ਰਾਮ ਸਰੂਪ ਅਣਖੀ ਦਾ ਬਚਪਨ

ਰਾਮ ਸਰੂਪ ਅਣਖੀ ਦਾ ਬਚਪਨ
ਡਾ. ਭੁਪਿੰਦਰ ਸਿੰਘ ਬੇਦੀ
 
ਰਾਮ ਸਰੂਪ ਅਣਖੀ ਦਾ ਨਾਂ ਪੰਜਾਬੀ ਸਾਹਿਤ ਜਗਤ ਵਿਚ ਧਰੂ ਤਾਰੇ ਵਾਂਗ ਚਮਕਦਾ ਹੈ। ਪਾਠਕਾਂ ਦੀ ਇਹ ਜਗਿਆਸਾ ਹੋਵੇਗੀ ਕਿ ਉਨ੍ਹਾਂ ਦਾ ਬਚਪਨ ਕਿਹੋ ਜਿਹਾ ਹੋਵੇਗਾ। ਕਾਗ਼ਜ਼ਾਂ ਮੁਤਾਬਕ ਉਨ੍ਹਾਂ ਦਾ ਜਨਮ 28 ਅਗਸਤ 1932 ਨੂੰ ਮਾਤਾ ਸੋਧਾਂ ਜੀ ਅਤੇ ਪਿਤਾ ਇੰਦਰ ਰਾਮ ਦੇ ਘਰ ਧੌਲਾ ਵਿਖੇ ਬ੍ਰਾਹਮਣ ਪਰਿਵਾਰ ਵਿਚ ਹੋਇਆ। ਘਰ ਦਾ ਮਾਹੌਲ ਖੇਤੀ-ਪੱਤੀ ਵਾਲਾ ਸੀ। ਉਹ ਕੋਈ ਸੱਤਰ ਘੁਮਾਂ ਜ਼ਮੀਨ ਦੇ ਮਾਲਕ ਸਨ। ਤਿੰਨ ਖੇਤ ਵੱਖ-ਵੱਖ ਦਿਸ਼ਾਵਾਂ ਵਿਚ ਸਨ। ਘਰ ਵਿਚ ਖੁੱਲ੍ਹਾ ਮਾਹੌਲ ਸੀ। ਮਾਸੀ ਦਾ ਮੁੰਡਾ ਚੇਤ ਰਾਮ ਉਰਫ਼ ਚੇਤੂ ਵੀ ਖੇਤੀ ਦੇ ਕੰਮ ਵਿਚ ਹੱਥ ਵਟਾਉਂਦਾ। ਕਈ ਭੈਣ-ਭਰਾ ਹੋਏ ਪਰ ਬਚੇ ਤਿੰਨ ਹੀ। ਵੱਡੀ ਭੈਣ ਭਾਗਵੰਤੀ, ਛੋਟਾ ਭਰਾ ਨਵਜੋਸ਼। ਨਿੱਕੇ ਹੁੰਦੇ ਤੋਂ ਹੀ ਅਣਖੀ ਜੀ ਨੂੰ ਲਾਡਾਂ-ਪਿਆਰਾਂ ਨਾਲ ਪਾਲ਼ਿਆ ਗਿਆ। ਕੋਈ ਰੋਕ-ਟੋਕ ਨਹੀਂ ਸੀ।
 
ਅਣਖੀ ਜੀ ਦੇ ਘਰ ਦੀ ਕੰਧ ਨਾਲ ਲੱਗਦੇ ਜੱਗਰ ਦਾ ਡੰਗਰਾਂ ਵਾਲਾ ਘਰ ਸੀ। ਘਰ ਦੇ ਵਿਹੜੇ 'ਚ ਕੁਤਰਾ ਕਰਨ ਵਾਲੀ ਮਸ਼ੀਨ ਲੱਗੀ ਹੋਈ ਸੀ। ਫੱਗਣ ਦਾ ਮਹੀਨਾ ਸੀ। ਅਣਖੀ ਦੇ ਬਾਪੂ ਜੀ ਅਤੇ ਮਾਸੀ ਦਾ ਮੁੰਡਾ ਚੇਤੂ ਸਰ੍ਹੋਂ ਦੀਆਂ ਭਰੀਆਂ ਲੈ ਕੇ ਆਏ ਜਿਹੜੀਆਂ ਮਸ਼ੀਨ ਕੋਲ ਸੁੱਟ ਦਿੱਤੀਆਂ। ਅਣਖੀ ਜੀ ਆਪਣੇ ਸਾਥੀ ਮੁੰਡਿਆਂ ਨਾਲ ਖੇਡਦੇ-ਖੇਡਦੇ ਕੁਤਰਾ ਕਰਨ ਵਾਲੀ ਮਸ਼ੀਨ ਨਾਲ ਪੰਗੇ ਲੈਣ ਲੱਗੇ। ਮਸ਼ੀਨ ਦੀ ਹੱਥੀ ਫੜ ਕੇ ਗੇੜਨ ਲੱਗੇ। ਨਾਲ ਦੇ ਬੇਲੀਆਂ ਨੇ ਸਰ੍ਹੋਂ ਦਾ ਰੁੱਗ ਲਾ ਦਿੱਤਾ। ਮਸ਼ੀਨ ਰੁਕੀ ਤਾਂ ਗੁਆਂਢ 'ਚੋਂ ਚੰਨਣ ਕੀ ਛੋਟੀ ਬੱਚੀ ਕਰਤਾਰੋ ਨੇ ਮਸ਼ੀਨ 'ਚ ਫਸੇ ਫੁੱਲਾਂ ਨੂੰ ਚੁੱਕਣ ਲਈ ਉਂਗਲਾਂ ਵਧਾਈਆਂ ਤਾਂ ਅਣਖੀ ਜੀ ਤੋਂ ਪਹੀਆ ਫਿਰ ਗਿਆ। ਬੱਚੀ ਦੀਆਂ ਦੋ ਉਂਗਲਾਂ ਮਸ਼ੀਨ 'ਚ ਆ ਕੇ ਵੱਢੀਆਂ ਗਈਆਂ, ਜੋ ਕੁਤਰੇ ਦੇ ਢੇਰ 'ਤੇ ਕਿਰਲੀ ਦੀ ਪੂਛ ਵਾਂਗ ਤੜਫ਼ ਰਹੀਆਂ ਸਨ। ਅਣਖੀ ਸਭ ਕੁਝ ਦੇਖ ਕੇ ਭੈਅ-ਭੀਤ ਹੋ ਗਏ ਅਤੇ ਉੱਥੋਂ ਭੱਜ ਨਿਕਲੇ। ਸ਼ਾਮ ਨੂੰ ਘਰੇ ਆਏ ਤਾਂ ਮਾਂ ਨੇ ਖੱਟੀਆਂ-ਮਿੱਠੀਆਂ ਸੁਣਾਈਆਂ ਤੇ ਅਣਖੀ ਦੇ ਬਾਪੂ ਨੇ ਕਿਹਾ, ''ਇਸ ਨੂੰ ਮਹੀਂਆਂ ਮਗਰ ਤੋਰਿਆ ਕਰੋ।''
 
ਪਿੰਡ ਵਿਚ ਇਕ ਸਕੂਲ ਸੀ ਜੋ ਚੌਥੀ ਜਮਾਤ ਤਕ ਸੀ। ਉੱਥੇ ਮਾਸਟਰ ਦੇਸ ਰਾਜ ਕਾਫ਼ੀ ਸਮੇਂ ਤੋਂ ਪੜ੍ਹਾਉਂਦਾ ਸੀ। ਇਹ ਸਕੂਲ ਪਿੰਡ ਵਿਚ ਬਹੁਤ ਸਾਲ ਪਹਿਲਾਂ ਬਣੇ ਕਿਲ੍ਹੇ ਵਿਚ ਲੱਗਦਾ। ਲੋਕ ਇਸ ਨੂੰ ਕਿਲ੍ਹਾ ਹੀ ਕਹਿੰਦੇ। ਮਾਂ ਪਤਾਸਿਆਂ ਦੀ ਝੋਲ਼ੀ ਭਰ ਕੇ ਅਣਖੀ ਨੂੰ ਸਕੂਲ ਦਾਖ਼ਲ ਕਰਵਾਉਣ ਗਈ। ਕੁਦਰਤੀ ਮਾਸਟਰ ਨੇ ਕਿਸੇ ਹੋਰ ਮੁੰਡੇ ਨੂੰ ਰੂਲ ਨਾਲ ਕੁੱਟਿਆ। ਅਣਖੀ ਦਾ ਅਜੇ ਨਾਂ ਵਗੈਰਾ ਲਿਖਿਆ ਸੀ। ਉਹ ਡਰਦੇ ਮਾਰੇ ਮਾਂ ਨਾਲ ਚਿੰਬੜ ਗਿਆ ਅਤੇ ਉੱਥੋਂ ਭੱਜ ਗਿਆ।
 
ਉਹ ਪਤੰਗ ਵੀ ਚੜ੍ਹਾਉਂਦੇ ਸਨ। ਇਕ ਦਿਨ ਕੋਠੇ 'ਤੇ ਚੜ੍ਹ ਕੇ ਪਤੰਗ ਚੜ੍ਹਾ ਰਹੇ ਸਨ। ਪੇਚਾ ਪਿਆ ਹੋਇਆ ਸੀ। ਨਿਗ੍ਹਾ ਪਤੰਗ 'ਚ ਸੀ, ਕਿਤੇ ਕੱਟ ਨਾ ਜਾਵੇ, ਪਿੱਛੇ ਹਟਦੇ-ਹਟਦੇ ਕੱਚੇ ਬਨੇਰੇ ਤੋਂ ਡਿੱਗ ਪਏ। ਮਸ਼ੀਨ ਨੂੰ ਲੱਕੜ ਦੀਆਂ ਫੱਟੀਆਂ ਨਾਲ ਕਿੱਲ ਠੋਕੇ ਹੋਏ ਸਨ। ਇਕ ਕਿੱਲ ਖੱਬੀ ਗੱਲ੍ਹ ਦੇ ਆਰ-ਪਾਰ ਹੋ ਗਿਆ। ਉਹ ਬੇਹੋਸ਼ ਹੋ ਗਏ। ਕਈ ਦਿਨ ਪੱਟੀਆਂ ਹੋਈਆਂ। ਚਾਹ ਆਦਿ ਪੀਂਦੇ ਤਾਂ ਗੱਲ੍ਹ ਵਿਚ ਦੀ ਬਾਹਰ ਆ ਜਾਂਦੀ। ਕਾਫ਼ੀ ਸਮੇਂ ਬਾਅਦ ਜ਼ਖ਼ਮ ਭਰਿਆ। ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮਾਤਾ ਜੀ ਰਾਮ ਕ੍ਰਿਸ਼ਨ ਬਾਣੀਏ ਦੇ ਮੁੰਡੇ ਕੋਲ ਗਏ ਜੋ ਚੌਥੀ 'ਚ ਪੜ੍ਹਦਾ ਸੀ। ਉਸ ਨੂੰ ਕਿਹਾ ਕਿ ਉਹ ਵਡਿਆ ਕੇ ਸਕੂਲ ਲੈ ਜੇ। ਸ਼ਾਮ ਤਕ ਉਸ ਨੇ ਅਣਖੀ ਜੀ ਨੂੰ ਤਿਆਰ ਕਰ ਲਿਆ। ਉਦੋਂ ਉਨ੍ਹਾਂ ਨੂੰ ਨੌਵਾਂ ਸਾਲ ਲੱਗਾ ਹੋਇਆ ਸੀ। ਪਹਿਲੀ ਜਮਾਤ ਵਿਚ ਦਾਖ਼ਲਾ ਲਿਆ। ਦੂਜੀ ਜਮਾਤ ਵਿਚ ਨਵਾਂ ਮਾਸਟਰ ਆ ਗਿਆ। ਤੀਸਰੀ ਜਮਾਤ 'ਚ ਅਣਖੀ ਜੀ ਦੇ ਗੁਰੂ ਅਧਿਆਪਕ ਕਰਮ ਚੰਦ ਖੰਨਾ ਮੰਡੀ ਕੋਲੋਂ ਪਿੰਡ ਭੜੀ ਤੋਂ ਆਏ ਜੋ ਬਹੁਤ ਵਧੀਆ ਪੜ੍ਹਾਉਂਦੇ ਸਨ। ਉਹ ਸਕੂਲ ਵਿਚ ਤਾਂ ਪੜ੍ਹਾਉਂਦੇ ਹੀ, ਆਪਣੇ ਘਰ ਆ ਕੇ ਵੀ ਬੱਚਿਆਂ ਨੂੰ ਨਵੀਆਂ-ਨਵੀਆਂ ਗੱਲਾਂ ਸਿਖਾਉਂਦੇ। ਅਣਖੀ ਜੀ ਦੀ ਵਿਚਾਰਧਾਰਾ ਨੂੰ ਪਰਪੱਕ ਕਰਨ ਵਿਚ ਮਾਸਟਰ ਕਰਮ ਚੰਦ ਦਾ ਬਹੁਤ ਹੱਥ ਹੈ। ਅਣਖੀ ਜੀ ਕਿਸੇ ਦੇਵੀ-ਦੇਵਤਾ ਨੂੰ ਨਹੀਂ ਮੰਨਦੇ ਸਨ। ਚੌਥੀ ਜਮਾਤ ਤੋਂ ਬਾਅਦ ਪਿੰਡੋਂ ਬਾਹਰ ਪੜ੍ਹਨ ਜਾਣਾ ਸੀ। ਇਸ ਲਈ ਨਾਭੇ, ਫਿਰ ਹੰਡਿਆਏ ਪੜ੍ਹਨ ਲਾਇਆ ਗਿਆ। ਮਾਸਟਰ ਕਰਮ ਚੰਦ ਨੇ ਅਣਖੀ ਜੀ ਨੂੰ ਪੰਜਾਬੀ ਅਤੇ ਅੰਗਰੇਜ਼ੀ ਸਿਖਾਈ ਜੋ ਪੰਜਵੀਂ ਵਿਚ ਲੱਗਦੀ ਸੀ। ਚੌਥੀ ਤਕ ਉਰਦੂ ਜ਼ੁਬਾਨ ਪੜ੍ਹੀ।
 
ਉਨ੍ਹਾਂ ਦੀ ਸਾਹਿਤਕ ਸਿਰਜਣਾ ਦੇ ਬੂਟੇ ਦੀਆਂ ਜੜ੍ਹਾਂ ਵਿਚ ਦੋ ਪਾਤਰਾਂ ਨੇ ਖਾਦ, ਮਿੱਟੀ ਤੇ ਪਾਣੀ ਪਾਉਣ ਦਾ ਕੰਮ ਕੀਤਾ। ਇਹ ਸਨ ਸਦੀਕ ਤੇ ਚੇਤੂ। ਸਦੀਕ ਮਰਾਸੀਆਂ ਦਾ ਮੁੰਡਾ ਸੀ ਤੇ ਅਣਖੀ ਜੀ ਦੇ ਹਾਣ ਦਾ ਵੀ ਸੀ। ਅਕਸਰ ਅਣਖੀ ਜੀ ਸਦੀਕ ਦੇ ਘਰ ਜਾਂਦੇ। ਉੱਥੇ ਸੰਗੀਤਕ ਮਹਿਫ਼ਲ ਦਾ ਆਨੰਦ ਮਾਣਦੇ। ਉਹ ਅਕਸਰ ਸਦੀਕ ਦੇ ਨਾਲ ਬਿਤਾਏ ਪਲ ਸਾਡੇ ਨਾਲ ਸਾਂਝੇ ਕਰਦੇ। ਸਾਲ ਵਿਚ ਇਕ ਵਾਰ ਸ਼ਾਹ ਨੂਰ ਗਾਜ਼ੀ ਦੀ ਕਬਰ 'ਤੇ ਕੱਵਾਲੀਆਂ ਲੱਗਦੀਆਂ। ਅਣਖੀ ਜੀ 'ਤੇ ਇਨ੍ਹਾਂ ਕੱਵਾਲੀਆਂ ਦੀ ਸ਼ਾਇਰੀ ਦਾ ਪ੍ਰਭਾਵ ਪੈਣਾ ਸੁਭਾਵਿਕ ਹੀ ਸੀ। ਸੰਤਾਲੀ ਤੋਂ ਬਾਅਦ ਇਹ ਮਹਿਫ਼ਲਾਂ ਉੱਜੜ ਗਈਆਂ। ਸਦੀਕ ਪਾਕਿਸਤਾਨ ਚਲਿਆ ਗਿਆ। ਅਣਖੀ ਜੀ ਨੇ 'ਮੁੜ ਆ ਸਦੀਕ' ਕਹਾਣੀ ਲਿਖੀ।
 
ਮਾਸੀ ਦਾ ਮੁੰਡਾ ਚੇਤੂ ਕਿੱਸਿਆਂ ਨੂੰ ਪੜ੍ਹਨ ਦਾ ਸ਼ੌਕੀਨ ਸੀ। ਉਹ ਸੱਥ ਵਿਚ ਬੈਠ ਕੇ ਕਿੱਸੇ ਪੜ੍ਹਦਾ 'ਰੂਪ-ਬਸੰਤ', 'ਨਲ-ਦਮਯੰਤੀ', 'ਜਾਨੀ ਚੋਰ', 'ਪੂਰਨ ਭਗਤ' ਆਦਿ। ਉਸ ਦੀ ਆਵਾਜ਼ ਵਿਚ ਰੁਦਨ ਸੀ। ਬੋਲ ਟੱਲੀ ਵਰਗਾ। ਸਿਆਲ਼ ਦੀਆਂ ਲੰਬੀਆਂ ਰਾਤਾਂ ਵਿਚ ਅੱਧੀ-ਅੱਧੀ ਰਾਤ ਤਕ ਕਿੱਸੇ ਪੜ੍ਹਦਾ। ਅਣਖੀ ਜੀ ਘਰ ਤੋਂ ਚੋਰੀ ਉਸ ਦੇ ਨਾਲ ਜਾਂਦੇ। ਫਿਰ ਚੇਤੂ ਅਚਾਨਕ ਪਿੰਡ ਦੇ ਕਿਸੇ ਡਾਕੂ ਨਾਲ ਗਾਇਬ ਹੋ ਗਿਆ। ਉਸ ਦੇ ਕਿੱਸੇ ਅਣਖੀ ਜੀ ਦੇ ਹੱਥ ਲੱਗ ਗਏ ਜੋ ਉਨ੍ਹਾਂ ਨੇ ਵਾਰ-ਵਾਰ ਪੜ੍ਹੇ। ਚੇਤੂ ਵਾਂਗ ਗਲ਼ ਵਿਚ ਰੁਦਨ ਭਰ ਕੇ ਗਾਏ ਵੀ।
 
ਸੱਤਵੀਂ-ਅੱਠਵੀਂ ਜਮਾਤ 'ਚ ਉਨ੍ਹਾਂ ਨੇ 'ਭਾਈ ਜੀਵਨ ਸਿੰਘ ਚਤਰ ਸਿੰਘ' ਨੂੰ ਚਿੱਠੀ ਪਾ ਕੇ ਵਾਰਿਸ ਸ਼ਾਹ ਦੀ 'ਹੀਰ' ਮੰਗਵਾਈ। ਪਿੰਡ ਵਿਚ ਚਰਚਾ ਛਿੜੀ। ਉਨ੍ਹਾਂ ਦੇ ਪਿਤਾ ਜੀ ਨੂੰ ਡਰ ਸੀ ਕਿ ਕਿਤੇ ਮੁੰਡੇ ਨੇ ਕੋਈ ਹੋਰ ਕਿਤਾਬ ਨਾ ਮੰਗਵਾਈ ਹੋਵੇ। ਜਦੋਂ ਪਤਾ ਲੱਗਿਆ ਕਿ 'ਹੀਰ ਵਾਰਿਸ ਸ਼ਾਹ' ਹੈ ਤਾਂ ਚੈਨ ਆਇਆ। ਅਣਖੀ ਜੀ ਨੇ ਸੱਤ-ਅੱਠ ਵਾਰ ਹੀਰ ਪੜ੍ਹੀ। ਉਨ੍ਹਾਂ ਨੇ ਆਪ ਵੀ ਬੈਂਤਾਂ ਲਿਖੀਆਂ। ਪਿੰਡ ਦੀ ਕੁੜੀ ਨੂੰ ਮਨ ਵਿਚ ਚਿਤਵ ਕੇ ਲਿਖਿਆ। ਮੁੱਕਦੀ ਗੱਲ ਇਹ ਕਿ ਅਣਖੀ ਨੂੰ ਵਾਰਿਸ ਸ਼ਾਹ ਦੀ 'ਹੀਰ' ਪੜ੍ਹਨ ਦੀ ਚੇਟਕ ਚੇਤੂ ਤੋਂ ਲੱਗੀ। ਸਦੀਕ ਅਤੇ ਚੇਤੂ ਨੇ ਅਣਖੀ ਜੀ ਦੀ ਸਾਹਿਤਕ ਸਿਰਜਣਾ ਦੇ ਬੀਜ ਨੂੰ ਪੁੰਗਰਨ ਲਈ ਖਾਦ-ਪਾਣੀ ਦਾ ਕੰਮ ਕੀਤਾ। ਬਚਪਨ ਦੇ ਇਹ ਤਿੰਨੋਂ ਪੱਖ, ਪਹਿਲਾ ਸ਼ਰਾਰਤਾਂ, ਦੂਜਾ ਮਾਸਟਰ ਕਰਮ ਚੰਦ ਦੀ ਸਿੱਖਿਆ ਨਾਲ ਵਿਚਾਰਾਂ ਦੀ ਪਰਪੱਕਤਾ ਤੇ ਤੀਸਰਾ ਸਦੀਕ ਅਤੇ ਚੇਤੂ ਤੋਂ ਸਾਹਿਤਕ ਚੇਟਕ ਦਾ ਲੱਗਣਾ। ਸੋ ਅਣਖੀ ਸਾਹਿਬ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਬਚਪਨ ਦੀ ਭੂਮਿਕਾ ਅਹਿਮ ਕਹੀ ਜਾ ਸਕਦੀ ਹੈ।