ਗੁਰਦੁਆਰਾ ਸਾਹਿਬ ਫਰੀਮੋਂਟ ਵਿਖੇ ਕਰਵਾਏ ਜਾਣਗੇ ਭਾਈ ਖਾਲੜਾ ਅਤੇ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਸਮਾਗਮ

ਗੁਰਦੁਆਰਾ ਸਾਹਿਬ ਫਰੀਮੋਂਟ ਵਿਖੇ ਕਰਵਾਏ ਜਾਣਗੇ ਭਾਈ ਖਾਲੜਾ ਅਤੇ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਸਮਾਗਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਗੁਰਦੁਆਰਾ ਸਾਹਿਬ ਫਰੀਮੋਂਟ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਅਤੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਦਿਹਾੜਿਆਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ। ਸ਼ਹੀਦਾਂ ਦੀ ਯਾਦ ਵਿਚ 4 ਸਤੰਬਰ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਣਗੇ ਜਿਹਨਾਂ ਦੇ ਭੋਗ 6 ਸਤੰਬਰ ਨੂੰ ਪਾਏ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ 25 ਹਜ਼ਾਰ ਸਿੱਖ ਨੌਜਵਾਨਾਂ ਦੀਆਂ ਲਾਵਾਰਿਸ ਲਾਸ਼ਾ ਦਾ ਮੁੱਦਾ ਕੌਮਾਂਤਰੀ ਮੰਚ 'ਤੇ ਉਭਾਰਿਆ ਸੀ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਖਾਲਸਾ ਪੰਥ 'ਤੇ ਢਾਹੇ ਜਾ ਰਹੇ ਜ਼ੁਲਮ ਨੂੰ ਠੱਲ੍ਹਣ ਅਤੇ ਕੌਮ ਦੀ ਜਵਾਨੀ ਦੀ ਜਵਾਨੀ ਦੇ ਡੁੱਲ੍ਹ ਰਹੇ ਲਹੂ ਨੂੰ ਰੋਕਣ ਹਿੱਤ ਆਪਾ ਨਿਸ਼ਾਵਰ ਕੀਤਾ। 

ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਪੰਜਾਬ ਵਿਚ ਝੂਠੇ ਪੁਲਸ ਮੁਕਾਬਲਿਆਂ 'ਚ ਕਤਲ ਕੀਤੇ 25 ਹਜ਼ਾਰ ਤੋਂ ਵੱਧ ਸਿੱਖਾਂ ਦਾ ਮਾਮਲਾ ਕੌਮਾਂਤਰੀ ਪੱਧਰ 'ਤੇ ਪਹੁੰਚਾ ਦਿੱਤਾ ਸੀ, ਜਿਸ ਤੋਂ ਘਬਰਾਏ ਭਾਰਤੀ ਰਾਜ ਨੇ ਪੰਜਾਬ ਪੁਲਸ ਦੇ ਸਾਬਕਾ ਮੁਖੀ ਕੇਪੀਐਸ ਗਿੱਲ ਰਾਹੀਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਵਾ ਕੇ 6 ਸਤੰਬਰ 1995 ਨੂੰ ਸ਼ਹੀਦ ਕਰ ਦਿੱਤਾ ਸੀ। 

ਸ਼ਹੀਦ ਭਾਈ ਦਿਲਾਵਰ ਸਿੰਘ ਪੰਜਾਬ ਪੁਲਸ ਦੇ ਮੁਲਾਜ਼ਮ ਸੀ, ਪਰ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੁਕਮਾਂ ਨਾਲ ਪੁਲਸ ਦੇ ਉੱਚ ਅਫਸਰਾਂ ਵੱਲੋਂ ਕੀਤੇ ਜਾ ਰਹੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲਿਆਂ ਨੂੰ ਨਾ ਸਹਾਰਦਿਆਂ ਉਹਨਾਂ 31 ਅਗਸਤ 1995 ਨੂੰ ਪੰਜਾਬ ਸਕੱਤਰੇਤ ਵਿਖੇ ਮਨੁੱਖੀ ਬੰਬ ਬਣ ਕੇ ਖੁਦ ਨੂੰ ਉਡਾ ਲਿਆ ਸੀ ਤੇ ਇਸ ਧਮਾਕੇ ਵਿਚ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ ਵੀ ਮਾਰਿਆ ਗਿਆ ਸੀ।