ਕੀ ਹੋਵੇਗਾ ਅਕਾਲੀ ਦਲ ਦਾ ਭਵਿੱਖ?
ਸਾਲ 1920 ਵਿੱਚ ਇੱਕ ਵੱਡੇ ਅੰਦੋਲਨ ਵਿੱਚੋਂ ਪੈਦਾ ਹੋਈ ਸਿਆਸੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ’ ਬਾਰੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਇੱਕ ਸਮਾਂ ਅਜਿਹਾ ਵੀ ਆਵੇਗਾ ਕਿ ਇਹ ਆਪਣੇ ਸਿਆਸੀ ਭਵਿੱਖ ਬਾਰੇ ਹੀ ਸੰਘਰਸ਼ ਕਰੇਗਾ।
ਇਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੋਇਆ ਹੈ ਅਤੇ ਉਨ੍ਹਾਂ ਦੇ ਚੋਣਾਂ ਲੜਨ ’ਤੇ ਵੀ ਪਾਬੰਦੀ ਲਗਾਈ ਹੋਈ ਹੈ ਪਰ ਅਕਾਲੀ ਦਲ ਦੇ ਜ਼ਿਮਨੀ ਚੋਣਾਂ ਨਾ ਲੜਨ ਦੇ ਫ਼ੈਸਲੇ ’ਤੇ ਜਥੇਦਾਰ ਸਾਹਿਬਾਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਤਨਖ਼ਾਹੀਆ ਸਿਰਫ਼ ਸੁਖਬੀਰ ਬਾਦਲ ਨੂੰ ਕਰਾਰ ਦਿੱਤਾ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਅਤੇ ਚੋਣਾਂ ਲੜਨ ’ਤੇ ਪਾਬੰਦੀ ਸਿਰਫ਼ ਸੁਖਬੀਰ ਬਾਦਲ’ਤੇ ਲਗਾਈ ਗਈ ਹੈ, ਅਕਾਲੀ ਦਲ ’ਤੇ ਨਹੀਂ। ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਆਪਣੇ ਜਰਨੈਲ ਦੀ ਅਗਵਾਈ ਤੋਂ ਬਿਨਾਂ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਲੜਨ ਤੋਂ ਇਨਕਾਰ ਕਰਕੇ ਇਹਨਾਂ ਚੋਣਾਂ ਤੋਂ ਦੂਰੀ ਬਣਾਈ ਹੋਈ ਹੈ, ਜਿਸ ਕਰਕੇ ਵਿਰੋਧੀ ਧਿਰਾਂ ਦੇ ਆਗੂ ਅਕਾਲੀ ਆਗੂਆਂ ਨੂੰ ਟਿੱਚਰਾਂ ਵੀ ਕਰ ਰਹੇ ਹਨ।
ਪਿਛਲੇ 104 ਸਾਲਾਂ ਤੋਂ ਅਨੇਕਾਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਆ ਰਹੇ ਅਕਾਲੀ ਦਲ ਦੇ ਅੱਗੇ ਹੁਣ ਆਪਣਾ ਵਜੂਦ ਕਾਇਮ ਰੱਖਣਾ ਹੀ ਵੱਡੀ ਚੁਣੌਤੀ ਬਣ ਗਿਆ ਹੈ। ਅਕਾਲੀ ਦਲ ਦੇ ਅਨੇਕਾਂ ਸੀਨੀਅਰ ਤੇ ਟਕਸਾਲੀ ਆਗੂ ਬਾਗੀ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਵਿੱਚ ਪੁੱਜ ਚੁੱਕੇ ਹਨ, ਜਿਸ ਕਾਰਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਇਸ ਮਾਮਲੇ ਵਿੱਚ ਦਖ਼ਲ ਅੰਦਾਜ਼ੀ ਕਰਨੀ ਪਈ। ਅਕਾਲੀ ਦਲ ਦਾ ਸੰਕਟ ਉਸ ਸਮੇਂ ਸ਼ੁਰੂ ਹੋਇਆ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਚੱਲਣ ਦੀ ਥਾਂ ਬਾਗੀ ਹੋ ਗਏ, ਦੂਜੇ ਪਾਸੇ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਕਾਇਮ ਰੱਖਣ ’ਤੇ ਅੜੇ ਰਹੇ। ਇਸ ਸਮੇਂ ਵੀ ਸੁਖਬੀਰ ਬਾਦਲ ਹੀ ਅਕਾਲੀ ਦਲ ਦੇ ਪ੍ਰਧਾਨ ਹਨ ਭਾਵੇਂਕਿ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਹੋਇਆ ਹੈ।
ਜੈਤੋ ਵਰਗੇ ਇਤਿਹਾਸਕ ਮੋਰਚੇ ਅਤੇ ਭਾਰਤ ’ਚ ਐਮਰਜੈਂਸੀ ਵਿਰੁੱਧ ਵੱਡਾ ਮੋਰਚਾ ਲਗਾਉਣ ਵਾਲੇ ਅਕਾਲੀ ਦਲ ਦੀ ਹਾਈਕਮਾਂਡ ਵਿਰੁੱਧ ਹੀ ਹੁਣ ਇਸ ਦੇ ਸੀਨੀਅਰ ਬਾਗੀ ਆਗੂ ਮੋਰਚਾ ਖੋਲੀ ਬੈਠੇ ਹਨ। ਦੋਵੇਂ ਧਿਰਾਂ ਹੀ ਜਥੇਦਾਰ ਸਾਹਿਬਾਨ ਦੇ ਫ਼ੈਸਲੇ ਦੀ ਉਡੀਕ ਕਰ ਰਹੀਆਂ ਹਨ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਅਕਾਲੀ ਦਲ ਅਤੇ ਸੁਖਬੀਰ ਬਾਦਲ ਸਬੰਧੀ ਸਿੱਖ ਵਿਦਵਾਨਾਂ ਵੱਲੋਂ ਸੁਝਾਅ ਪੇਸ਼ ਕੀਤੇ ਗਏ। ਇਸ ਤੋਂ ਮਗਰੋਂ ਫ਼ੈਸਲਾ ਹੁਣ ਜਥੇਦਾਰ ਸਾਹਿਬ ਨੇ ਹੀ ਲੈਣਾ ਹੈ। ਦੋਵੇਂ ਧਿਰਾਂ ਕਹਿ ਚੁੱਕੀਆਂ ਹਨ ਕਿ ਜਥੇਦਾਰ ਸਾਹਿਬ ਜੋ ਵੀ ਫ਼ੈਸਲਾ ਕਰਨਗੇ, ਉਸ ਨੂੰ ਪੂਰੀ ਤਰ੍ਹਾਂ ਨਿਮਾਣੇ ਸਿੱਖਾਂ ਵਾਂਗੂੰ ਮੰਨਣਗੇ।
ਇਸ ਸਮੇਂ ਇਹ ਧਾਰਨਾ ਪਾਈ ਜਾ ਰਹੀ ਹੈ ਕਿ ਅਕਾਲੀ ਹਾਈਕਮਾਂਡ ਨੇ ਪੰਥਕ ਭਾਵਨਾਵਾਂ ਅਤੇ ਮੁੱਦਿਆਂ ਨਾਲੋਂ ਚੁਣਾਂਵੀ ਗਿਣਤੀਆਂ ਮਿਣਤੀਆਂ ਨੂੰ ਮੂਹਰੇ ਰੱਖਿਆ ਹੈ। ਜਿਸ ਕਰਕੇ ਆਮ ਸਿੱਖ ਇਸ ਪਾਰਟੀ ਤੋਂ ਦੂੁਰ ਹੁੰਦੇ ਗਏ। ਭਾਵੇਂਕਿ ਕਦੇ ਵੀ ਸਾਰੇ ਸਿੱਖਾਂ ਨੇ ਅਕਾਲੀ ਦਲ ਨੂੰ ਵੋਟ ਨਹੀਂ ਸੀ ਪਾਈ ਫਿਰ ਵੀ ਬਹੁਗਿਣਤੀ ਸਿੱਖ ਅਕਾਲੀ ਦਲ ਨੂੰ ਹੀ ਪੰਥਕ ਪਾਰਟੀ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੰਥਕ ਉਮੀਦਵਾਰ ਸਮਝਦੇ ਰਹੇ ਅਤੇ ਪੰਥ ਦੇ ਨਾਂਅ ’ਤੇ ਅਕਾਲੀ ਦਲ ਨੂੰ ਵੋਟਾਂ ਪੈਂਦੀਆਂ ਰਹੀਆਂ। ਬੀਤੇ ਕੁਝ ਸਮੇਂ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਸਿੱਖ ਸਿਧਾਂਤਾਂ ’ਤੇ ਪੂਰਾ ਨਾ ਉੱਤਰਨ ਕਾਰਨ ਪਾਰਟੀ ਤੋਂ ਜਨ ਆਧਾਰ ਖੁੱਸਣਾ ਸ਼ੁਰੂ ਹੋ ਗਿਆ ਅਤੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦੋ ਕੱਟੜ ਸਿੱਖ ਆਗੂੁਆਂ ਦੀ ਜਿੱਤ ਹੋ ਗਈ, ਜਿਸ ਨੇ ਅਕਾਲੀ ਦਲ ਨੂੰ ਸਪਸ਼ਟ ਸੁਨੇਹਾ ਦਿੱਤਾ ਕਿ ਸਿੱਖ ਹੁਣ ਆਪਣੇ ਧਾਰਮਿਕ ਅਤੇ ਭਾਈਚਾਰਕ ਖ਼ਦਸ਼ਿਆਂ ਲਈ ਅਕਾਲੀ ਦਲ ਦੀ ਥਾਂ ਕੱਟੜ ਸਿੱਖਾਂ ਆਗੂਆਂ ’ਤੇ ਟੇਕ ਰੱਖਣ ਲੱਗ ਪਏ ਹਨ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਗਿਣਤੀ ਅਕਾਲੀ ਉਮੀਦਵਾਰਾਂ ਦੀ ਹਾਰ ਅਤੇ ਦੋ ਕੱਟੜ ਸਿੱਖਾਂ ਦੀ ਜਿੱਤ ਨੇ ਸਿੱਖ ਸਿਆਸਤ ਦਾ ਮੁਹਾਂਦਰਾ ਬਦਲਣ ਦਾ ਯਤਨ ਕੀਤਾ। ਇਸ ਦੇ ਬਾਵਜੂਦ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੇ ਆਪ ਵਿੱਚ ਕੋਈ ਸੁਧਾਰ ਲਿਆਉਣ ਦਾ ਯਤਨ ਨਾ ਕੀਤਾ, ਜਿਸ ਕਾਰਨ ਅਕਾਲੀ ਦਲ ਮੌਜੂਦਾ ਸਥਿਤੀ ਵਿੱਚ ਪਹੁੰਚ ਚੁੱਕਿਆ ਹੈ।
ਇਹ ਤਾਂ ਸਭ ਨੂੰ ਪਤਾ ਹੈ ਕਿ ਸਿੱਖ ਭਾਵੇਂ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦੇ ਹੋਣ ਪਰ ਉਹਨਾਂ ਦੇ ‘ਪੇਕੇ’ ਪੰਜਾਬ ਵਿੱਚ ਹੀ ਹੁੰਦੇ ਹਨ। ਇਸੇ ਕਾਰਨ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਰਹਿੰਦੇ ਸਿੱਖ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਸਮਝਦੇ ਰਹੇ। ਇਸੇ ਕਾਰਨ ਉਹ ਅਕਾਲੀ ਦਲ ਨੂੰ ਲੰਬਾ ਸਮਾਂ ਆਪਣਾ ਮੂਕ ਸਮਰਥਨ ਦਿੰਦੇ ਰਹੇ। ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਕਰਦੇ ਸਿੱਖ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਵੀ ਅਕਸਰ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਰਹੇ। ਪੰਜਾਬ ਦਾ ਬਹੁ ਗਿਣਤੀ ਕਿਸਾਨ ਭਾਈਚਾਰਾ ਵੀ ਕਦੇ ਅਕਾਲੀ ਦਲ ਦਾ ਪੱਕਾ ਵੋਟ ਬੈਂਕ ਸੀ ਪਰ ਅਕਾਲੀ ਆਗੂਆਂ ਦੀਆਂ ਨੀਤੀਆਂ ਅਤੇ ਪੰਥ ਦੀ ਥਾਂ ਆਪਣੇ ਪਰਿਵਾਰ ਨੂੰ ਅੱਗੇ ਰੱਖਣ ਦੀ ਨੀਤੀ ਕਾਰਨ ਅਕਾਲੀ ਦਲ ਦੀਆਂ ਪੱਕੀਆਂ ਵੋਟਾਂ ਵੀ ਅਕਾਲੀ ਦਲ ਤੋਂ ਦੂਰ ਹੋ ਗਈਆਂ, ਜਿਸ ਕਾਰਨ ਅਕਾਲੀ ਦਲ ਮੌਜੂਦਾ ਸਥਿਤੀ ਵਿੱਚ ਪਹੁੰਚ ਗਿਆ ਤੇ ਉਸ ਨੂੰ ਜ਼ਿਮਨੀ ਚੋਣਾਂ ਤੋਂ ਹੀ ਦੂਰ ਰਹਿਣਾ ਪੈ ਗਿਆ।
ਅਕਾਲੀ ਦਲ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਪਰ ਇਸ ਸਮੇਂ ਇਹ ਅੰਦਰੂਨੀ ਸੰਕਟ ਦਾ ਸ਼ਿਕਾਰ ਹੈ। ਇਸ ਸੰਕਟ ਕਾਰਨ ਹੀ ਅਕਾਲੀ ਦਲ ਦੀ ਹੋਂਦ ’ਤੇ ਹੀ ਸਵਾਲ ਖੜੇ ਹੋ ਰਹੇ ਹਨ। ਕਿਹਾ ਜਾਂਦਾ ਹੈ ਕਿ ਅਕਾਲੀ ਦਲ ਦੇ ਵੈਰੀਆਂ ਨੇ ਅਕਾਲੀ ਦਲ ਦਾ ਓਨਾ ਨੁਕਸਾਨ ਨਹੀਂ ਕੀਤਾ, ਜਿੰਨਾ ਨੁਕਸਾਨ ਇਸ ਦੇ ਆਪਣਿਆਂ ਨੇ ਹੀ ਕੀਤਾ ਹੈ। ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਸਿੱਖ ਭਾਈਚਾਰੇ, ਪੰਜਾਬੀ ਸਮਾਜ ਤੇ ਖੇਤੀ ਅਰਥਚਾਰੇ ਦੇ ਬਦਲ ਰਹੇ ਫ਼ਿਕਰਾਂ ਨੂੰ ਸਮਝਣ ਵਿੱਚ ਨਾਕਾਮ ਸਾਬਤ ਹੋ ਗਈ ਹੈ, ਜਿਸ ਕਾਰਨ ਇਸ ਦਾ ਸੰਕਟ ਡੂੰਘਾ ਹੋ ਗਿਆ ਹੈ।
ਮੌਜੂਦਾ ਸਮੇਂ ਦੀ ਮੰਗ ਇਹ ਹੈ ਕਿ ਅਕਾਲੀ ਲੀਡਰਸ਼ਿਪ ਕੰਧ ’ਤੇ ਲਿਖਿਆ ਪੜ੍ਹ ਲਵੇ ਅਤੇ ਸਾਰੇ ਆਗੂ ਸਿਰ ਜੋੜ ਕੇ ਸਾਂਝੇ ਰੂਪ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਲਈ ਨਵੀਂ ਰੂਪ ਰੇਖਾ ਉਲੀਕਣ। ਅਕਾਲੀ ਲੀਡਰਸ਼ਿਪ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕੰਧ ’ਤੇ ਪਈਆਂ ਤਰੇੜਾਂ ਨੂੰ ਕਾਗ਼ਜ਼ ਲਗਾ ਕੇ ਨਹੀਂ ਮੇਟਿਆ ਜਾ ਸਕਦਾ । ਇਸ ਲਈ ਮਨਾਂ ਵਿੱਚ ਪਈਆਂ ਦੂਰੀਆਂ ਖ਼ਤਮ ਕਰਨ ਲਈ ਠੋਸ ਕਦਮ ਪੁੱਟੇ ਜਾਣੇ ਚਾਹੀਦੇ ਹਨ। ਜੇ ਅਕਾਲੀ ਲੀਡਰਸ਼ਿਪ ਹੁਣ ਵੀ ਨਾ ਸੰਭਲੀ ਤਾਂ ਸਮਾਂ ਉਨ੍ਹਾਂ ਨੂੰ ਅਜਿਹੀ ਹਨੇਰੀ ਗੁਫ਼ਾ ਵਿੱਚ ਸੁੱਟ ਦੇਵੇਗਾ, ਜਿਥੋਂ ਨਿਕਲਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੋਵੇਗਾ।
ਸੰਪਾਦਕੀ
Comments (0)