ਸਿੱਖ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਫਰੀਮੌਂਟ ਵਿਚ ਮਨੋਰੋਗ ਤਣਾਅ ਬਾਰੇ ਸੈਮੀਨਾਰ 

ਸਿੱਖ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਫਰੀਮੌਂਟ ਵਿਚ ਮਨੋਰੋਗ ਤਣਾਅ ਬਾਰੇ ਸੈਮੀਨਾਰ 

ਫਰੀਮੌਂਟ/ਬਲਵਿੰਦਰਪਾਲ ਸਿੰਘ ਖਾਲਸਾ : 
ਗੁਰਦੁਆਰਾ ਸਾਹਿਬ ਫਰੀਮੌਂਟ ਵਿਚ ਸਿੱਖ ਪੰਚਾਇਤ ਵੱਲੋਂ ਸਿੱਖ ਸੰਗਤਾਂ ਵਾਸਤੇ ਤਣਾਅ ਭਾਵ ਸਟਰੈਸ ਬਾਰੇ ਇਕ ਵਿਸ਼ੇਸ਼ ਵਿਚਾਰ-ਗੋਸ਼ਟੀ ਕਰਵਾਈ ਗਈ, ਜਿਸ ਨੂੰ ਮਨੋਰੋਗਾਂ ਦੇ ਮਾਹਰ ਡਾਕਟਰ ਜਸਬੀਰ ਸਿੰਘ ਲੋਹਾਨ ਤੇ ਡਾਕਟਰ ਸ਼ਿਲਪਾ ਕਪੂਰ ਨੇ ਸੰਬੋਧਨ ਕੀਤਾ। ਇਸ ਸੈਮੀਨਾਰ ਵਿਚ ਬਹੁਤਾ ਹਿੱਸਾ ਡਾਕਟਰ ਲੋਹਾਨ  ਨੇ ਪਾਇਆ ਤੇ ਖਾਸ ਗੱਲਾਂ ਉਤੇ ਡਾਕਟਰ ਸ਼ਿਲਪਾ ਨੇ ਰੌਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਤਣਾਅ ਰਹਿਣਾ ਸਿਹਤ ਤੇ ਮਨ ਦੋਹਾਂ ਲਈ ਪਰੇਸ਼ਾਨੀ ਪੈਦਾ ਕਰਨ ਵਾਲਾ ਹੈ । ਜ਼ਿਆਦਾ ਗੁੱਸਾ ਆਉਣਾ ਜਾਂ ਸੁਭਾਅ ਦਾ ਚਿੜਚਿੜਾਪਣ ਤੇ ਹਰ ਵੇਲੇ ਲੜਾਈ ਲਈ ਤਿਆਰ ਰਹਿਣਾ ਬਹੁਤ ਗੰਭੀਰ ਕਿਸਮ ਦਾ ਦਬਾਅ ਤੇ ਤਣਾਅ  ਗਿਣਿਆ ਜਾਂਦਾ ਹੈ, ਜਿਸ ਨਾਲ ਭਾਰੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਹ ਹਾਲਤ ਤਨ ਤੇ ਮਨ ਦੋਹਾਂ ਲਈ ਨੁਕਸਾਨਦੇਹ ਹੈ। ਕਈ ਵਾਰ ਬਹੁਤ ਭਾਰ ਦਾ ਵਧ ਜਾਣਾ ਵੀ ਕਿਸੇ ਕਿਸਮ ਦੇ ਤਣਾਅ ਦੀ ਨਿਸ਼ਾਨੀ ਹੁੰਦੀ ਹੈ। ਕਿਸੇ ਨਸ਼ੇ ਰਹਿਤ ਮਨੁੱਖ ਵੱਲੋਂ ਅਚਾਨਕ ਨਸ਼ੇ ਵੱਲ ਖਿੱਚੇ ਜਾਣਾ ਤੇ ਮੁੜ ਕਈ ਕਿਸਮ ਦੇ ਨਸ਼ੇ ਕਰਨ ਲੱਗ ਜਾਣਾ ਵੀ ਤਣਾਅਗ੍ਰਸਤ ਮਨ ਦੀ ਨਿਸ਼ਾਨੀ ਹੈ। ਮਨੁੱਖ ਕਿਸੇ ਅਦਿੱਖ ਹਾਲਤ ਤੋਂ ਪ੍ਰਭਾਵਤ ਹੋ ਕੇ ਵਕਤੀ ਛੁਟਕਾਰਾ ਪਾਉਣ ਲਈ ਨਸ਼ੇ ਕਰਨ ਲੱਗਦਾ ਹੈ ਪਰ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ, ਉਲਟਾ ਨੁਕਸਾਨ ਹੁੰਦਾ ਹੈ। ਆਤਮ ਹੱਤਿਆ ਕਰਨ ਵੱਲ ਰੁਚਿਤ ਹੋਣਾ ਜਾਂ ਇਕਦਮ ਨੌਕਰੀ ਤਿਆਗਣ ਲਈ ਤਿਆਰ ਹੋ ਜਾਣਾ ਵੀ ਬਾਹਰੀ ਤੇ ਅੰਦਰੂਨੀ ਤਣਾਅ ਦੀ ਨਿਸ਼ਾਨੀ ਹੈ। ਆਪਣੇ ਵਿਸ਼ਵਾਸ ਤੇ ਭਰੋਸੇਯੋਗਤਾ ਤੋਂ ਯਕੀਨ ਉਠ ਜਾਣਾ ਵੀ ਕਈ ਕਿਸਮ ਦੇ ਦਬਾਵਾਂ ਤੇ ਤਣਾਅ ਦੀ ਨਿਸ਼ਾਨੀ ਹੈ। ਨੀਂਦਰ ਦਾ ਨਾ ਆਉਣਾ ਤੇ ਕਈ ਵਾਰੀ ਲੋੜ ਤੋਂ ਜ਼ਿਆਦਾ ਨੀਂਦਰ ਦਾ ਆਉਣਾ ਵੀ ਤਣਾਅ ਦੇ ਲੱਛਣ ਹਨ। ਇਨਾਂ ਸਾਰੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਸਾਰੇ ਮਨੋਰੋਗ ਹਨ, ਜਿਨਾਂ ਦਾ ਇਲਾਜ ਹੋ ਸਕਦਾ ਹੈ ਤੇ ਇਸ ਲਈ ਕਿਸੇ ਵੀ ਮਨੋਚਕਿਤਸਕ ਕੋਲ ਜਾਣ ਦੀ ਲੋੜ ਹੈ ਤੇ ਅਜਿਹੀਆਂ ਨਿਸ਼ਾਨੀਆਂ ਪੈਦਾ ਹੋਣ 'ਤੇ ਇਲਾਜ ਕਰਵਾਉਣਾ ਚਾਹੀਦਾ ਹੈ। ਸੈਮੀਨਾਰ ਦੀ ਸਮਾਪਤੀ ਉਤੇ ਹਾਜ਼ਰ ਸੰਗਤਾਂ ਨੇ ਡਾਕਟਰ ਸ਼ਿਲਪਾ ਤੇ ਡਾਕਟਰ ਲੋਹਾਨ ਕੋਲੋਂ ਕਈ ਕਿਸਮ ਦੇ ਸੁਆਲ ਪੁੱਛੇ, ਜਿਨਾਂ ਦੇ ਉਨਾਂ ਤਸੱਲੀਬਖਸ਼ ਉਤਰ ਦਿੱਤੇ। ਭਾਈ ਕਸ਼ਮੀਰ ਸਿੰਘ ਸ਼ਾਹੀ  ਨੇ ਦੋਹਾਂ ਡਾਕਟਰਾਂ ਤੇ ਸੰਗਤਾਂ ਦਾ ਸੈਮੀਨਾਰ ਵਿਚ  ਪਹੁੰਚਣ ਲਈ ਧੰਨਵਾਦ ਕੀਤਾ ਤੇ ਦੱਸਿਆ ਕਿ ਅਗਲੇ ਮਹੀਨੇ ਫਿਰ ਮਨ ਦੀਆਂ ਬੀਮਾਰੀਆਂ ਬਾਰੇ ਇਕ ਹੋਰ ਸੈਮੀਨਾਰ ਕਰਵਾਇਆ ਜਾਵੇਗਾ।