ਕਿਸਾਨ ਸੰਘਰਸ਼ ਦਾ ਵੱਡਾ ਹਾਸਲ: ਕਿਸਾਨਾਂ ਨੇ ਸਿੱਖ ਫਲਸਫੇ ਨੂੰ ਕਬੂਲਿਆ

ਕਿਸਾਨ ਸੰਘਰਸ਼ ਦਾ ਵੱਡਾ ਹਾਸਲ: ਕਿਸਾਨਾਂ ਨੇ ਸਿੱਖ ਫਲਸਫੇ ਨੂੰ ਕਬੂਲਿਆ

ਰਾਜਸਥਾਨ ਦੇ ਸੂਬਾ ਕਿਸਾਨ ਆਗੂ ਵਿਕਲ ਬੋਲੇ ਕਿ ਜੇਕਰ ਹੱਕ ਮੰਗਣ ਵਾਲੇ ਪੰਜਾਬੀ ਕਿਸਾਨ ਖਾਲਿਸਤਾਨੀ ਨੇ, ਤਾਂ ਮੈ ਵੀ                  ਖਾਲਿਸਤਾਨੀ ਹਾਂ                   
                                ਦੀਪ ਸਿਧੂ ਨੇ ਗੋਦੀ ਚੈਨਲਾਂ ਨੂੰ ਦਿਤੇ ਢੁਕਵੇਂ ਜੁਆਬ                                             
                 ਪੰਜਾਬੀਆਂ ਦੇ ਸਿਦਕ ਤੋਂ ਲੋਕ ਹੋਏ ਪ੍ਰਭਾਵਿਤ                                 

ਬਘੇਲ ਸਿੰਘ ਧਾਲੀਵਾਲ
 
ਬਿਨਾ ਸ਼ੱਕ ਇਹ ਕਿਸਾਨੀ ਸੰਘਰਸ਼ ਇਸ ਸਦੀ ਦਾ ਸਭ ਤੋ ਵਿਲੱਖਣ , ਵੱਡਾ ਤੇ ਇਤਿਹਾਸਿਕ ਅੰਦੋਲਨ ਸਾਬਤ ਹੋਵੇਗਾ। ਉਪਰੋਕਤ ਤੱਥਾਂ ਦੀ ਪੁਸ਼ਟੀ ਕੁੰਡਲੀ ਅਤੇ ਸਿੰਘੂ ਸਰਹੱਦ ਤੇ ਉਮੜੇ ਦੇਸ਼ ਦੇ ਕਿਸਾਨ ਮਜਦੂਰਾਂ ਸਮੇਤ ਹਰ ਵਰਗੇ ਦੇ ਜਨ ਸੈਲਾਬ ਨਾਲ ਵਿਚਰਿਆਂ, ਉਹਨਾਂ ਦੇ ਮਨੋਭਾਵਾਂ ਨੂੰ ਸਮਝਿਆ ਅਤੇ ਉਹਨਾਂ ਦੇ ਚਿਹਰੇ ਤੇ ਕਰੋ ਮਰੋ ਦੇ ਉੱਕਰੇ ਹਾਵ ਭਾਵਾਂ ਨੂੰ ਪੜ੍ਹਿਆਂ ਹੋ ਜਾਂਦੀ ਹੈ ਕਿ ਇਹ ਅੰਦੋਲਨ ਇਸ ਸਦੀ ਦਾ ਇਤਿਹਾਸ ਸਿਰਜਣ ਵੱਲ ਵਧ ਰਿਹਾ ਹੈ। ਇਸ ਅੰਦੋਲਨ ਨੇ ਬਹੁਤ ਸਾਰੀਆਂ ਪੁਰਾਣੀਆਂ ਉਹਨਾਂ ਮਿਥਾਂ ਨੂੰ ਤੋੜਿਆ ਹੈ , ਜਿਹੜੀਆਂ ਆਮ ਭਾਰਤੀਆਂ ਦੇ ਮਨਾਂ ਵਿੱਚ ਸਿੱਖਾਂ ਪ੍ਰਤੀ ਘਰ ਕਰ ਚੁੱਕੀਆਂ ਸਨ ਜਾਂ ਕਹਿ ਸਕਦੇ ਹਾਂ ਕਿ ਦੇਸ਼ ਦੀ ਗੰਦੀ ਤੇ ਫਿਰਕੂ ਰਾਜਨੀਤੀ ਨੇ ਜੋ ਦੇਸ਼ ਵਾਸੀਆਂ ਦੇ ਮਨਾਂ ਵਿੱਚ ਪੰਜਾਬੀਆਂ ਪ੍ਰਤੀ ਖਾਸ ਕਰਕੇ ਸਿੱਖਾਂ ਪ੍ਰਤੀ ਨਫਰਤ ਵਾਲਾ ਮਹੌਲ ਸਿਰਜ ਦਿੱਤਾ ਸੀ, ਉਸ ਨੂੰ ਤੋੜਨ ਵਿੱਚ ਇਹ ਅੰਦੋਲਨ ਜਿਕਰਯੋਗ ਭੂਮਿਕਾ ਅਦਾ ਕਰ ਰਿਹਾ ਹੈ। ਪਿਛਲੇ ਇੱਕ ਹਫਤੇ ਤੋਂ ਜਿਸ ਤਰ੍ਹਾਂ ਅੰਦੋਲਨ ਨੂੰ ਵਿੱਚ ਰਹਿ ਕੇ ਸਮਝਿਆ ਅਤੇ ਜਿਸ ਤਰ੍ਹਾਂ ਭਾਰਤ ਬੰਦ ਦੌਰਾਨ ਦਿੱਲੀ ਦੇ ਆਸ ਪਾਸ ਦੇ ਹਰਿਆਣਵੀ ਇਲਾਕਿਆਂ ਵਿਚ ਜਾਣ ਦਾ ਮੌਕਾ ਮਿਲਿਆ, ਉਹ ਯਾਤਰਾ ਨੇ ਮੇਰੇ ਮਨ ਨੂੰ ਕਾਫੀ ਸੰਤੁਸ਼ਟੀ ਦਿੱਤੀ ਹੈ। ਇਸ ਅੰਦੋਲਨ ਤੋਂ ਪਹਿਲਾਂ ਜਦੋਂ ਵੀ ਅਸੀ ਪੰਜਾਬੀਆਂ ਨੇ ਦਿੱਲੀ ਜਾਣਾ ਹੁੰਦਾ ਤਾਂ ਹਰਿਆਣੇ ਵਿੱਚ ਦੀ ਹੋ ਕੇ ਜਾਣਾ ਪੈਂਦਾ ਸੀ ਤੇ ਪੰਜਾਬੀ ਇਸ ਯਾਤਰਾ ਤੋ ਖੌਫਜ਼ਦਾ ਰਹਿੰਦੇ ਸਨ , ਪਰ ਹੁਣ ਅੰਦੋਲਨ ਦਰਮਿਆਨ ਸਾਰਾ ਕੁਝ ਹੀ ਬਦਲ ਗਿਆ ਹੈ। ਹਰਿਆਣੇ ਵਾਲੇ ਪੰਜਾਬੀਆਂ ਖਾਸ ਕਰਕੇ ਸਿੱਖ ਭਰਾਵਾਂ ਨੂੰ ਬਹੁਤ ਸਤਿਕਾਰ ਦੀ ਨਜ਼ਰ ਨਾਲ ਦੇਖਣ ਲੱਗ ਪਏ ਹਨ।ਇਹ ਸਿਰਫ ਹਰਿਆਣੇ ਦੀ ਹੀ ਨਹੀ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਨਜ਼ਰੀਆ ਹੈ , ਜਿਸ ਨੇ ਸਿੱਖਾਂ ਪ੍ਰਤੀ ਸਤਿਕਾਰ ਨਾਲ ਦੇਖਣਾ ਹੀ ਸ਼ੁਰੂ ਨਹੀ ਕੀਤਾ, ਬਲਕਿ ਪੰਜਾਬ ਤੋਂ ਇਹ ਆਸ ਰੱਖੀ ਜਾ ਰਹੀ ਹੈ ਕਿ  ਪੰਜਾਬ ਹੀ ਇੱਕੋ ਇੱਕ ਅਜਿਹਾ ਸੂਬਾ ਹੈ , ਜਿਹੜਾ ਦਿੱਲੀ ਦੀ ਮਜਬੂਤ ਬਹੁਮਤ ਵਾਲੀ ਭਾਜਪਾ ਸਰਕਾਰ ਨੂੰ ਗੋਡਿਆਂ ਭਾਰ ਕਰਨ ਦੇ ਸਮਰੱਥ ਹੈ। ਇਹ ਕੋਈ ਕਿਆਸ ਅਰਾਈਆਂ ਨਹੀ ਬਲਕਿ ਬਹੁਤ ਸਾਰੇ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਦੀ ਜ਼ੁਬਾਨ ਤੋਂ ਸੁਣੇ ਹੋਏ ਉਹ ਅਲਫਾਜ ਹਨ , ਜਿੰਨ੍ਹਾਂ ਵਿੱਚ ਉਹ ਸਾਫ ਕਹਿੰਦੇ ਸੁਣੇ ਗਏ ਹਨ ਕਿ ਪੰਜਾਬ ਇਸ ਲਈ ਵਧਾਈ ਦਾ ਪਾਤਰ ਹੈ, ਜਿਸ ਨੇ ਇਕੱਲਿਆਂ ਹੀ ਕੇਂਦਰ ਸਰਕਾਰ ਨਾਲ ਸੰਘਰਸ਼ ਵਿੱਢ ਕੇ ਦੇਸ਼ ਦੇ ਕਿਸਾਨਾਂ ਨੂੰ ਮਾਰਗ ਦਰਸ਼ਨ ਦਿੱਤਾ ਹੈ। ਹਰਿਆਣੇ ਵਾਲੇ ਜਾਟ ਤਾਂ ਇਹ ਠੋਕ ਵਜਾ ਕੇ ਕਹਿ ਰਹੇ ਹਨ ਕਿ ਪੰਜਾਬ ਸਾਡਾ ਵੱਡਾ ਭਰਾ ਹੈ । ਇਹ ਹੀ ਅਵਾਜ਼ ਰਾਜਿਸਥਾਨ ਦੇ ਕਿਸਾਨਾਂ ਵੱਲੋਂ ਵੀ ਆ ਰਹੀ ਕਿ ਪੰਜਾਬ ਸਾਡਾ ਵੱਡਾ ਭਰਾ ਹੈ,ਇਸ ਨੇ ਜੋ ਸੰਘਰਸ਼ ਵਿੱਢਿਆ ਹੈ,ਉਹ ਇਕੱਲੇ ਪੰਜਾਬ ਦਾ ਨਹੀ ਸਾਡੇ ਸਾਂਝੇ ਹਿਤਾਂ ਦਾ ਸੰਘਰਸ਼ ਹੈ,ਜਿਸ ਨੂੰ ਕੇਂਦਰ ਦੀ ਭਾਜਪਾ ਸਰਕਾਰ ਜਾਣ ਬੁੱਝ ਕੇ ਖਾਲਿਸਤਾਨ ਦਾ ਨਾਮ ਦੇ ਕੇ ਤਾਰਪੀਡੋ ਕਰਨਾ ਚਾਹੁੰਦੀ ਹੈ। ਰਾਜਸਥਾਨ ਦੇ ਇੱਕ ਸਿਰਕੱਢ ਸੂਬਾ ਆਗੂ ਵਿਕਲ ਪਚਾਰ ਜਿਹੜਾ ਅਖਿਲ ਭਾਰਤੀ ਸੁਆਮੀ ਨਾਥਨ ਸੰਘਰਸ਼ ਸੰਮਤੀ ਰਾਜਸਥਾਨ ਦਾ ਸੂਬਾ ਪ੍ਰਧਾਨ ਵੀ ਹੈ ਦਾ ਤਾਂ ਇੱਥੋ ਤੱਕ ਕਹਿਣਾ ਹੈ ਕਿ ਜੇਕਰ ਹੱਕ ਮੰਗਣ ਵਾਲੇ ਪੰਜਾਬ ਦੇ ਕਿਸਾਨ ਖਾਲਿਸਤਾਨੀ ਹਨ, ਤਾਂ ਮੈ ਵੀ ਹਿੱਕ ਠੋਕ ਕੇ ਕਹਿੰਦਾ ਹਾਂ ਕਿ ਮੈ ਵੀ ਖਾਲਿਸਤਾਨੀ ਹਾਂ, ਉਹ ਨੇ ਇਹ ਵੀ ਕਿਹਾ ਕਿ ਸਿਰਫ ਮੈ ਹੀ ਨਹੀ ਸਗੋ ਕੇਰਲ ਤੋ ਲੈ ਕੇ ਕਸ਼ਮੀਰ ਤੱਕ ਅਤੇ ਰਾਜਸਥਾਨ ਤੋਂ ਲੈ ਕੇ ਨਾਗਾਲੈਂਡ ਤੱਕ ਦੇ ਸਾਰੇ ਕਿਸਾਨ ਹੀ ਖਾਲਿਸਤਾਨੀ ਹਨ।ਕਹਿਣ ਤੋ ਭਾਵ ਹੈ ਕਿ ਇਹਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਭਾਰਤ ਦੇ ਸਮੁੱਚੇ ਲੋਕਾਂ ਨੇ ਇਸ ਅੰਦੋਲਨ ਵਿੱਚ ਜਿੱਥੇ ਪੰਜਾਬ ਦੀ ਅਗਵਾਈ ਨੂੰ ਕਬੂਲਿਆ ਹੈ, ਓਥੇ ਗੁਰੂ ਨਾਨਕ ਸਾਹਿਬ ਦੇ ਸਿੱਖ ਫਲਸਫੇ ਨੂੰ ਵੀ ਨੀਵਾਂ ਹੋ ਕੇ ਸਤਿਕਾਰ ਸਾਹਿਤ ਕਬੂਲ ਕੀਤਾ ਹੈ। ਉੱਥੋਂ ਦੀਆਂ ਸਟੇਜਾਂ ਤੋ ਲੱਗਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਅਕਾਸ਼ ਗੂੰਜਾਊ ਜੈਕਾਰਿਆਂ ਤੋਂ ਇਸ ਗੱਲ ਦੀ ਪਰਮਾਣਿਕਤਾ ਸਾਫ ਝਲਕਦੀ ਹੈ।ਜਦੋਂ ਸਟੇਜ ਤੋ ਜੈਕਾਰੇ ਲੱਗਦੇ ਹਨ , ਤਾਂ ਪੰਜਾਬੀਆਂ ਦੇ ਨਾਲ ਪੰਜਾਬ ਤੋ ਬਾਹਰਲੇ ਸੂਬਿਆਂ ਦੇ ਕਿਸਾਨ ਐਂਨੇ ਜੋਸ਼ ਨਾਲ ਸਤਿ ਸ੍ਰੀ ਅਕਾਲ ਬੋਲ ਦੇ ਹਨ ਕਿ ਧਰਤੀ ਅਸਮਾਨ ਇੱਕ ਕਰ ਦਿੰਦੇ ਹਨ। ਇਹ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ।ਇਹ ਜੈਕਾਰੇ ਹੀ ਹਨ, ਜਿੰਨ੍ਹਾਂ ਨੇ ਦਿੱਲੀ ਦੇ ਤਖਤ ਨੂੰ ਡੋਲਣ ਲਾ ਦਿੱਤਾ ਹੈ, ਕਿਸਾਨ ਇਹ ਵੀ ਸਾਫ ਕਹਿੰਦੇ ਸੁਣੇ ਜਾ ਰਹੇ ਹਨ ਕਿ ਇਹ ਲੜਾਈ ਹੁਣ ਕਿਸਾਨੀ ਦੀ ਨਹੀਂ ਰਹੀ, ਬਲਕਿ ਹੁਣ ਇਹ ਦੇਸ਼ ਦੇ ਸਿਸਟਮ ਵਿੱਚ ਤਬਦੀਲੀ ਦੇ ਸੰਕੇਤ ਦੇ ਰਹੀ ਹੈ ਅਤੇ ਸਮੁੱਚਾ ਦੇਸ਼ ਹੁਣ ਇਸ ਤਬਦੀਲੀ ਲਈ ਪੰਜਾਬ ਵੱਲ ਦੇਖ ਰਿਹਾ ਹੈ। ਇਹੋ ਜਿਹਾ ਦ੍ਰਿਸ਼ ਹੀ ਟਿਕਰੀ ਦੀ ਸਰਹੱਦ ਤੇ ਵੀ ਦੇਖਣ ਨੂੰ ਮਿਲਿਆ, ਜਿੱਥੇ ਪੰਜਾਬ ਹਰਿਆਣਾ ਅਤੇ  ਰਾਜਸਥਾਨ ਦੇ ਕਿਸਾਨ ਡਟੇ ਹੋਏ ਹਨ ਤੇ ਉਹਨਾਂ ਨੂੰ ਖਾਣੇ ਦਾਣੇ ਦਾ ਪਰਬੰਧ ਹਰਿਆਣੇ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ।ਸਵੇਰੇ ਹੀ ਹਰਿਆਣੇ ਦੇ ਕਿਸਾਨ ਟਰੈਕਟਰ ਟਰਾਲੀਆਂ ਤੇ ਸਬਜੀਆਂ, ਸਿਲੰਡਰ, ਲੱਕੜੀ ਬਾਲਣ ਤੋ ਇਲਾਵਾ ਦੁੱਧ ਲੱਸੀ ਆਦਿ ਰਾਸ਼ਨ ਤੋ ਇਲਾਵਾ ਹੋਰ ਜਰੂਰੀ ਲੋੜਾਂ ਦਾ ਸਮਾਨ ਵੱਡੀ ਤਾਦਾਦ ਵਿੱਚ ਟਿਕਰੀ ਸਰਹੱਦ ਤੇ ਡਟੇ ਕਿਸਾਨਾਂ ਲਈ ਲੈ ਕੇ ਪਹੁੰਚ ਜਾਂਦੇ ਹਨ। ਇਸ ਤੋਂ ਵੱਡੀ ਗੱਲ ਕਿ ਸੜਕਾਂ ਤੇ ਬੈਠੇ ਕਿਸਾਨਾਂ ਨੂੰ ਉਥੋਂ ਨਾਲ ਲਗਦੇ ਪਿੰਡਾਂ ਦੇ ਹਰਿਆਣਵੀ ਲੋਕਾਂ ਨੇ ਸਵੇਰੇ ਇਸ਼ਨਾਨ ਪਾਣੀ ਲਈ ਆਪਣੇ ਘਰਾਂ ਤੇ ਦਿਲ ਦੇ ਦਰਵਾਜ਼ੇ ਖੋਲ ਦਿੱਤੇ  ਹਨ।ਇਹ ਵਰਤਾਰਾ ਮੈ ਹਫਤਾ ਤਿੰਨੋ ਸਰਹੱਦਾਂ ਤੇ ਵਿਚਰ ਕੇ ਖੁਦ ਵੀ ਹੰਢਾਇਆ ਹੈ।                                                                                  

ਸਿੰਘੂ ਬਾਰਡਰ 'ਤੇ ਚਮਤਕਾਰੀ ਦ੍ਰਿਸ਼ 
ਸਿੰਘੂ ਬਾਰਡਰ ਉੱਪਰ 15 ਕਿੱਲੋਮੀਟਰ ਦੇ ਕਰੀਬ ਜੀ.ਟੀ. ਰੋਡ ਉੱਪਰ ਮੋਰਚਾ ਲਗਾ ਕੇ ਤਿੰਨ ਹਫਤਿਆਂ ਤੋਂ ਰੈਣ-ਬਸੇਰਾ ਬਣਾਈ ਬੈਠੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇ ਗੂੰਜਾਉਂਣ ਤੇ ਰੋਸ ਪ੍ਰਗਟ ਕਰਨ ਦੇ ਨਾਲ ਸੜਕ ਉੱਪਰ ਆਬਾਦ ਹੋਏ ਨਗਰ ਦੀਆਂ ਸਮੱਸਿਆਵਾਂ ਸੁਲਝਾਉਣ ਦਾ ਕਾਰਜ ਵੀ ਆਪਣੇ ਹੀ ਹੱਥ ਲੈ ਲਿਆ ਹੈ । ਅੰਦੋਲਨਕਾਰੀ ਕਿਸਾਨਾਂ ਦੇ ਕਬਜ਼ੇ 'ਚ ਆਏ ਇਸ ਖੇਤਰ ਵਿਚ ਸਰਕਾਰੀ ਦਖ਼ਲ ਨਾਂਹ ਦੇ ਬਰਾਬਰ ਹੈ । ਪਹਿਲੇ ਕੁਝ ਦਿਨ ਤਾਂ ਹਰਿਆਣਾ ਸਰਕਾਰ ਨੇ ਬਿਜਲੀ ਵੀ ਗੁਲ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਕਿਸਾਨਾਂ ਦੀ ਚਿਤਾਵਨੀ ਬਾਅਦ ਇਹ ਬਹਾਲ ਕਰ ਦਿੱਤੀ ਹੈ । ਇਸ ਛੋਟੇ ਜਿਹੇ ਖੇਤਰ ਵਿਚ ਇਸ ਵੇਲੇ 2 ਲੱਖ ਦੇ ਕਰੀਬ ਲੋਕ, 15 ਹਜ਼ਾਰ ਤੋਂ ਵਧੇਰੇ ਟਰੈਕਟਰ-ਟਰਾਲੀਆਂ, ਕਾਰਾਂ-ਜੀਪਾਂ ਤੇ ਹੋਰ ਵਾਹਨਾਂ ਸਮੇਤ ਇੱਥੇ ਡਟੇ ਹੋਏ ਹਨ । ਸੜਕ ਉੱਪਰ ਹੀ ਉਹ ਟਰਾਲੀਆਂ ਦੇ ਬਣਾਏ ਘਰਾਂ 'ਚ ਠੰਢੀਆਂ ਰਾਤਾਂ ਕੱਟਦੇ ਹਨ ਤੇ ਸੜਕਾਂ ਉੱਪਰ ਲੰਗਰ ਬਣਾਏ ਜਾ ਰਹੇ ਹਨ ਪਰ ਦਸ ਕੁ ਦਿਆਂ ਦੇ ਠਹਿਰਾਅ ਬਾਅਦ ਇਸ ਨਵੇਂ ਵਸੇ ਨਗਰ 'ਚ ਸਾਫ਼-ਸਫ਼ਾਈ ਤੇ ਟ੍ਰੈਫ਼ਿਕ ਵੱਡੀ ਸਮੱਸਿਆ ਬਣ ਕੇ ਉਭਰ ਆਈ । ਸਰਕਾਰੀ ਤੰਤਰ ਇਸ ਨਗਰ ਨੂੰ ਕੋਈ ਵੀ ਸਹੂਲਤ ਪ੍ਰਦਾਨ ਕਰਨ ਤੋਂ ਪਹਿਲਾਂ ਇਨਕਾਰੀ ਹੈ ਙ ਇੱਥੋਂ ਤੱਕ ਕੇ ਪੀਣ ਦੇ ਪਾਣੀ ਦੇ ਟੈਂਕਰ ਕਿਸਾਨ ਖੁਦ ਦੂਰੋਂ ਨੇੜਿਓਂ ਭਰ ਕੇ ਲਿਆਉਂਦੇ ਹਨ ਅਤੇ ਪੀਣ ਲਈ ਬੰਦ ਡੱਬਿਆਂ ਦਾ ਪਾਣੀ ਵੀ ਉਹ ਆਪਣੇ ਪੱਲਿਓਂ ਜਾਂ ਸਹਿਯੋਗੀਆਂ ਦੇ ਸਾਥ ਨਾਲ ਲੈ ਰਹੇ ਹਨ ।

ਏਡੇ-ਵੱਡੇ ਨਗਰ 'ਚ ਸਾਫ਼-ਸਫ਼ਾਈ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਬਦਬੂ ਫੈਲਣੀ ਸ਼ੁਰੂ ਹੋ ਗਈ ਸੀ ਤੇ ਥਾਂ-ਥਾਂ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਸਨ । ਟ੍ਰੈਫ਼ਿਕ ਦਾ ਕੋਈ ਨਿਯਮ ਜਾਂ ਇੰਤਜ਼ਾਮ ਨਾ ਹੋਣ ਕਾਰਨ ਆਮ ਲੋਕਾਂ ਨੂੰ ਤਾਂ ਭਾਰੀ ਔਖ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਸੀ, ਖੁਦ ਮੋਰਚੇ 'ਚ ਬੈਠੇ ਕਿਸਾਨਾਂ ਨੂੰ ਸਟੇਜ ਲਾਗੇ ਜਾਣ ਤੋਂ ਫਿਰ ਵਾਪਸ ਆਉਣ 'ਚ ਭਾਰੀ ਦਿੱਕਤ ਆਉਣੀ ਸ਼ੁਰੂ ਹੋ ਗਈ । ਬਸ ਫਿਰ ਕੀ ਸੀ ਮੋਰਚੇ 'ਚ ਆਏ ਨੌਜਵਾਨਾਂ ਨੇ ਜੋਸ਼ ਦੇ ਨਾਲ ਇਸ ਵੱਡੇ ਇੰਤਜਾਮ ਦਾ ਕੰਮ ਵੀ ਸੰਭਾਲ ਲਿਆ । ਕਿ੍ਸ਼ਮਾ ਇਹ ਕਿ ਕਿਸੇ ਇਕ ਕੇਂਦਰੀ ਕਮਾਨ ਤੋਂ ਬਗੈਰ ਹੀ ਜਾਂ ਥਾਂ ਇਹ ਨੌਜਵਾਨ ਅੱਡੋ-ਅੱਡ ਕੰਮਾਂ 'ਚ ਜੁਟ ਗਏ । ਸੈਂਕੜੇ ਨੌਜਵਾਨ ਕਿਸਾਨ ਸਾਰਾ ਦਿਨ ਤੇ ਦੇਰ ਰਾਤ ਤੱਕ ਸੋਨੀਪਤ ਤੋਂ ਸਿੰਘੂ ਬਾਰਡਰ ਤੱਕ ਸਰਵਿਸ ਲੇਨ ਖ਼ਾਲੀ ਕਰਵਾ ਕੇ ਵਾਹਨਾਂ ਨੂੰ ਇਕ-ਇਕ ਕਤਾਰ 'ਚ ਤੋਰਨ ਲਈ ਮੀਲਾਂ ਦੂਰ ਮਨੁੱਖੀ ਚੇਨ ਬਣਾ ਕੇ ਖੜ੍ਹਦੇ ਹਨ । ਇਸ ਨਾਲ ਹੁਣ ਸਥਾਨਕ ਲੋਕਾਂ ਦਾ ਆਉਣ-ਜਾਣ ਵੀ ਸੁਖਾਲਾ ਹੋ ਗਿਆ ਹੈ ਤੇ ਸੋਨੀਪਤ ਤੋਂ ਦਿੱਲੀ ਬਾਰਡਰ ਤੱਕ ਆਮ ਮੁਸਾਫ਼ਰਾਂ ਨੂੰ ਢੋਣ ਵਾਲੇ ਟੈਂਪੂ ਵੀ ਚੱਲਣੇ ਸ਼ੁਰੂ ਹੋ ਗਏ ਤੇ ਖੁਦ ਕਿਸਾਨਾਂ ਦੇ ਵਾਹਨਾਂ ਨੂੰ ਅੱਗੇ-ਪਿੱਛੇ ਜਾਣ ਦੀ ਸਹੂਲਤ ਵੀ ਮਿਲ ਗਈ ਹੈ । ਨੌਜਵਾਨ ਵਲੰਟੀਅਰਾਂ ਨੇ ਜੀ.ਟੀ. ਰੋਡ ਉੱਪਰ ਆਮ-ਮੁਹਾਰੇ ਟੇਢੀਆਂ-ਮੇਢੀਆਂ ਖੜ੍ਹੀਆਂ ਟਰਾਲੀਆਂ ਨੂੰ ਵੀ ਤਰਤੀਬ 'ਚ ਕਰਨਾ ਸ਼ੁਰੂ ਕਰ ਦਿੱਤਾ ਹੈ । ਨੌਜਵਾਨਾਂ ਦੇ ਇਸ ਯਤਨ ਨਾਲ ਹੁਣ ਇਹ ਮੋਰਚਾ ਇਕ ਵਿਉਂਤਵੱਧ ਪਿੰਡ ਦਾ ਰੂਪ ਧਾਰਦਾ ਜਾ ਰਿਹਾ ਹੈ।

ਸ਼ੁਰੂ ਵਿਚ ਇੱਥੇ ਆ ਟਿਕੇ ਕਿਸਾਨ ਲੰਗਰ ਬਣਾਉਣ ਲਈ ਸਬਜ਼ੀਆਂ ਦੀ ਰਹਿੰਦ-ਖੂਹਦ, ਵਰਤੀਆਂ ਪਲੇਟਾਂ, ਖ਼ਾਲੀ ਗਲਾਸ ਤੇ ਹੋਰ ਹਰ ਤਰ੍ਹਾਂ ਦਾ ਕੂੜਾ-ਕਰਕਟ ਜਿੱਥੇ ਮਰਜ਼ੀ ਸੁੱਟੀ ਜਾਂਦੇ ਸਨ । ਅਜਿਹੀ ਹਾਲਾਤ 'ਚ ਗੰਦਗੀ ਫੈਲਣ ਨਾਲ ਜਦ ਕਿਸਾਨਾਂ ਦੀ ਸਿਹਤ ਉੱਪਰ ਪ੍ਰਭਾਵ ਪੈਣ ਦਾ ਖ਼ਤਰਾ ਪੈਦਾ ਹੋਇਆ ਤਾਂ ਹਜ਼ਾਰਾਂ ਨੌਜਵਾਨਾਂ ਨਹੀਂ ਸਗੋਂ ਹਰ ਉਮਰ ਦੇ ਕਿਸਾਨਾਂ ਨੇ ਥਾਂ-ਥਾਂ ਰਹਿੰਦ-ਖੂੰਹਦ ਨਾਲ ਹੀ ਨਾਲ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ । ਕਿਸਾਨਾਂ ਦੀ ਹਿੰਮਤ ਦੇਖ ਕੇ ਸਥਾਨਕ ਨਗਰ ਕੌਾਸਲ ਨੇ ਵੀ ਰਹਿੰਦ-ਖੂੰਹਦ ਬਾਹਰ ਲਿਜਾਣ ਲਈ ਛੋਟੇ ਵਾਹਨ ਲਗਾ ਦਿੱਤੇ ਹਨ । ਥਾਂ-ਥਾਂ ਹੱਥਾਂ 'ਚ ਸਪੀਕਰ ਫੜ ਕੇ ਚੱਲ ਰਹੇ ਕਿਸਾਨਾਂ ਨੂੰ ਲੰਗਰ ਛਕਣ ਤੇ ਸਫ਼ਾਈ ਦਾ ਖਿਆਲ ਰੱਖਣ ਲਈ ਪ੍ਰੇਰਿਤ ਕਰ ਰਹੇ ਹਨ । ਦਿੱਲੀ ਤੇ ਪੰਜਾਬ ਦੇ ਸ਼ਹਿਰਾਂ ਤੋਂ ਗਏ ਮੱਧਵਰਗੀ ਪਰਿਵਾਰਾਂ ਦੇ ਮੈਂਬਰ ਕਿਸਾਨਾਂ ਦੀ ਪ੍ਰਬੰਧਕੀ ਕਲਾ ਤੋਂ ਬੇਹੱਦ ਹੈਰਾਨ ਤੇ ਖੁਸ਼ ਹੋ ਰਹੇ ਹਨ । ਮੁਹਾਲੀ ਤੋਂ ਆਪਣੇ ਪਰਿਵਾਰ ਨਾਲ ਗਏ ਇਕ ਸੇਵਾ ਮੁਕਤ ਸਿੱਖ ਅਧਿਕਾਰੀ ਤਾਂ ਇਹ ਵੀ ਆਖ ਰਹੇ ਸਨ ਕਿ ਏਨੀ ਵਿਉਂਤਬੰਦੀ ਤੇ ਪ੍ਰਬੰਧਕੀ ਕਲਾ ਦੇ ਮਾਹਰ ਇਨ੍ਹਾਂ ਕਿਸਾਨਾਂ ਉੱਪਰ ਕਿਉਂ ਥੋਪੇ ਜਾ ਰਹੇ ਹਨ ਨਵੇਂ ਕਾਨੂੰਨ, ਇਨ੍ਹਾਂ ਨੂੰ ਖੁਦਮੁਖਤਾਰ ਹੋ ਕੇ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਹੈ ।ਸੋ ਇਹ ਸਾਂਝੀਵਾਲਤਾ ਮਾਨਵਤਾ ਦੇ ਭਲੇ ਲਈ ਸ਼ੁਭ ਸੰਕੇਤ ਹੈ। ਜੇਕਰ ਅੰਦੋਲਨ ਦੇ ਸ਼ਾਂਤੀਪੂਰਨ ਚਲਣ ਦੀ ਗੱਲ ਕੀਤੀ ਜਾਵੇ , ਤਾਂ ਵੀ ਕਿਹਾ ਜਾ ਸਕਦਾ ਹੈ ਕਿ ਇਹ ਅੰਦੋਲਨ ਦੋ ਸਦੀਆਂ (ਵੀਹਵੀਂ,ਇੱਕੀਵੀਂ) ਦਾ ਪਹਿਲਾ ਅੰਦੋਲਨ ਹੋਵੇਗਾ, ਜਿਸ ਨੇ ਸ਼ਾਂਤਮਈ ਦੇ ਨਮੂਨੇ ਜਿਸ ਢੰਗ ਨਾਲ ਪੇਸ਼ ਕੀਤੇ ਹਨ,ਉਹ ਲਾਮਿਸਾਲ ਹਨ। ਹੋਰ ਤਾਂ ਹੋਰ ਉੱਥੋ ਦੇ ਦੁਕਾਨਦਾਰ, ਹੋਟਲ ਮਾਲਕ ਅਤੇ ਹੋਰ ਕਾਰੋਬਾਰਾਂ ਵਾਲੇ ਵਪਾਰੀ ਲੋਕ ਵੀ ਪਰੇਸ਼ਾਨ ਹੋਣ ਦੀ ਬਜਾਏ ਕਿਸਾਨੀ ਅੰਦੋਲਨ ਨੂੰ ਸਹਿਯੋਗ ਕਰ ਰਹੇ ਹਨ। ਦਿੱਲੀ ਦੇ ਲੋਕ ਸ਼ਾਮ ਨੂੰ ਕਿਸਾਨਾਂ ਨੂੰ ਨਿੱਤ ਵਰਤੋਂ ਵਾਲੀਆਂ ਚੀਜ਼ਾਂ ਆਪਣੇ ਆਪਣੇ ਵਿਤ ਅਨੁਸਾਰ ਦੇ ਕੇ ਜਾਣਾ ਆਪਣਾ ਫਰਜ਼ ਸਮਝਣ ਲੱਗੇ ਹਨ।ਇਹ ਪਹਿਲਾ ਅੰਦੋਲਨ ਹੋਵੇਗਾ, ਜਿਸ ਦੇ ਲੱਖਾਂ ਦੇ ਇਕੱਠ ਨੂੰ ਮੁਫਤ ਖਾਣਾ ਮੁਹੱਈਆ ਕਰਵਾਉਣ ਲਈ ਸੈਕੜਿਆਂ ਦੀ ਗਿਣਤੀ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਗੁਰੂ ਕੇ ਲੰਗਰ ਲਾਏ ਗਏ ਹਨ , ਇਸ ਤੋਂ ਇਲਾਵਾ ਦਵਾਈਆਂ ਦੇ ਲੰਗਰ, ਨਿੱਤ ਦੀਆਂ ਲੋੜਾਂ ਦੇ ਸਮਾਨ ਦੇ ਲੰਗਰ, ਕੱਪੜੇ, ਦੇ ਲੰਗਰ ਚੱਲ ਰਹੇ ਹਨ। ਇਹ ਵੀ ਅਫਸੋਸਨਾਕ ਤਰਾਸਦੀ ਹੈ ਕਿ ਦੇਸ਼ ਦੇ ਲੋਕ ਸਿਖ ਸਭਿਆਚਾਰ ਬਾਰੇ ਭਾਵੇਂ ਇਹ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਪੰਜਾਬ ਹੀ ਸਮੁੱਚੇ ਦੇਸ਼ ਨੂੰ ਅਗਵਾਈ ਦੇਣ ਦੇ ਸਮਰੱਥ ਹੈ ਤੇ ਇਹ ਵੱਡੇ ਤੋ ਵੱਡੇ ਖੱਬੀਖਾਨ ਹਾਕਮ ਦੀ ਵੀ ਪ੍ਰਵਾਹ ਨਹੀ ਕਰਦੇ ,ਪਰ ਇਸ ਸਚਾਈ ਤੋਂ ਪੰਜਾਬ ਦੀਆਂ ਖੱਬੇ ਪੱਖੀ ਧਿਰਾਂ ਸਾਰਾ ਕੁਝ ਜਾਣਦੀਆਂ ਹੋਈਆਂ ਵੀ ਮੁਨਕਰ ਹਨ। 

ਕਿਸਾਨੀ ਅੰਦੋਲਨ ਵਿਰੁੱਧ ਸਰਕਾਰ ਦਾ ਨਰੇਟਿਵ
ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ 'ਤੇ ਕੇਂਦਰ ਸਰਕਾਰ ਦੇ ਰਣਨੀਤੀਕਾਰਾਂ, ਮੰਤਰੀਆਂ ਅਤੇ ਸਰਕਾਰੀ ਪਾਰਟੀ ਦੇ ਸਮਰਥਕਾਂ ਵਲੋਂ ਅਜਿਹੇ ਇਲਜ਼ਾਮ ਲਾਏ ਜਾ ਰਹੇ ਹਨ, ਜਿਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੋਈ ਉਨ੍ਹਾਂ ਨੂੰ ਨਕਸਲੀ ਕਹਿ ਰਿਹਾ ਹੈ, ਕੋਈ ਮਾਓਵਾਦੀ ਅਤੇ ਕੋਈ ਖਾਲਿਸਤਾਨੀ। ਸਰਕਾਰ ਸਮਰਥਕ ਮੀਡੀਆ ਮੰਚਾਂ ਦੇ ਐਂਕਰ ਕਿਸਾਨ ਨੇਤਾਵਾਂ ਤੋਂ ਅਜਿਹੇ ਬੇਤੁਕੇ ਦੋਸ਼ਾਂ ਦੀ ਸਫ਼ਾਈ ਮੰਗ ਰਹੇ ਹਨ। ਜ਼ਾਹਰ ਹੈ ਕਿ ਅੰਦੋਲਨਕਾਰੀ ਕਿਸਾਨਾਂ ਦਾ ਅਕਸ ਇਨ੍ਹਾਂ ਹਥਕੰਡਿਆਂ ਨਾਲ ਖ਼ਰਾਬ ਹੋਣ ਵਾਲਾ ਨਹੀਂ ਹੈ। ਪਰ ਇਸ ਨਾਲ ਸਰਕਾਰ ਦੀ ਮਾਨਸਿਕ ਸਥਿਤੀ ਸਾਫ਼ ਤੌਰ 'ਤੇ ਸਾਹਮਣੇ ਆਉਂਦੀ ਹੈ ਕਿ ਉਹ ਇਸ ਅੰਦੋਲਨ ਦੀ ਦ੍ਰਿੜ੍ਹਤਾ ਅਤੇ ਟਿਕਾਊਪਣ ਤੋਂ ਕਿੰਨੀ ਪ੍ਰੇਸ਼ਾਨ ਹੈ।

ਸਰਕਾਰ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਕਿਸਾਨਾਂ ਵਲੋਂ ਦਿੱਤੀ ਇਸ ਚੁਣੌਤੀ ਨਾਲ ਕਿਵੇਂ ਨਿਪਟਿਆ ਜਾਵੇ। ਜਦੋਂ ਅਕਤੂਬਰ ਵਿਚ ਕਿਸਾਨ ਪੰਜਾਬ ਵਿਚ ਰੇਲ ਗੱਡੀਆਂ ਰੋਕ ਕੇ ਆਉਣ ਵਾਲੇ ਸੰਘਰਸ਼ ਦੇ ਸੰਕੇਤ ਦੇ ਰਹੇ ਸਨ ਤਾਂ ਉਸ ਸਮੇਂ ਸਰਕਾਰ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਸੀ। ਉਸ ਸਮੇਂ ਸਰਕਾਰ ਦਾ ਰਵੱਈਆ ਕੁਝ ਇਸ ਤਰ੍ਹਾਂ ਦਾ ਸੀ ਕਿ ਸਰਕਾਰ ਕਹਿੰਦੀ ਸੀ ਕਿ ਗੱਲਬਾਤ ਮੰਤਰੀਆਂ ਨਾਲ ਹੋਏਗੀ ਪਰ ਗੱਲਬਾਤ ਕਰਨ ਲਈ ਅਫ਼ਸਰ ਪਹੁੰਚੇ ਸਨ। ਜਦੋਂ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਦਿੱਲੀ ਦੀਆਂ ਹੱਦਾਂ ਨੂੰ ਘੇਰ ਲਿਆ ਤਾਂ ਪਹਿਲੇ ਦੌਰ ਦੀ ਗੱਲਬਾਤ ਤੋਂ ਬਾਅਦ ਹੀ ਇਕ ਕੇਂਦਰੀ ਮੰਤਰੀ ਨੇ ਖੁਫ਼ੀਆ ਤੌਰ 'ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਇਕ ਕਿਸਾਨ ਨੇਤਾ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇਹ ਵੰਡਪਾਊ ਹੱਥਕੰਡਾ ਕੰਮ ਨਹੀਂ ਆਇਆ ਤਾਂ ਚਾਲਾਕੀ ਨਾਲ ਇਹ ਖ਼ਬਰ ਦਿੱਤੀ ਗਈ ਕਿ ਭਾਜਪਾ ਸ਼ਾਸਿਤ ਰਾਜਾਂ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਪੱਖ ਵਿਚ ਅੰਦੋਲਨ ਸ਼ੁਰੂ ਕਰਨ ਵਾਲੇ ਹਨ। ਕਹਿਣ ਦੀ ਲੋੜ ਨਹੀਂ ਕਿ ਹੁਣ ਤੱਕ ਅਜਿਹੀ ਕਿਸੇ ਵੀ ਯੋਜਨਾ ਦੀ ਸਰਕਾਰ ਨੇ ਇੱਛਾ ਅਨੁਸਾਰ ਨਤੀਜੇ ਨਹੀਂ ਨਿਕਲੇ। ਕਿਸਾਨਾਂ ਨੇ ਰਾਜਧਾਨੀ 'ਤੇ ਇਤਿਹਾਸਕ ਘੇਰਾ ਪਾ ਰੱਖਿਆ ਹੈ ਅਤੇ ਸਰਕਾਰ ਦਬਾਅ ਮਹਿਸੂਸ ਕਰ ਰਹੀ ਹੈ।

ਇਹ ਇਕ ਅਜਿਹਾ ਗ਼ੈਰ-ਸਿਆਸੀ ਅੰਦੋਲਨ ਹੈ, ਜਿਸ ਨੂੰ ਤਕਰੀਬਨ ਸਾਰੀਆਂ ਵਿਰੋਧੀ ਧਿਰਾਂ ਖੁਸ਼ੀ ਨਾਲ ਸਮਰਥਨ ਦੇ ਰਹੀਆਂ ਹਨ। ਇਸ ਤੋਂ ਇਲਾਵਾ ਅੰਦੋਲਨ ਨੂੰ ਸਮਾਜ ਦੇ ਕੁਝ ਹੋਰ ਹਿੱਸਿਆਂ ਤੋਂ ਵੀ ਸਮਰਥਨ ਮਿਲ ਰਿਹਾ ਹੈ। ਕਿਉਂਕਿ ਕਿਸਾਨਾਂ ਦਾ ਇਹ ਅੰਦੋਲਨ ਲੰਮੇ ਸਮੇਂ ਤੱਕ ਚੱਲਣ ਦੀ ਸੰਭਾਵਨਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸਮਾਜ ਦੇ ਹੋਰ ਤਬਕੇ ਵੀ ਸਮਰਥਨ ਵਿਚ ਸੜਕਾਂ 'ਤੇ ਆਉਣ। ਕਮਿਊਨਿਸਟ ਪਾਰਟੀਆਂ ਕੋਲ ਆਪਣੀਆਂ ਕਿਸਾਨ ਇਕਾਈਆਂ ਹਨ, ਜਿਨ੍ਹਾਂ ਦੀ ਮੈਂਬਰਸ਼ਿਪ ਲੱਖਾਂ ਵਿਚ ਹੈ। ਉਹ ਜਦੋਂ ਦਿੱਲੀ ਵਿਚ ਰੈਲੀਆਂ ਕਰਦੇ ਹਨ ਤਾਂ ਗ਼ਰੀਬ ਕਿਸਾਨਾਂ ਦੀ ਗੋਲਬੰਦੀ ਕੀਤੀ ਜਾਂਦੀ ਹੈ। ਜੇਕਰ ਕਿਸਾਨ ਸਭਾਵਾਂ ਸਰਗਰਮ ਸਮਰਥਨ ਦੇਣ ਤਾਂ ਇਸ ਅੰਦੋਲਨ ਨੂੰ ਸਿਰਫ ਪੰਜਾਬ ਜਾਂ ਖੁਸ਼ਹਾਲ ਕਿਸਾਨਾਂ ਦੇ ਦਾਇਰੇ ਤੱਕ ਰੱਖਣ ਦੀ ਸਰਕਾਰੀ ਨੀਅਤ ਅਸਫਲ ਹੋ ਸਕਦੀ ਹੈ। ਇਸ ਦੇ ਨਾਲ ਅੰਦੋਲਨ ਦੇ ਇਸ ਮੁਕਾਮ 'ਤੇ ਸ਼ਹਿਰੀ ਮੱਧ ਵਰਗ ਦਾ ਵੀ ਸਮਰਥਨ ਮਿਲ ਸਕਦਾ ਹੈ। ਜੇਕਰ ਦਿੱਲੀ ਅਤੇ ਹੋਰਾਂ ਨਗਰਾਂ ਵਿਚ ਲੋਕ ਸ਼ਾਮ ਨੂੰ ਮੋਮਬੱਤੀ ਮਾਰਚ ਕੱਢਣ ਤਾਂ ਸਰਕਾਰ 'ਤੇ ਜ਼ਬਰਦਸਤ ਦਬਾਅ ਬਣੇਗਾ। ਦਰਅਸਲ ਇਹ ਕੰਮ ਵਿਰੋਧੀ ਧਿਰਾਂ ਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਝੰਡਿਆਂ ਦੀ ਵਰਤੋਂ ਨਾ ਕਰਕੇ ਇਕ ਗ਼ੈਰ-ਸਿਆਸੀ ਮੰਚ ਬਣਾ ਕੇ ਅੰਦੋਲਨ ਦੇ ਪੱਖ ਵਿਚ ਲੋਕਾਂ ਨੂੰ ਇਕੱਠਾ ਕਰਨ। ਵਿਰੋਧੀ ਧਿਰਾਂ ਲਈ ਇਹ ਇਕ ਸੁਨਹਿਰੀ ਮੌਕਾ ਹੈ। ਪਰ ਅਜੇ ਤੱਕ ਉਸ ਨੇ ਇਸ ਦਾ ਲਾਭ ਉਠਾਉਣ ਲਈ ਸੁਚੱਜੀ ਰਣਨੀਤੀ ਨਹੀਂ ਬਣਾਈ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਦੋਲਨ ਆਰ-ਪਾਰ ਦੀ ਲੜਾਈ ਹੈ। ਗੱਲ ਸਹੀ ਹੈ ਪਰ ਇਸ ਦਾ ਦਾਇਰਾ ਸਿਰਫ ਮੋਦੀ ਸਰਕਾਰ ਦੇ ਵਿਰੋਧ ਵਿਚ ਜਾਂ ਅਡਾਨੀ-ਅੰਬਾਨੀ ਦੇ ਵਿਰੋਧ ਤੱਕ ਸੀਮਤ ਕਰਨਾ ਉੱਚਿਤ ਨਹੀਂ ਹੈ। ਦਰਅਸਲ ਤਿੰਨ ਖੇਤੀ ਕਾਨੂੰਨਾਂ ਦਾ ਉਦੇਸ਼ ਵੱਡੇ ਪੱਧਰ 'ਤੇ ਖੇਤੀਬਾੜੀ ਨੂੰ ਕਾਰਪੋਰੇਟ ਅਧੀਨ ਲਿਆਉਣਾ ਹੈ, ਜਿਸ ਨੂੰ ਇਨ੍ਹਾਂ ਕਾਨੂੰਨਾਂ ਦੇ ਸਮਰਥਕ ਦੂਜੀ ਹਰੀ ਕ੍ਰਾਂਤੀ ਦੀ ਪਰਿਭਾਸ਼ਾ ਦੇ ਰਹੇ ਹਨ। 60ਵਿਆਂ ਵਿਚ ਆਏ ਪਹਿਲੇ ਹਰੇ ਇਨਕਲਾਬ ਦੇ ਨਤੀਜੇ ਕੀ ਨਿਕਲੇ ਸਨ? ਜਿਨ੍ਹਾਂ ਨੂੰ ਸਿਰਫ ਅਨਾਜ ਦਾ ਵਧਿਆ ਉਤਪਾਦਨ ਹੀ ਦਿਖਾਈ ਦਿੰਦਾ ਹੈ, ਉਨ੍ਹਾਂ ਨੂੰ ਇਹ ਵੀ ਦੇਖਣਾ ਪਵੇਗਾ ਕਿ ਕਿਸ ਤਰ੍ਹਾਂ ਹਰੇ ਇਨਕਲਾਬ ਦੇ ਅਸਰ ਵਿਚ ਛੋਟਾ ਕਿਸਾਨ ਜ਼ਮੀਨ ਤੋਂ ਵਾਂਝਾ ਹੁੰਦਾ ਗਿਆ ਅਤੇ ਪੇਂਡੂ ਆਬਾਦੀ ਰੁਜ਼ਗਾਰ ਲਈ ਵੱਡੇ ਸ਼ਹਿਰਾਂ ਵੱਲ ਜਾਣ ਲਈ ਮਜਬੂਰ ਹੋਈ। ਵਿਸ਼ਵ ਬੈਂਕ ਇਹ ਮੰਨਦਾ ਹੈ ਕਿ ਭਾਰਤ ਵਰਗੇ ਦੇਸ਼ਾਂ ਵਿਚ ਜ਼ਮੀਨ ਵਰਗਾ ਕੀਮਤੀ ਸਰੋਤ ਗ਼ੈਰ-ਕੁਸ਼ਲ ਲੋਕਾਂ ਦੇ ਹੱਥਾਂ ਵਿਚ ਹੈ। ਇਸ ਨੂੰ ਉਥੋਂ ਕੱਢ ਕੇ ਕਾਰਪੋਰੇਟਰਾਂ ਦੇ ਕੁਸ਼ਲ ਹੱਥਾਂ ਵਿਚ ਪਹੁੰਚਾਉਣਾ ਚਾਹੀਦਾ ਹੈ ਅਤੇ ਨਾਲ ਹੀ ਇਕ-ਦੋ ਏਕੜ ਦੇ ਛੋਟੇ ਕਿਸਾਨਾਂ ਨੂੰ ਸਸਤੇ ਮਜ਼ਦੂਰਾਂ ਦੇ ਰੂਪ ਵਿਚ ਸ਼ਹਿਰਾਂ ਵੱਲ ਧੱਕਣਾ ਚਾਹੀਦਾ ਹੈ। ਵਿਸ਼ਵ ਬੈਂਕ ਦੀਆਂ ਰਿਪੋਰਟਾਂ ਵਿਚ ਇਸ ਤਰ੍ਹਾਂ ਦਾ ਵਿਸ਼ਲੇਸ਼ਣ ਦੇਖਣ ਨੂੰ ਮਿਲ ਜਾਂਦਾ ਹੈ। ਇਹ ਰਿਪੋਰਟਾਂ ਭਾਰਤ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਜਿਹਾ ਨਾ ਕਰ ਸਕਣ ਲਈ ਫਟਕਾਰ ਵੀ ਲਗਾਉਂਦੀਆਂ ਹਨ। ਸਰਕਾਰ ਭਾਵੇਂ ਮੋਦੀ ਦੀ ਹੋਵੇ ਜਾਂ ਕਾਂਗਰਸ ਦੀ ਜਾਂ ਕਿਸੇ ਹੋਰ ਪਾਰਟੀ ਦੀ, ਵਿਸ਼ਵ ਬੈਂਕ ਦੀ ਇਹ ਸਲਾਹ ਮੰਨਣ ਤੋਂ ਇਨਕਾਰ ਕਰਨ ਦੀ ਜੁਰਅਤ ਅਜੇ ਤੱਕ ਕਿਸੇ ਨੇ ਨਹੀਂ ਵਿਖਾਈ।

ਵੇਖਿਆ ਜਾਵੇ ਤਾਂ ਮੋਦੀ ਸਰਕਾਰ ਨੇ ਉਹ ਕਰ ਵਿਖਾਇਆ ਹੈ, ਜੋ ਮਨਮੋਹਨ ਸਿੰਘ ਦੀ ਸਰਕਾਰ ਨਹੀਂ ਸੀ ਕਰ ਸਕੀ। ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਇਹ ਸਭ ਗੱਲਾਂ ਲਿਖੀਆਂ ਹੋਈਆਂ ਸਨ, ਇਸੇ ਲਈ ਭਾਜਪਾ ਦੇ ਮੰਤਰੀ ਵਾਰ-ਵਾਰ ਕਾਂਗਰਸ ਨੂੰ ਯਾਦ ਦਿਵਾਉਂਦੇ ਹਨ ਕਿ ਜੋ ਤੁਸੀਂ ਕਰਨਾ ਚਾਹੁੰਦੇ ਸੀ ਉਹੀ ਅਸੀਂ ਕਰ ਰਹੇ ਹਾਂ। ਚੰਗੀ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੇ ਸਿਆਸੀ ਦਲਾਂ ਨੂੰ ਆਪਣੇ ਅੰਦੋਲਨ ਤੋਂ ਦੂਰ ਰੱਖਿਆ ਹੈ, ਖ਼ਾਸ ਕਰਕੇ ਕਾਂਗਰਸ ਤੋਂ। ਇਹ ਵੱਖ ਗੱਲ ਹੈ ਕਿ ਸਿਆਸਤ ਤੋਂ ਕਿਸੇ ਅੰਦੋਲਨ ਨੂੰ ਜ਼ਿਆਦਾ ਦਿਨਾਂ ਤੱਕ ਦੂਰ ਰੱਖਣਾ ਔਖਾ ਹੀ ਹੁੰਦਾ ਹੈ।

ਅੰਦੋਲਨ ਦਾ ਹਾਂਦਰੂ ਪਖ
ਇਹਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਇਹਨਾਂ ਕਿਸਾਨ ਆਗੂਆਂ ਦਾ ਕਿਸਾਨੀ ਘੋਲਾਂ ਦਾ ਲੰਮਾ ਤਜਰਬਾ ਵੀ ਹੈ ਅਤੇ ਇਹ ਵੀ ਸੱਚ ਹੈ ਕਿ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵਿੱਚ ਡਾ ਦਰਸ਼ਨ ਪਾਲ ਅਤੇ ਬਜੁਰਗ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਵਰਗੇ ਸੁਘੜ ਤੇ ਤਜੱਰਬੇਕਾਰ ਆਗੂਆਂ ਨੇ ਇਹ ਅਹਿਸਾਸ ਵੀ ਕਰਵਾਇਆ ਹੈ ਕਿ ਕਿਸਾਨ ਆਗੂ ਸਿੱਧੇ ਸਾਦੇ ਅਨਪੜ੍ਹ ਜੱਟ ਬੂਝੜ  ਨਹੀ,ਬਲਕਿ ਪੜ੍ਹੇ ਲਿਖੇ, ਤਜਰਬੇਕਾਰ ਅਤੇ ਸਮੇਂ ਦੀ ਨਬਜ ਪਛਾਨਣ ਵਾਲੇ ਹਨ ,ਇਸ ਦੇ ਬਾਵਜੂਦ ਇੱਕ ਇੱਕ ਹੋਰ ਵੱਡੀ ਤਰਾਸਦੀ ਦਰਪੇਸ਼ ਹੈ, ਕਿ ਦੂਸਰੇ ਸੂਬੇ ਭਾਵੇਂ ਇਸ ਸਚਾਈ ਨੂੰ ਸਮਝ ਚੁੱਕੇ ਹਨ, ਸਿੱਖ ਵਿਚਾਰਧਾਰਾ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ ਵਿਚਾਰਧਾਰਾ ਹੈ, ਪਰ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ ਖੱਬੇ ਪੱਖੀ ਧਿਰਾਂ ਅੱਜ ਵੀ  ਸਿਖ ਧਰਮ ਵਿਰੁਧ ਭੁਗਤ ਜਾਂਦੇ ਹਨ।ਇਸ ਅੰਦੋਲਨ ਦਾ ਹਾਂਦਰੂ ਪਖ ਹੈ ਕਿ ਪੰਥਕ ਧੜਿਆ ਵਲੋਂ ਅਗਵਾਈ ਕਰ ਰਹੇ ਦੀਪ ਸਿੱਧੂ ਭਾਰਤੀ ਸਿਸਟਮ ਦੀ ਬੋਲੀ ਬੋਲਣ ਵਾਲੇ ਇੱਕ ਖਾਸ ਫਿਰਕੇ ਦੇ ਪੱਤਰਕਾਰਾਂ ਨੂੰ ਦਲੀਲਾਂ ਸਾਹਿਤ ਇਹ ਸਮਝਾਉਣ ਵਿੱਚ ਵੀ ਸਫਲ ਹੋ ਰਹੇ ਹਨ ਕਿ ਸਿੱਖ ਅੱਤਵਾਦੀ ਨਹੀ,ਬਲਕਿ ਇਨਸਾਫ ਪਸੰਦ ਅਤੇ ਜੁਝਾਰੂ ਲੋਕ ਹਨ,ਜਿਹੜੇ ਆਪਣੇ ਹੱਕਾਂ ਲਈ ਹੀ ਨਹੀ ਬਲਕਿ ਹਰ ਮਜਲੂਮ ਨਾਲ ਹੁੰਦੇ ਧੱਕੇ ਦਾ ਨਿੱਡਰਤਾ ਨਾਲ ਵਿਰੋਧ ਕਰਦੇ ਹਨ,ਉਹਦੇ ਲਈ ਉਹਨਾਂ ਨੂੰ ਭਾਵੇਂ ਕਿੰਨਾ ਵੀ ਮੁੱਲ ਚੁਕਾਉਣਾ ਪਵੇ,ਉਹ ਇਸ ਗੱਲ ਦੀ ਪ੍ਰਵਾਹ ਨਹੀ ਕਰਦੇ, ਪਰ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲਿਆਂ ਨੇ ਦੀਪ ਸਿੱਧੂ  ਨਾਲ ਤਾਲਮੇਲ ਤੋਂ ਗੁਰੇਜ਼ ਕੀਤਾ ਹੈ। ਤਰਕਹੀਣ ਦੋਸ਼ ਲਗਾਏ ਹਨ। ਅੱਜਕੱਲ੍ਹ ਸ਼ੋਸ਼ਲ ਮੀਡੀਏ ਦਾ ਜਮਾਨਾ ਹੈ,ਹਰ ਕੋਈ ਹਰ ਇੱਕ ਆਗੂ ਦੀ ਗਤੀਵਿਧੀ ਤੇ ਨਜ਼ਰ ਵੀ ਰੱਖ ਰਿਹਾ ਹੈ,ਅਜਿਹੇ ਵਿੱਚ ਜੇਕਰ ਦੀਪ ਸਿੱਧੂ ਵਰਗੇ ਨੌਜਵਾਨ ਗਲਤੀ ਕਰਦੇ ਹਨ ਤਾਂ ਲੋਕ ਉਹਨਾਂ ਨੂੰ ਵੀ ਕਟਿਹਰੇ ਵਿੱਚ ਖੜਾ ਕਰਨ ਨੂੰ ਦੋ ਪਲ ਵੀ ਨਹੀ ਲਾਉਂਦੇ,ਅਜਿਹਾ ਪਿਛਲੇ ਦਿਨਾਂ ਵਿੱਚ ਦੇਖਿਆ ਵੀ ਜਾ ਚੁੱਕਾ ਹੈ,ਇਸ ਲਈ ਇਹ ਅੰਦਰੂਨੀ ਲੜਾਈਆਂ ਅੰਦੋਲਨ ਲਈ ਨੁਕਸਾਨ ਦੇਹ ਸਾਬਤ ਹੋ ਸਕਦੀਆਂ ਸਨ। ਇਹ ਵੀ ਸ਼ੁਭ ਸੰਕੇਤ ਹੈ ਕਿ ਅੱਜ ਦਾ ਨੌਜਵਾਨ ਇਸ ਗੱਲ ਤੋਂ ਵੀ ਸੁਚੇਤ ਹੈ ਕਿ ਸਰਕਾਰਾਂ ਨੂੰ ਅਜਿਹਾ ਕੋਈ ਮੌਕਾ ਨਹੀ ਦੇਣਾ ਜਿਸ ਨਾਲ ਉਹਨਾਂ ਨੂੰ ਕੋਈ ਬਹਾਨਾ ਮਿਲ ਜਾਵੇ, ਤੇ ਜਿੱਤੇ ਹੋਏ ਅੰਦੋਲਨ ਨੂੰ ਹਾਰ ਵਿੱਚ ਬਦਲਣ ਦਾ ਗੁਨਾਹ ਨੌਜਵਾਨਾਂ ਸਿਰ ਆ ਜਾਵੇ,ਦੂਸਰਾ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਆਪਸੀ ਲੜਾਈਆਂ ਜਾਂ ਵਖਰੇਵੇ ਇਸ ਅੰਦੋਲਨ ਤੇ ਭਾਰੂ ਨਹੀ ਪੈਣੇ ਚਾਹੀਦੇ , ਸੋ ਦੇਖਿਆ ਜਾ ਰਿਹਾ ਹੈ ਕਿ ਨੌਜਵਾਨਾਂ ਸਮੇਤ ਅੰਦੋਲਨ ਵਿੱਚ ਸ਼ਾਮਲ ਵੱਖ ਵੱਖ ਖੇਤਰ ਦੀਆਂ ਜਥੇਬੰਦੀਆਂ, ਸੰਸਥਾਵਾਂ,ਪ੍ਰਚਾਰਕਾਂ, ਕਲਾਕਾਰਾਂ,ਵਕੀਲਾਂ ਅਤੇ ਨਿਹੰਗ ਸਿੰਘ ਫੌਜਾਂ ਵੱਲੋਂ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਹੀ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਲਈ ਦਿਲ ਜਾਨ ਨਾਲ ਕੰਮ ਕੀਤਾ ਜਾ ਰਿਹਾ ਹੈ। ਇਹ ਅਰਦਾਸ ਵੀ ਕੀਤੀ ਜਾਣੀ ਬਣਦੀ ਹੈ ਕਿ ਅਕਾਲ ਪੁਰਖ ਅਗਵਾਈ ਕਰਦੇ ਪੰਥਕ ਆਗੂਆਂ ਅਤੇ ਨੌਜਵਾਨ ਵਰਗ ਵਿੱਚ ਜਿੱਥੇ ਆਪਸੀ ਇਤਫਾਕ ਦੀ ਬਖਸ਼ਿਸ਼ ਕਰੇ,ਓਥੇ ਸੀਨੀਅਰ ਕਿਸਾਨ ਆਗੂਆਂ ਅਤੇ ਨੌਜਵਾਨਾ ਵਿੱਚ ਸੰਤੁਲਨ ਵੀ ਬਣਿਆ ਰਹੇ। ਕੇਂਦਰ ਸਰਕਾਰ ਕਿਸਾਨੀ ਅੰਦੋਲਨ ਦੀ ਕਿਸੇ ਅਜਿਹੀ ਕਮਜੋਰ ਕੜੀ ਲੱਭਣ ਵਿੱਚ ਜੁਟੀ ਹੋਈ ਹੈ,ਜਿਸ ਨਾਲ ਸੰਘਰਸ਼ ਫੇਲ ਕੀਤਾ ਜਾ ਸਕੇ,ਇਸ ਕਰਕੇ ਹੀ ਮੰਗਾਂ ਮੰਨਣ ਤੋ ਟਾਲਾ ਵੱਟਦੀ ਆ ਰਹੀ ਹੈ,ਕਿਉਕਿ ਆਖਰੀ ਸਮੇ ਤੱਕ ਸਰਕਾਰ ਦੀ ਇਹ ਕੋਸ਼ਿਸ਼ ਰਹੇਗੀ ਕਿ ਕਿਸਾਨੀ ਲਹਿਰ ਦੇ ਆਗੂਆਂ ਵਿੱਚ ਫੁੱਟ ਦਾ ਬੀਜ ਬੀਜਕੇ ਸੰਘਰਸ਼ ਨੂੰ ਕਿਸੇ ਵੀ ਹੀਲੇ ਫੇਲ੍ਹ ਕੀਤਾ ਜਾ ਸਕੇ,ਪਰ ਜਿਸ ਤਰ੍ਹਾਂ ਛੋਟੀਆਂ ਛੋਟੀਆਂ ਰੰਜਸ਼ਾਂ ਅਤੇ ਵਖਰੇਵਿਆਂ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਅਤੇ ਨੌਜਵਾਨ ਵਰਗ ਸਮੇਤ ਪੂਰਾ ਦੇਸ਼ ਇੱਕ ਜੁੱਟਤਾ ਦਾ ਪ੍ਰਗਟਾਵਾ ਕਰਦਾ ਹੋਇਆ ਸਰਕਾਰ ਦੇ ਸਾਰੇ ਹੱਥਕੰਡੇ ਅਸਫਲ ਬਣਾ ਕੇ ਅੱਗੇ ਵੱਧ ਰਿਹਾ ਹੈ ਅਤੇ  ਆਖਰੀ ਸਾਹ ਤੱਕ ਆਪਣੇ ਹਕਾਂ ਲਈ ਲੜਨ ਦੀ ਵਚਨਵੱਧਤਾ ਨੂੰ ਵਾਰ ਵਾਰ ਦੁਹਰਾਇਆ ਜਾ ਰਿਹਾ ਹੈ, ਉਸ ਤੋਂ ਸਪੱਸ਼ਟ ਜਾਪਦਾ ਹੈ ਕਿ ਜਿੱਤ ਲੋਕਾਂ ਦੀ ਹੋਵੇਗੀ।
99142-58142