ਪੰਥਕ ਵਿਰੋਧ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਫਰਜ਼ਾਨਾ ਆਲਮ ਦੀ ਨਿਯੁਕਤੀ ਰੱਦ ਕੀਤੀ

ਪੰਥਕ ਵਿਰੋਧ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਫਰਜ਼ਾਨਾ ਆਲਮ ਦੀ ਨਿਯੁਕਤੀ ਰੱਦ ਕੀਤੀ
ਇਜ਼ਹਾਰ ਆਲਮ ਅਤੇ ਫਰਜ਼ਾਨਾ ਆਲਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਬੀਬੀਆਂ ਦੀ ਇਕਾਈ ਦੀਆਂ ਨਿਯੁਕਤੀਆਂ ਕਰਦਿਆਂ ਕੁੱਝ ਦਿਨ ਪਹਿਲਾਂ ਜਨਰਲ ਸਕੱਤਰ ਨਿਯੁਕਤ ਕੀਤੀ ਗਈ ਫਰਜ਼ਾਨਾ ਆਲਮ ਦੀ ਨਿਯੁਕਤੀ ਨੂੰ ਪਾਰਟੀ ਨੇ ਰੱਦ ਕਰ ਦਿੱਤਾ ਹੈ। ਫਰਜ਼ਾਨਾ ਆਲਮ ਪੰਜਾਬ ਪੁਲਸ ਦੇ ਸਾਬਕਾ ਅਫਸਰ ਇਜ਼ਹਾਰ ਆਲਮ ਦੀ ਪਤਨੀ ਹੈ। 

ਜ਼ਿਕਰਯੋਗ ਹੈ ਕਿ ਖਾੜਕੂਵਾਦ ਦੇ ਦੌਰ ਚ ਪੰਜਾਬ ਪੁਲਿਸ ਦੇ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਇਜਹਾਰ ਆਲਮ ਵਲੋਂ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ ਸੀ । ਅੱਜ ਵੀ ਪਿੰਡਾਂ ਵਿਚ "ਆਲਮ ਸੈਨਾ" ਨਾਮ ਦੇ ਉਸ ਟੋਲੇ ਦੇ ਚਰਚੇ ਆਮ ਹੁੰਦੇ ਹਨ ਜੋ ਸਿੱਖ ਨੌਜਵਾਨੀ ਦਾ ਸ਼ਿਕਾਰ ਖੇਡਦਾ ਸੀ। 

ਬਾਦਲ ਪਰਿਵਾਰ ਨੇ ਆਪਣੇ ਸਿਆਸੀ ਸਫਰ ਦੌਰਾਨ ਕਈ ਹੋਰ ਪੰਥ ਵਿਰੋਧੀ ਫੈਂਸਲਿਆਂ ਦੀ ਤਰ੍ਹਾਂ ਇਸ ਪਰਿਵਾਰ ਨੂੰ ਵੀ ਆਪਣੀ ਪਾਰਟੀ ਵਿਚ ਉੱਚ ਅਹੁਦਿਆਂ ਨਾਲ ਨਵਾਜਿਆ। ਫਰਜ਼ਾਨਾ ਆਲਮ ਬਾਦਲ ਦਲ ਦੀ ਟਿਕਟ ਤੋਂ ਮਲੇਰਕੋਟਲਾ ਤੋਂ ਵਿਧਾਇਕ ਵੀ ਰਹੇ। 

ਸਾਕਾ ਨਕੋਦਰ ਸਮੇਂ ਇਜ਼ਹਾਰ ਆਲਮ ਜਿਲ੍ਹੇ ਦਾ ਐਸਐਸਪੀ ਸੀ। ਇਸ ਸਾਕੇ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਚ ਪ੍ਰਦਰਸ਼ਨ ਕਰ ਰਹੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਮੈਂਬਰਾਂ ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਗੋਲੀਬਾਰੀ ਵਿੱਚ ਫੈਡਰੇਸ਼ਨ ਦੇ ਚਾਰ ਨੌਜਵਾਨ ਸਿੰਘ ਸ਼ਹੀਦ ਹੋਏ ਸਨ। ਉਹਨਾਂ ਦਾ ਸਸਕਾਰ ਪੁਲਿਸ ਵਲੋਂ ਪਰਿਵਾਰ ਦੀ ਗੈਰ ਹਾਜ਼ਰੀ 'ਚ ਹੀ ਕਰ ਦਿੱਤਾ ਗਿਆ ਸੀ। ਜਾਂਚ ਵਿਚ ਇਜ਼ਹਾਰ ਆਲਮ ਦਾ ਨਾਮ ਮੁੱਖ ਦੋਸ਼ੀ ਵਜੋਂ ਸਾਹਮਣੇ ਆਇਆ ਸੀ। ਉਸ ਸਮੇਂ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਸੀ। ਇਸ ਤੋਂ ਬਾਅਦ ਤਰੱਕੀ ਕਰਦਾ ਹੋਇਆ ਆਲਮ ਪੁਲਿਸ ਮੁਖੀ ਦੇ ਅਹੁਦੇ ਤੱਕ ਪਹੁੰਚ ਗਿਆ।

ਸਿੱਖ ਨੌਜਵਾਨਾਂ ਦੇ ਘਾਣ ਬਦਲੇ ਇਸਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਪਦਮ ਸ਼੍ਰੀ ਅਵਾਰਡ ਮਿਲਿਆ ਸੀ। ਅਕਾਲੀ ਦਲ ਬਾਦਲ ਵਲੋਂ ਇਜ਼ਹਾਰ ਆਲਮ ਨੂੰ ਪਾਰਟੀ ਦੇ ਉਚ ਅਹੁਦੇ ਸੌਂਪੇ ਗਏ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਬੀਬੀਆਂ ਦੀ ਇਕਾਈ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਫਰਜ਼ਾਨਾ ਆਲਮ ਨੂੰ ਜਨਰਲ ਸਕੱਤਰ ਨਿਯੁਕਤ ਕਰਨ 'ਤੇ ਵਿਰੋਧ ਕਰਦਿਆਂ ਬੀਬੀ ਕਿਰਨਜੋਤ ਕੌਰ ਨੇ ਉਹਨਾਂ ਨੂੰ ਦਿੱਤਾ ਗਿਆ ਜਨਰਲ ਸਕੱਤਰ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਇਲਾਵਾ ਵੀ ਸਿੱਖ ਜਗਤ ਵਿਚੋਂ ਫਰਜ਼ਾਨਾ ਆਲਮ ਦੀ ਨਿਯੁਕਤੀ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਅਤੇ ਭਾਈਵਾਲ ਭਾਜਪਾ ਨਾਲ ਗਠਜੋੜ ਟੁੱਟਣ ਮਗਰੋਂ ਬਾਦਲ ਪਰਿਵਾਰ ਪੰਥ ਦੀਆਂ ਵੋਟਾਂ 'ਤੇ ਵੱਡੀ ਟੇਕ ਲਾਈ ਬੈਠਾ ਹੈ। ਇਸੇ ਕਾਰਨ ਪਾਰਟੀ ਨੂੰ ਪੰਥ ਦੇ ਦਬਾਅ ਅੱਗੇ ਝੁਕਦਿਆਂ ਇਹ ਫੈਂਸਲਾ ਬਦਲਣਾ ਪਿਆ।