ਸੰਘੀ ਗੈਸ ਟੈਕਸ ਤੋਂ ਛੋਟ ਬਾਰੇ ਫੈਸਲਾ ਇਸ ਹਫਤੇ ਦੇ ਅੰਤ ਵਿੱਚ- ਜੋਅ ਬਾਈਡਨ

ਸੰਘੀ ਗੈਸ ਟੈਕਸ ਤੋਂ ਛੋਟ ਬਾਰੇ ਫੈਸਲਾ ਇਸ ਹਫਤੇ ਦੇ ਅੰਤ ਵਿੱਚ- ਜੋਅ ਬਾਈਡਨ

*ਘੱਟਣਗੀਆਂ ਗੈਸ ਦੀਆਂ ਕੀਮਤਾਂ, ਕਾਰਪੋਰੇਸ਼ਨਜ ਉਪਰ ਟੈਕਸ ਵਧਾਉਣ ਦੀ ਯੋਜਨਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 21 ਜੂਨ (ਹੁਸਨ ਲੜੋਆ ਬੰਗਾ)-ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਬਣੇ ਦਬਾਅ ਦੇ ਦਰਮਿਆਨ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਹੈ ਕਿ ਉਹ ਸੰਘੀ ਗੈਸ ਟੈਕਸ ਤੋਂ ਛੁਟਕਾਰਾ ਦਿਵਾਉਣ ਬਾਰੇ ਵਿਚਾਰ ਕਰ ਰਹੇ ਹਨ ਤੇ ਉਹ ਇਸ ਸਬੰਧੀ ਐਲਾਨ ਇਸ ਹਫਤੇ ਦੇ ਅੰਤ ਵਿਚ ਕਰ ਸਕਦੇ ਹਨ। ਬਾਈਡਨ ਪ੍ਰਸ਼ਾਸਨ ਮੱਧਕਾਲੀ ਚੋਣ ਸਾਲ ਹੋਣ ਕਾਰਨ ਗੈਸ ਦੀਆਂ ਕੀਮਤਾਂ ਘਟਾਉਣ ਦੇ ਢੰਗ - ਤਰੀਕੇ ਲੱਭ ਰਿਹਾ ਹੈ। ਕੁਝ ਡੈਮੋਕਰੈਟਿਕ ਕਾਨੂੰਨ ਘਾੜੇੇ ਰਾਸ਼ਟਰਪਤੀ ਉਪਰ ਗੈਸ ਦੀ ਕੀਮਤ ਘਟਾਉਣ ਲਈ ਪਿਛਲੇ ਸਮੇੇ ਤੋਂ ਦਬਾਅ ਬਣਾ ਰਹੇ ਹਨ। ਰਾਸ਼ਟਰਪਤੀ ਨੇ ਰੇਹੋਬੋਥ ਬੀਚ, ਡੈਲਾਵੇਰ ਵਿਚ ਛੁੱਟੀ ਮਨਾਉਣ ਮੌਕੇ ਕਿਹਾ ਕਿ ਮੈ ਆਸ ਕਰਦਾ ਹਾਂ ਕਿ ਅੰਕੜਾ ਆਧਾਰਤ ਨਿਰਨਾ ਇਸ ਹਫਤੇ ਲੈ ਲਿਆ ਜਾਵੇਗਾ। ਅਮੈਰੀਕਨ ਆਟੋਮੋਬਾਇਲ ਐਸੋਸੀਏਸ਼ਨ ਅਨੁਸਾਰ ਪ੍ਰਤੀ ਗੈਲਨ ਗੈਸ ਉਪਰ ਸੰਘੀ ਗੈਸ ਟੈਕਸ 18.4 ਸੈਂਟ ਹੈ। ਇਸ ਤੋਂ ਇਲਾਵਾ 18.3 ਸੈਂਟ ਐਕਸਾਈਜ ਟੈਕਸ ਤੇ 0.1% ਸਟੋਰੇਜ ਫੀਸ ਲਾਗੂ ਹੈ। ਡੀਜ਼ਲ ਉਪਰ ਸੰਘੀ ਟੈਕਸ 24.3 ਸੈਂਟ ਤੇ 0.1 ਸੈਂਟ ਫੀਸ ਲਾਗੂ ਹੈ। ਇਸ ਸਮੇ ਇਕ ਗੈਲਨ ਗੈਸ ਦੀ ਰਾਸ਼ਟਰੀ ਔਸਤ ਕੀਮਤ 4.981 ਡਾਲਰ ਹੈ। ਬਾਈਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਲੰਘੇ ਐਤਵਾਰ ਕਿਹਾ ਸੀ ਕਿ ਪ੍ਰਸ਼ਾਸਨ ਸੰਘੀ ਗੈਸ ਟੈਕਸ ਮੁਲਤਵੀ ਕਰ ਸਕਦਾ ਹੈ। ਬਾਈਡਨ ਨੇ ਹੋਰ ਕਿਹਾ ਕਿ ਉਨਾਂ ਨੇ ਕਲਿੰਟਨ ਪ੍ਰਸ਼ਾਸਨ ਵਿਚ ਰਹੇ ਖਜ਼ਾਨਾ ਸਕੱਤਰ  ਤੇ ਓਬਾਮਾ ਪ੍ਰਸ਼ਾਸਨ ਵਿਚ ਰਹੇ ਆਰਥਕ ਸਲਾਹਕਾਰ ਲੈਰੀ ਸਮਰਸ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਜਿਨਾਂ ਨੇ ਮੰਦੇ ਦੀ ਸੰਭਾਵਨਾ ਬਾਰੇ ਚੌਕਸ ਕੀਤਾ ਹੈ ਜਦ ਕਿ ਫੈਡਰਲ ਰਿਜਰਵ ਨੇ ਸਿੱਕੇ ਦੇ ਫੈਲਾਅ ਨੂੰ ਘਟਾਉਣ ਦੇ ਮਕਸਦ ਨਾਲ ਵਿਆਜ ਦਰਾਂ ਵਧਾ ਦਿੱਤੀਆਂ ਹਨ। ਬਾਈਡਨ ਨੇ ਕਿਹਾ ਕਿ ਮੰਦੇ ਬਾਰੇ ਨਿਸ਼ਚਤ ਕੁਝ ਨਹੀਂ ਹੈ। ਉਨਾਂ ਕਿਹਾ ਕਿ ਉਨਾਂ ਦੀ ਤੇਲ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਇਸ ਹਫਤੇ ਮੀਟਿੰਗ ਕਰਨ ਦੀ ਯੋਜਨਾ ਹੈ ਜਿਸ ਵਿਚ ਉਹ ਉਨਾਂ ਕੋਲੋਂ ਪੁੱਛਣਗੇ ਕਿ ਉਹ 2022 ਦੀ ਪਹਿਲੀ ਤਿਮਾਹੀ ਦੌਰਾਨ 35 ਅਰਬ ਡਾਲਰ ਕਮਾਉਣ ਨੂੰ ਕਿਸ ਤਰਾਂ ਉੁਚਿੱਤ ਠਹਿਰਾਅ ਸਕਦੇ ਹਨ। ਰਾਸ਼ਟਰਪਤੀ ਨੇ ਹੋਰ ਕਿਹਾ ਕਿ ਉਹ ਸਿਹਤ ਉਪਰ ਹੁੰਦੇ ਖਰਚ ਨੂੰ ਘਟਾਉਣ ਬਾਰੇ ਵਿਚਾਰ ਕਰ ਰਹੇ ਹਨ ਤੇ ਆਸ ਹੈ ਕਿ ਇਸ ਮਾਮਲੇ ਵਿਚ ਕਾਂਗਰਸ ਉਨਾਂ ਦਾ ਸਮਰਥਨ ਕਰੇਗੀ। ਉਨਾਂ ਕਿਹਾ ਕਿ ਅਸੀਂ ਮੈਡੀਕੇਅਰ ਵਿਚ ਤਬਦੀਲੀ ਕਰਨ ਤੇ ਇੰਸੂਲਿਨ ਲਾਗਤ ਘਟ ਕਰਨ ਵਿਚ ਸਫਲ ਹੋ ਜਾਵਾਂਗੇ। ਉਨਾਂ ਕਿਹਾ ਕਿ ਇਨਾਂ ਤਜਵੀਜ਼ਾਂ ਲਈ ਪੈਸਾ ਜੁਟਾਉਣ ਵਾਸਤੇ ਉਹ ਕਾਰਪੋਰੇਸ਼ਨਜ ਉਪਰ ਟੈਕਸ ਵਧਾਉਣਾ ਚਹੁੰਦੇ ਹਨ ਪਰੰਤੂ ਟੈਕਸ ਪ੍ਰਣਾਲੀ ਵਿਚ ਸਮੁੱਚੇ ਤੌਰ 'ਤੇ ਸੁਧਾਰ ਲਈ ਸੈਨਟ ਅੜਿਕਾ ਖੜਾ ਸਕਦੀ ਹੈ।