰਚਾ ਕੀਤੀ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਫੌਜੀ ਤੇ ਕੂਟਨੀਤਕ ਪੱਧਰ ਦੀ ਗੱਲਬਾਤ ਜਾਰੀ ਰਹਿਣ ਦੇ ਬਾਵਜੂਦ ਦੋਵਾਂ ਮੁਲਕਾਂ ਵਿਚਾਲੇ ਚੱਲ ਰਿਹਾ ਵਿਵਾਦ ਲੰਮਾ ਖਿੱਚਿਆ ਜਾ ਸਕਦਾ ਹੈ। 

ਇਸ ਰਿਪੋਰਟ ਦੇ ਅਖੀਰ ’ਚ ਕਿਹਾ ਗਿਆ, ‘ਹਾਲਾਤ ਨੂੰ ਦੇਖਦਿਆਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’ ਜ਼ਿਕਰਯੋਗ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਤੀਜੀ ਮੀਟਿੰਗ 30 ਜੂਨ ਨੂੰ ਹੋਈ ਸੀ। ਚੀਨ ਪੈਂਗੌਗ ਇਲਾਕੇ ਤੋਂ ਪਿੱਛੇ ਹਟਣ ਲਈ ਰਾਜ਼ੀ ਹੋ ਗਿਆ ਸੀ ਪਰ ਉਹ ਹਟਿਆ ਨਹੀਂ। ਭਾਰਤ ਨੇ ਅਸਲ ਕੰਟਰੋਲ ਰੇਖਾ ਦੇ ਫਿੰਗਰ-8 ’ਤੇ ਦਾਅਵਾ ਕੀਤਾ ਸੀ ਅਤੇ ਚੀਨੀ ਫੌਜਾਂ ਫਿੰਗਰ-4 ਤੇ ਫਿੰਗਰ-5 ਵਿਚਕਾਰਲੇ ਇਲਾਕੇ ਤੋਂ ਇਲਾਵਾ ਦੇਪਸਾਂਗ ਤੇ ਡੈਮਚੋਕ ਦੇ ਲਾਂਘਿਆਂ ’ਤੇ ਡਟੀਆਂ ਹੋਈਆਂ ਹਨ। ਭਾਰਤੀ ਤੇ ਚੀਨੀ ਫੌਜੀ ਵਫ਼ਦ ਵਿਚਾਲੇ ਚੌਥੀ ਮੀਟਿੰਗ 14 ਜੁਲਾਈ ਨੂੰ ਹੋਈ ਜਿਸ ’ਚ ਫੌਜਾਂ ਤੇ ਫੌਜੀ ਸਾਮਾਨ ਵਿਵਾਦਤ ਇਲਾਕੇ ਤੋਂ ਹਟਾਉਣ ਬਾਰੇ ਗੱਲਬਾਤ ਕੀਤੀ ਗਈ। 

ਭਾਰਤੀ ਵਫ਼ਦ ਨੇ ਚੀਨੀ ਫੌਜ ਨੂੰ ਪੈਂਗੌਗ ਝੀਲ ਤੇ ਡੇਪਸਾਂਗ ਇਲਾਕੇ ਤੋਂ ਪੂਰੀ ਤਰ੍ਹਾਂ ਪਿੱਛੇ ਹਟਣ ਲਈ ਕਿਹਾ। ਇਸ ਵਿਵਾਦ ਸਬੰਧੀ ਪੰਜਵੀਂ ਮੀਟਿੰਗ 2 ਅਗਸਤ ਨੂੰ ਹੋ ਕੇ ਹਟੀ ਹੈ। ਇਸ ਮਗਰੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਚੀਨ ਦਾ ਪੂਰਬੀ ਲੱਦਾਖ ’ਚੋਂ ਫੌਜਾਂ ਪਿੱਛੇ ਹਟਾਉਣ ਦਾ ਕੋਈ ਇਰਾਦਾ ਨਹੀਂ ਹੇ ਤੇ ਭਾਰਤੀ ਅਫਸਰਾਂ ਵੱਲੋਂ ਫੌਜਾਂ ਨੂੰ ਲੰਮੇ ਸਮੇਂ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ।

ਦਸਤਾਵੇਜ਼ ਹਟਾਉਣ ਨਾਲ ਸੱਚ ਨਹੀਂ ਬਦਲਣਾ: ਰਾਹੁਲ
ਕਾਂਗਰਸ ਨੇ ਅੱਜ ਸਰਕਾਰ ਨੂੰ ਸਵਾਲ ਕੀਤਾ ਕਿ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਤੋਂ ਉਹ ਰਿਪੋਰਟ ਕਿਉਂ ਹਟਾ ਦਿੱਤੀ ਗਈ ਹੈ ਜਿਸ ’ਚ ਖੁਲਾਸਾ ਕੀਤਾ ਗਿਆ ਸੀ ਕਿ ਮਈ ਮਹੀਨੇ ਚੀਨ ਨੇ ਪੂਰਬੀ ਲੱਦਾਖ ’ਚ ਘੁਸਪੈਠ ਕੀਤੀ ਸੀ। ਪਾਰਟੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਵੈੱਬਸਾਈਟ ਤੋਂ ਦਸਤਾਵੇਜ਼ ਹਟਾਉਣ ਨਾਲ ਸੱਚ ਨਹੀਂ ਬਦਲ ਜਾਣਾ। ਸ੍ਰੀ ਗਾਂਧੀ ਨੇ ਟਵੀਟ ਕੀਤਾ, ‘ਭਾਰਤ ਦੇ ਪ੍ਰਧਾਨ ਮੰਤਰੀ ’ਚ ਚੀਨ ਦਾ ਨਾਂ ਲੈਣ ਦਾ ਵੀ ਹੌਸਲਾ ਨਹੀਂ ਹੈ। ਚੀਨ ਦੇ ਭਾਰਤੀ ਇਲਾਕੇ ’ਚ ਘੁਸਪੈਠ ਕਰਨ ਤੋਂ ਮੁਨਕਰ ਹੋਣ ਤੇ ਵੈੱਬਸਾਈਟ ਤੋਂ ਦਸਤਾਵੇਜ਼ ਹਟਾਉਣ ਨਾਲ ਸੱਚਾਈ ਨਹੀਂ ਬਦਲ ਜਾਣੀ।’ ਇਸੇ ਦੌਰਾਨ ਕਾਂਗਰਸ ਦੇ ਬੁਲਾਰੇ ਅਜੈ ਮਾਕਨ ਨੇ ਕਿਹਾ ਕਿ ਸਰਕਾਰ ਨੂੰ ਦੇਸ਼ ਨੂੰ ਚੀਨ ਦੀ ਘੁਸਪੈਠ ਬਾਰੇ ਸੱਚ ਦੱਸਣਾ ਚਾਹੀਦਾ ਹੈ।