ਕਿਸਾਨਾਂ ਵੱਲੋਂ   84 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੂਬੇ ਭਰ ਵਿਚ ਰੋਸ ਵਿਖਾਵੇ

ਕਿਸਾਨਾਂ ਵੱਲੋਂ   84 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੂਬੇ ਭਰ ਵਿਚ ਰੋਸ ਵਿਖਾਵੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਵਿਰੁੱਧ ਅੱਜ ਸੂਬੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ। ਸੂਬਾ ਦਫਤਰ ਵਿਖੇ ਪ੍ਰਾਪਤ ਰਿਪੋਰਟਾਂ ਅਨੁਸਾਰ ਸਮਾਣਾ, ਪਾਤੜਾਂ, ਭੰਡਾਲ ਬੇਟ ਅਤੇ ਕਾਲਾ ਸੰਘਿਆ (ਕਪੂਰਥਲਾ), ਗੁਰੂ ਕਾ ਬਾਗ (ਅੰਮ੍ਰਿਤਸਰ), ਸਾਦਿਕ, ਗੁਰਦਾਸਪੁਰ ਅਤੇ ਬਹਾਦਰਪੁਰ (ਸੰਗਰੂਰ) ਵਿਖੇ ਕਿਸਾਨਾਂ ਨੇ ਮੁਜ਼ਾਹਰੇ ਕਰਕੇ ਪੀੜਤਾਂ ਨੂੰ 40 ਸਾਲ ਬੀਤ ਜਾਣ ਦੇ ਬਾਵਜੂਦ ਨਿਆਂ ਨਾ ਦੇਣ ਅਤੇ ਹਿੰਦੂਤਵੀ ਫਾਸ਼ੀਵਾਦੀ ਮੁਹਿੰਮ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ।

 ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਨੇ ਸਿੱਖ ਨਸਲਕੁਸ਼ੀ ਦੇ 40 ਸਾਲ ਬੀਤ ਜਾਣ ਬਾਅਦ ਵੀ ਪੀੜਤਾ ਨੂੰ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਭਾਰਤੀ ਹਾਕਮਾਂ ਨੇ ਘੱਟ ਗਿਣਤੀਆਂ ਪ੍ਰਤੀ ਆਪਣੀ ਸਮਝ ਵਿੱਚ ਕੋਈ ਤਬਦੀਲੀ ਕੀਤੀ ਹੈ। ਉਨ੍ਹਾਂ ਕਿਹਾ ਕਿ 1984 ਵਿੱਚ ਜਿਸ ਤਰ੍ਹਾਂ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਦੀ ਸ਼ਹਿ ’ਤੇ ਗਿਣ ਮਿਥ ਕੇ ਸਿੱਖਾਂ ਦਾ ਕਤਲੇਆਮ, ਧੀਆਂ ਭੈਣਾਂ ਦੀ ਬੇਪੱਤੀ ਸਮੇਤ ਕਰੋੜਾਂ ਅਰਬਾ ਦੀ ਜਾਇਦਾਦ ਬਰਬਾਦ ਕੀਤੀ ਗਈ ਉਹ ਮੁਲਕ ਦੀ ਅਖੌਤੀ ਜਮਹੂਰੀਅਤ ਦੇ ਚਿਹਰੇ ਤੋਂ ਕਦੇ ਵੀ ਨਾ ਉੱਤਰਨ ਵਾਲਾ ਕਲੰਕ ਹੈ।

ਉਨ੍ਹਾਂ ਕਿਹਾ ਕੇ ਇਸ ਸਿੱਖ ਨਸਲਕੁਸ਼ੀ ਦੀ ਮੁਹਿੰਮ ਵਿਚ ਕਾਂਗਰਸ ਸਮੇਤ ਸੰਘ ਪਰਿਵਾਰ ਦੇ ਕਰਿੰਦੇ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਜਿਹਨਾਂ ਤੇ ਹੋਏ ਪਰਚੇ ਭਾਜਪਾ ਨੇ ਸੱਤਾ ਵਿਚ ਆਉਂਦਿਆਂ ਸਹਿਜੇ ਸਹਿਜੇ ਖ਼ਤਮ ਕਰ ਦਿਤੇ। ਉਨ੍ਹਾਂ ਕਿਹਾ ਕਿ ਕਤਲੇਆਮ ਵਿੱਚ ਸ਼ਾਮਲ ਰਹੇ ਜਗਦੀਸ਼ ਟਾਈਟਲਰ ਵਰਗੇ ਤਾਕਤਵਰ ਵਿਅਕਤੀਆਂ ਵਿਰੁੱਧ ਮੁਕੱਦਮੇ ਵਿੱਚ ਦੋਸ਼ ਤੈਅ ਕਰਨ ਦਾ ਅਮਲ ਹੀ ਡੇਢ ਦਹਾਕੇ ਤੱਕ ਲਟਕਣਾ ਇਸ ਗੱਲ ਦੀ ਗਵਾਹੀ ਹੈ ਕਿ ਕਿਵੇ ਪੀੜਤਾਂ ਨੂੰ ਤ੍ਰਿਸਕਾਰ ਦਾ ਪਾਤਰ ਬਣਾਇਆ ਗਿਆ।

ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਘੱਟ ਗਿਣਤੀ ਨੂੰ ਚੁਣਕੇ, ਉਸ ਖਿਲਾਫ ਨਫਰਤ ਦਾ ਮਾਹੌਲ ਬਣਾਕੇ ਤੇ ਫਿਰ ਬਹੁ ਗਿਣਤੀ ਦੀਆ ਭਾਵਨਾਵਾਂ ਨੂੰ ਵੋਟਾਂ ’ਚ ਤਬਦੀਲ ਕਰਨਾ ਇਸ ਮੁਲਕ ਦੇ ਹਾਕਮਾਂ ਦੀ ਹੰਢੀ ਵਰਤੀ ਨੀਤੀ ਬਣ ਚੁੱਕੀ ਹੈ। ਇਸ ਲਈ ਸਿਰਫ ਘੱਟ ਗਿਣਤੀਆਂ ਨਹੀਂ, ਬਲਕਿ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੀ ਨਰੇਂਦਰ ਮੋਦੀ ਦੀ ਕੇਂਦਰੀ ਹਕੂਮਤ ਆਪਣੀ ਫਾਸ਼ੀਵਾਦੀ ਮੁਹਿੰਮ ਤਹਿਤ ਘੱਟ ਗਿਣਤੀਆਂ, ਬੁੱਧੀਜੀਵੀਆਂ, ਲੇਖਕਾਂ ਅਤੇ ਵੱਖਰੇ ਤੇ ਵਿਰੋਧੀ ਵਿਚਾਰਾਂ ਵਾਲੇ ਕਾਰਕੁੰਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਦੇਸ਼ ਧ੍ਰੋਹ ਦੇ ਮੁਕੱਦਮੇ ਸਿਰਫ ਯੋਗੀ, ਮੋਦੀ ਦੀ ਆਲੋਚਨਾ ਕਰਨ ਤੇ ਹੀ ਦਰਜ ਕੀਤੇ ਜਾ ਰਹੇ ਹਨ। ਜੇਲ੍ਹੀਂ ਡੱਕਿਆਂ ਨੂੰ ਜ਼ਮਾਨਤ ਦਾ ਅਧਿਕਾਰ ਨਹੀ ਦਿੱਤਾ ਜਾ ਰਿਹਾ।ਆਗੂਆਂ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਇਕਸਾਰ ਸਿਵਿਲ ਕੋਡ ਲਾਗੂ ਕਰਕੇ ਦੇਸ਼ ਦੀ ਸੱਭਿਆਚਾਰਕ ਵਿੰਭਿਨਤਾ ਨੂੰ ਮਸਲ ਕੇ ਦੇਸ਼ ਨੂੰ ਇੱਕੋ ਇੱਕ ਭਗਵੇਂ ਰੰਗ ਵਿੱਚ ਰੰਗਣਾ ਚਾਹੁੰਦੀ ਹੈ। ਇਹ ਨੀਤੀ ਦੇਸ਼ ਵਿੱਚ ਨਫ਼ਰਤ ਦਾ ਮਾਹੌਲ ਉਸਾਰਨ ਦੇ ਨਾਲ ਨਾਲ ਫੈਡਰਲ ਢਾਂਚੇ, ਘੱਟ ਗਿਣਤੀਆਂ ਅਤੇ ਵੱਖ ਵੱਖ ਬੋਲੀਆਂ/ਭਾਸ਼ਾਵਾਂ ਲਈ ਖਤਰੇ ਦੀ ਘੰਟੀ ਹੈ।