ਕਿਸਾਨ ਧਰਨੇ ਵਿਚ ਸਿੱਖ ਫੌਜੀ ਦੀ ਸ਼ਮੂਲੀਅਤ ਤੋਂ ਭਾਰਤੀ ਅਜੈਂਸੀਆਂ 'ਚ ਹਿਲਜੁਲ ਸ਼ੁਰੂ ਹੋਈ

ਕਿਸਾਨ ਧਰਨੇ ਵਿਚ ਸਿੱਖ ਫੌਜੀ ਦੀ ਸ਼ਮੂਲੀਅਤ ਤੋਂ ਭਾਰਤੀ ਅਜੈਂਸੀਆਂ 'ਚ ਹਿਲਜੁਲ ਸ਼ੁਰੂ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਦੇ ਕਿਸਾਨ ਭਾਰਤ ਦੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਕਈ ਮਹੀਨਿਆਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀ ਮੰਗ ਮੰਨ ਕੇ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੈ। ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਦਫਤਰਾਂ ਬਾਹਰ ਧਰਨੇ ਦੇਣ ਦੇ ਪ੍ਰੋਗਰਾਮ ਦੌਰਾਨ ਬਠਿੰਡਾ ਦੇ ਡੀਸੀ ਦਫਤਰ ਬਾਹਰ ਹੋਏ ਪ੍ਰਦਰਸ਼ਨ ਵਿਚ ਇਕ ਸਿੱਖ ਫੌਜੀ ਜਵਾਨ ਆਪਣੀ ਫੌਜੀ ਵਰਦੀ ਪਾ ਕੇ ਸ਼ਾਮਲ ਹੋਇਆ ਸੀ। ਇਸ ਜਵਾਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ ਵਿਚ ਉਸਨੇ ਹੱਥ 'ਚ ਤਖਤੀ ਫੜ੍ਹੀ ਹੋਈ ਸੀ ਜਿਸ 'ਤੇ ਲਿਖਿਆ ਸੀ, "ਮੇਰਾ ਬਾਪੂ ਕਿਸਾਨ ਹੈ, ਜੇ ਉਹ ਅੱਤਵਾਦੀ ਹੈ ਤਾਂ ਮੈਂ ਵੀ ਅੱਤਵਾਦੀ ਹਾਂ।" 

ਫੌਜੀ ਵਰਦੀ ਵਿਚ ਇਸ ਜਵਾਨ ਦੀ ਧਰਨੇ ਵਿਚ ਸ਼ਮੂਲੀਅਤ ਨੇ ਭਾਰਤ ਦੀਆਂ ਖੂਫੀਆ ਏਜੰਸੀਆਂ ਵਿਚ ਹਿਲਜੁਲ ਪੈਦਾ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਫੌਜ ਵਿਚ ਸਭ ਤੋਂ ਤਾਕਤਵਰ ਧੜਾ ਸਿੱਖ ਫੌਜੀਆਂ ਦਾ ਹੀ ਹੈ ਅਤੇ ਬਹੁਤਾਤ ਸਿੱਖ ਫੌਜੀ ਕਿਸਾਨੀ ਪਰਿਵਾਰਾਂ ਨਾਲ ਸਬੰਧਿਤ ਹਨ। ਸਿੱਖਾਂ ਤੋਂ ਇਲਾਵਾ ਵੀ ਫੌਜ ਵਿਚ ਸ਼ਾਮਲ ਹੋਰ ਭਾਈਚਾਰਿਆਂ ਵਿਚੋਂ ਜ਼ਿਆਦਾ ਜਵਾਨ ਕਿਸਾਨੀ ਪਰਿਵਾਰਾਂ ਨਾਲ ਸਬੰਧਤ ਹੀ ਹਨ। 

ਪ੍ਰਾਪਤ ਰਿਪੋਰਟਾਂ ਮੁਤਾਬਕ ਭਾਰਤ ਦੀਆਂ ਖੂਫੀਆ ਏਜੰਸੀਆਂ ਇਸ ਸਿੱਖ ਜਵਾਨ ਦੀ ਪਛਾਣ ਲੱਭਣ ਵਿਚ ਲੱਗੀਆਂ ਹੋਈਆਂ ਹਨ। ਕਿਸਾਨਾਂ ਨੇ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਘੇਰਾ ਪਾਇਆ ਹੋਇਆ ਹੈ ਅਤੇ ਦਿੱਲੀ ਦੀਆਂ ਹੱਦਾਂ 'ਤੇ ਬੈਠੇ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਕਈ ਹੋਰ ਵੀ ਫੌਜੀ ਜਵਾਨਾਂ ਵੱਲੋਂ ਕਿਸਾਨ ਸੰਘਰਸ਼ ਨੂੰ ਸਮਰਥਨ ਦੇਣ ਦੀਆਂ ਵੀਡੀਓ ਸਾਹਮਣੇ ਆਈਆਂ ਹਨ।

ਭਾਰਤੀ ਫੌਜ ਦੇ ਸਾਬਕਾ ਉੱਚ ਅਫਸਰ ਲੈਫ. ਜਨਰਲ ਐਚ ਐਸ ਪਨਾਗ ਨੇ ਮੀਡੀਆ ਨੂੰ ਕਿਹਾ ਕਿ ਫੌਜੀ ਜਵਾਨ ਦੀ ਧਰਨੇ ਵਿਚ ਸ਼ਮੂਲੀਅਤ ਫੌਜ ਦੇ ਨਿਯਮਾਂ ਦੇ ਖਿਲਾਫ ਹੈ ਅਤੇ ਇਸ ਜਵਾਨ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।