ਕਿਸਾਨ ਆਗੂ ਭੁੱਖ ਹੜਤਾਲ ਨਾਲ ਤਿੱਖਾ ਕਰਨਗੇ ਸੰਘਰਸ਼; ਜੈਪੁਰ-ਦਿੱਲੀ ਹਾਈਵੇਅ 'ਤੇ ਵੀ ਕਿਸਾਨਾਂ ਦਾ ਕਬਜ਼ਾ

ਕਿਸਾਨ ਆਗੂ ਭੁੱਖ ਹੜਤਾਲ ਨਾਲ ਤਿੱਖਾ ਕਰਨਗੇ ਸੰਘਰਸ਼; ਜੈਪੁਰ-ਦਿੱਲੀ ਹਾਈਵੇਅ 'ਤੇ ਵੀ ਕਿਸਾਨਾਂ ਦਾ ਕਬਜ਼ਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ’ਤੇ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ 26 ਨਵੰਬਰ ਤੋਂ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਪੱਕੇ ਮੋਰਚੇ ਲਾ ਕੇ ਡਟੀਆਂ ਕਿਸਾਨ ਜਥੇਬੰਦੀਆਂ ਦੇ ਪ੍ਰਧਾਨਾਂ ਵੱਲੋਂ 14 ਦਸੰਬਰ ਨੂੰ ਇਕ ਰੋਜ਼ਾ ਭੁੱਖ ਹੜਤਾਲ ਕੀਤੀ ਜਾਵੇਗੀ ਜਦੋਂਕਿ ਧਰਨੇ ਪਹਿਲਾਂ ਮਿੱਥੇ ਮੁਤਾਬਕ ਹੀ ਚੱਲਦੇ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਕਾਲਤ ਕਰ ਰਹੀਆਂ ਤੇ ਅੰਦਰਖਾਤੇ ਸਰਕਾਰ ਨਾਲ ਹੱਥ ਮਿਲਾਉਣ ਵਾਲੀਆਂ ਇੱਕਾ ਦੁੱਕਾ ਜਥੇਬੰਦੀਆਂ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਕਿਸਾਨ ਅੰਦੋਲਨ ਨੂੰ ਵਾਪਸ ਲੈਣ ਬਾਰੇ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਹੈ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਗੱਲਬਾਤ ਦੀ ਪੇਸ਼ਕਸ਼ ਕਰਦੀ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਇਸ ਬਾਰੇ ਫੈਸਲਾ ਕਰੇਗਾ। 

ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ ਪੰਜਾਬ ਦੀਆਂ 32 ਤੇ ਹੋਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੋਮਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਕੀਤੀ ਜਾਵੇਗੀ। ਇਹ ਭੁੱਖ ਹੜਤਾਲ 14 ਦਸੰਬਰ ਬਾਰੇ ਐਲਾਨੇ ਗਏ ਪ੍ਰੋਗਰਾਮ ਤਹਿਤ ਅੰਦੋਲਨ ਨੂੰ ਤਿੱਖਾ ਕਰਨ ਤੇ ਨਵੀਂ ਦਿਸ਼ਾ ਦੇਣ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸਾਰੇ ਪ੍ਰਧਾਨ ਇਸ ਵਿੱਚ ਸ਼ਾਮਲ ਹੋਣਗੇ ਤੇ ਕਿਸਾਨ ਦੇਸ਼ ਭਰ ਦੇ ਜ਼ਿਲ੍ਹਾ ਹੈੱਡਕੁਆਟਰਾਂ ਉਪਰ ਧਰਨੇ ਦੇ ਕੇ ਖੇਤੀ ਕਾਨੂੰਨਾਂ ਖਿਲਾਫ਼ ਕੇਂਦਰ ਸਰਕਾਰ ਕੋਲ ਆਪਣਾ ਵਿਰੋਧ ਦਰਜ ਕਰਵਾਉਣਗੇ। 

ਚੜੂਨੀ ਨੇ ਕੁਝ ਕਿਸਾਨ ਯੂਨੀਅਨਾਂ ਵੱਲੋਂ ਅੰਦੋਲਨ ਵਾਪਸ ਲੈਣ ਬਾਰੇ ਮੀਡੀਆ ਦੇ ਇਕ ਹਿੱਸੇ ’ਚ ਆਈਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੀਆਂ ਇੱਕਾ-ਦੁੱਕਾ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਪਾਸ (ਖੇਤੀ) ਕਾਨੂੰਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਬੰਦ ਕਰਨ ਬਾਰੇ ਆਖ ਰਹੀਆਂ ਹਨ, ਉਹ ਇਸ ਅੰਦੋਲਨ ਦੇ ਨਾਲ ਨਹੀਂ ਜੁੜੀਆਂ। ਉਨ੍ਹਾਂ ਕਿਹਾ ਕਿ ਅਜਿਹੀਆਂ ਜਥੇਬੰਦੀਆਂ ਨੇ ਅੰਦਰਖਾਤੇ ਕੇਂਦਰ ਸਰਕਾਰ ਨਾਲ ਹੱਥ ਮਿਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਜ਼ਿਸ਼ ਤਹਿਤ ਧਰਨਿਆਂ ਨੂੰ ਤਾਰਪੀਡੋ ਕਰਨ ਦੀ ਚਾਲ ਚੱਲ ਰਹੀ ਹੈ।

ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਵੱਲੋਂ ਧਰਨਿਆਂ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਰਾਹਾਂ ਵਿੱਚ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਨ੍ਹਾਂ ਸਪਸ਼ਟ ਕੀਤਾ ਕਿ ਖੇਤੀ ਕਾਨੂੰਨ ਰੱਦ ਕਰਨਾ ਉਨ੍ਹਾਂ ਦੀ ਮੁੱਖ ਮੰਗ ਹੈ, ਜਿਸ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਅੰਦੋਲਨ ਕਰ ਰਹੀਆਂ ਹਨ। 

ਇਸ ਦੌਰਾਨ ਗਾਜ਼ੀਪੁਰ ਸਰਹੱਦ ’ਤੇ ਕਿਸਾਨ ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਗੱਲਬਾਤ ਲਈ ਕੋਈ ਨਵੀਂ ਤਜਵੀਜ਼ ਦਿੰਦੀ ਹੈ ਤਾਂ ਇਸ ਬਾਰੇ ਅਗਲੇਰੀ ਰਣਨੀਤੀ ਕਿਸਾਨ ਯੂਨੀਅਨਾਂ ਦੀ ਸਾਂਝੀ ਕਮੇਟੀ ਤੈਅ ਕਰੇਗੀ, ਪਰ ਅੰਦੋਲਨ ਸ਼ਾਂਤਮਈ ਰਹੇਗਾ। ਕਿਸਾਨ ਆਗੂ ਸੰਦੀਪ ਗਿੱਡੇ ਨੇ ਕਿਹਾ ਕਿ 19 ਦਸੰਬਰ ਲਈ ਤਜਵੀਜ਼ਤ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਰੱਦ ਕਰ ਦਿੱਤੀ ਗਈ ਹੈ ਤੇ ਇਸ ਦੀ ਥਾਂ ਸੋਮਵਾਰ ਨੂੰ ਇਕ ਰੋਜ਼ਾ ਹੜਤਾਲ ਕੀਤੀ ਜਾਵੇਗੀ।

ਕਿਸਾਨਾਂ ਨੇ ਸ਼ਾਹਜਹਾਂਪੁਰ-ਦਿੱਲੀ ਹਾਈਵੇਅ ਜਾਮ ਕੀਤਾ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਰਾਹ ਪਏ ਕਿਸਾਨਾਂ ਨੇ ਕੌਮੀ ਰਾਜਧਾਨੀ ਨੂੰ ਕਈ ਪਾਸਿਓਂ ਤੋਂ ਘੇਰੀ ਬੈਠੀਆਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿੱਚ ਅੱਜ ਅਲਵਰ ਜ਼ਿਲ੍ਹੇ ਦੇ ਸ਼ਾਹਜਹਾਂਪੁਰ ਵਿੱਚ ਜੈਪੁਰ-ਦਿੱਲੀ ਕੌਮੀ ਸ਼ਾਹਰਾਹ ਨੂੰ ਬੰਦ ਕੀਤਾ। ਐਲਾਨੇ ਪ੍ਰੋਗਰਾਮ ਮੁਤਾਬਕ ਹਰਿਆਣਾ-ਰਾਜਸਥਾਨ ਦੀ ਹੱਦ ’ਤੇ ਪੈਂਦੇ ਸ਼ਾਹਜਹਾਂਪੁਰ (ਅਲਵਰ) ਤੋਂ ਹਾਈਵੇਅ ਜਾਮ ਕਰਨ ਲਈ ਕਿਸਾਨ ਚੱਲੇ, ਪਰ ਹਰਿਆਣਾ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਕਿਸਾਨਾਂ ਨੇ ਉਥੇ ਹੀ ਸੜਕ ਜਾਮ ਕਰ ਦਿੱਤੀ। ਇਸ ਦੌਰਾਨ ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ, ਸਮਾਜਿਕ ਕਾਰਕੁਨ ਅਰੁਣਾ ਰੌਏ, ਮੇਧਾ ਪਟਕਰ ਤੇ ਸੀਪੀਐੱਮ ਆਗੂ ਅਮਰਾ ਰਾਮ ਵੀ ਕਿਸਾਨਾਂ ਨਾਲ ਸ਼ਾਹਜਹਾਂਪੁਰ ਪੁੱਜ ਗਏ, ਪਰ ਪੁਲੀਸ ਨੇ ਉਨ੍ਹਾਂ ਨੂੰ ਵੀ ਅੱਗੇ ਜਾਣ ਤੋਂ ਡੱਕ ਦਿੱਤਾ। ਯੋਗੇਂਦਰ ਯਾਦਵ ਨੇ ਸੜਕ ਜਾਮ ਕੀਤੇ ਜਾਣ ਕਰਕੇ ਲੋਕਾਂ ਨੂੰ ਹੋਈ ਖੱਜਲ ਖੁਆਰੀ ਲਈ ਮੁਆਫ਼ੀ ਮੰਗਦਿਆਂ ਕਿਹਾ, ‘ਅਸੀਂ ਸਿੰਘੂ ਹੱਦ ’ਤੇ ਬੈਠੇ ਕਿਸਾਨਾਂ ਦੀ ਹਮਾਇਤ ’ਚ ਸੜਕਾਂ ’ਤੇ ਧਰਨੇ ਮਾਰ ਰਹੇ ਹਾਂ। ਜੇ ਸਾਨੂੰ ਦਿੱਲੀ ਵੱਲ ਮਾਰਚ ਕਰਨ ਦੀ ਖੁੱਲ੍ਹ ਦੇਣ ਤਾਂ ਅਸੀਂ ਸੜਕ ਤੋਂ ਧਰਨਾ ਚੁੱਕਣ ਲਈ ਤਿਆਰ ਹਾਂ।’ ਉਂਜ ਬਾਅਦ ਦੁਪਹਿਰ ਜੈਪੁਰ-ਦਿੱਲੀ ਮਾਰਗ ਦਾ ਇਕ ਹਿੱਸਾ ਕਿਤੋਂ-ਕਿਤੋਂ ਖੋਲ੍ਹ ਦਿੱਤਾ ਗਿਆ।

ਕਿਸਾਨ ਪੰਚਾਇਤ ਦੇ ਪ੍ਰਧਾਨ ਰਾਮਪਾਲ ਚੌਧਰੀ, ਜਿਨ੍ਹਾਂ ਹੋਰਨਾਂ ਕਿਸਾਨਾਂ ਨਾਲ ਮਿਲ ਕੇ ਸ਼ਨਿਚਰਵਾਰ ਨੂੰ ਹਰਿਆਣਾ-ਰਾਜਸਥਾਨ ਉੱਤੇ ਧਰਨਾ ਲਾ ਦਿੱਤਾ ਸੀ, ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵੱਲ ਮਾਰਚ ਕਰਨ ਲਈ ਕਿਸਾਨ ਇਕੱਠੇ ਹੋਏ ਹਨ। ਚੌਧਰੀ ਨੇ ਕਿਹਾ, ‘ਵੱਖ ਵੱਖ ਕਿਸਾਨ ਜਥੇਬੰਦੀਆਂ ਨਾਲ ਕਿਸਾਨ ਸ਼ਾਹਜਹਾਂਪੁਰ ਹੱਦ ’ਤੇ ਪੁੱਜ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਅਸੀਂ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਹਾਂ।’ ਸੀਪੀਐੱਮ ਆਗੂ ਅਮਰਾ ਰਾਮ ਨੇ ਕਿਹਾ ਕਿ ਸਰਕਾਰ ਖੇਤੀ ਕਾਨੂੰਨ ਰੱਦ ਕਰੇ।