ਫਤਹਿਵੀਰ ਦੀ ਮੌਤ ਖਿਲਾਫ ਸੜਕਾਂ 'ਤੇ ਉਤਰੇ ਲੋਕ; ਪਰਿਵਾਰ ਵੱਲੋਂ ਸ਼ਾਂਤੀ ਦੀ ਅਪੀਲ

ਫਤਹਿਵੀਰ ਦੀ ਮੌਤ ਖਿਲਾਫ ਸੜਕਾਂ 'ਤੇ ਉਤਰੇ ਲੋਕ; ਪਰਿਵਾਰ ਵੱਲੋਂ ਸ਼ਾਂਤੀ ਦੀ ਅਪੀਲ
ਚੰਡੀਗੜ੍ਹ: ਬੋਰਵੈਲ ਵਿੱਚ ਡਿੱਗੇ ਦੋ ਸਾਲਾ ਫਤਿਹਵੀਰ ਸਿੰਘ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਪੰਜਾਬ ਭਰ ਵਿਚ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਜਿਉਂ ਹੀ ਲੋਕਾਂ ਨੂੰ ਫਤਿਹਵੀਰ ਦੀ ਮੌਤ ਦਾ ਪਤਾ ਲੱਗਿਆ ਤਾਂ ਲੋਕ ਵੱਖ ਵੱਖ ਥਾਵਾਂ ਉਤੇ ਇਕੱਠੇ ਹੋਣੇ ਸ਼ੁਰੂ ਹੋਏ। ਸਰਕਾਰ, ਪ੍ਰਸ਼ਾਸਨ ਦੀ ਨਾਕਾਮੀ ਕਾਰਨ ਫੇਲ੍ਹ ਹੋਏ ਸਾਰੇ ਸਰਕਾਰੀ ਤੰਤਰ ਵਿਰੁਧ ਲੋਕਾਂ ਵੱਲੋਂ ਸੰਗਰੂਰ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਉਤੇ ਜਾਮ ਲਗਾਏ ਗਏ। ਮਿਲੀ ਜਾਣਕਾਰੀ ਮੁਤਾਬਕ ਸੁਨਾਮ ਵਿਖੇ ਆਈਟੀ ਚੌਂਕ ਉਤੇ ਜਾਮ ਲਗਾ ਦਿੱਤਾ ਗਿਆ ਹੈ। ਰੋਸ ਵਜੋਂ ਸੁਨਾਮ ਸ਼ਹਿਰ ਨੂੰ ਬੰਦ ਕੀਤਾ ਗਿਆ। ਸੰਗਰੂਰ ਦੀਆਂ ਵੱਖ ਵੱਖ ਜਨਤਕ, ਜਮਹੂਰੀ ਅਤੇ ਵਪਾਰਕ ਜਥੇਬੰਦੀਆਂ ਵੱਲੋਂ ਕੱਲ੍ਹ 12 ਜੂਨ ਨੂੰ ਸੰਗਰੂਰ ਦੇ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਅੱਜ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿਚ ਫਤਿਹਵੀਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਫੈਸਲਾ ਕੀਤਾ ਗਿਆ ਪ੍ਰਸ਼ਾਸਨ ਅਤੇ ਸਰਕਾਰ ਵਿਰੁਧ ਸੰਗਰੂਰ ਨੂੰ ਬੰਦ ਰੱਖਿਆ ਜਾਵੇਗਾ। ਬੱਚੇ ਫਤਿਹਵੀਰ ਸਿੰਘ ਜਿਸ ਨੂੰ ਪੋਸਟਮਾਰਟਮ ਦੇ ਬਾਅਦ ਪਿੰਡ ਭਗਵਾਨਪੁਰਾ ਲਿਆਂਦਾ ਗਿਆ ਹੈ, ਦੇ ਦਾਦਾ ਰੋਹੀ ਸਿੰਘ ਨੇ ਇੱਕ ਵੀਡੀਓ ਰਾਹੀਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਫਤਿਹਵੀਰ ਸਿੰਘ ਦੇ ਨਾਂਅ 'ਤੇ ਕੋਈ ਧਰਨਾ ਨਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਆਪੋ ਆਪਣੇ ਧਾਰਮਿਕ ਸਥਾਨਾਂ ਉੱਪਰ ਫ਼ਤਿਹ ਲਈ ਅਰਦਾਸ ਕੀਤੀ ਜਾਵੇ।