ਕੈਨੇਡਾ ਨੇ ਪਹਿਲੀ ਵਾਰ ਫਸਲਤੀਨ ਦੇ ਸਵੈ-ਨਿਰਣੇ ਦੇ ਹੱਕ ਦਾ ਸਮਰਥਨ ਕੀਤਾ

ਕੈਨੇਡਾ ਨੇ ਪਹਿਲੀ ਵਾਰ ਫਸਲਤੀਨ ਦੇ ਸਵੈ-ਨਿਰਣੇ ਦੇ ਹੱਕ ਦਾ ਸਮਰਥਨ ਕੀਤਾ

ਚੰਡੀਗੜ੍ਹ: ਫਲਸਤੀਨ ਦੇ ਅਜ਼ਾਦੀ ਸੰਘਰਸ਼ ਦਾ ਸਮਰਥਨ ਕਰਦਿਆਂ ਕੈਨੇਡਾ ਦੀ ਟਰੂਡੋ ਸਰਕਾਰ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵੱਲੋਂ ਵੋਟਾਂ ਲਈ ਰੱਖੇ ਗਏ "ਫਲਸਤੀਨੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ" ਮਤੇ ਦੇ ਸਮਰਥਨ ਵਿੱਚ ਵੋਟ ਪਾਉਣ ਦਾ ਫੈਂਸਲਾ ਕੀਤਾ ਹੈ। 

ਇਸ ਮਤੇ ਨੂੰ ਫਲਸਤੀਨ, ਉੱਤਰੀ ਕੋਰੀਆ, ਜ਼ਿੰਮਬਾਬੇ ਵੱਲੋਂ ਪੇਸ਼ ਕਰਦਿਆਂ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਚੱਲ ਰਹੀ ਲੜਾਈ ਦਾ ਹੱਲ ਕਰਨ ਲਈ ਕਿਹਾ ਗਿਆ ਤੇ ਜਿਸ ਜ਼ਮੀਨੀ ਖੇਤਰ 'ਤੇ ਕਬਜ਼ੇ ਦੀ ਇਹ ਲੜਾਈ ਚੱਲ ਰਹੀ ਹੈ ਉਸਨੂੰ "ਕਬਜ਼ੇ ਹੇਠਲਾ ਫਲਸਤੀਨੀ ਖੇਤਰ" ਲਿਖਿਆ ਗਿਆ।

ਜ਼ਿਕਰਯੋਗ ਹੈ ਕਿ ਇਸ ਮਤੇ 'ਤੇ ਇਹ ਵੋਟਾਂ ਪੈਣ ਤੋਂ ਕੁੱਝ ਦਿਨ ਪਹਿਲਾਂ ਅਮਰੀਕਾ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਪਣੀ ਵਿਦੇਸ਼ ਨੀਤੀ ਵਿੱਚ ਤਬਦੀਲੀ ਕਰਦਿਆਂ ਇਜ਼ਰਾਈਲੀ ਕਬਜ਼ੇ ਹੇਠਲੇ ਵੈਸਟ ਬੈਂਕ ਅਤੇ ਪੂਰਬੀ ਜੇਰੂਸਲੇਮ ਵਿੱਚ ਵਸਾਈਆਂ ਗਈਆਂ ਯਹੂਦੀ ਬਸਤੀਆਂ ਨੂੰ ਗੈਰ-ਕਾਨੂੰਨੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। 

ਫਲਸਤੀਨ ਦੇ ਸਵੈ-ਨਿਰਣੇ ਵਾਲੇ ਮਤੇ 'ਤੇ ਹੋਈਆਂ ਵੋਟਾਂ ਵਿੱਚ ਬਰਤਾਨੀਆ ਅਤੇ ਜਰਮਨੀ ਸਮੇਤ 164 ਦੇਸ਼ਾਂ ਨੇ ਸਮਰਥਨ ਵਿੱਚ ਵੋਟ ਪਾਈ ਜਦਕਿ ਇਜ਼ਰਾਈਲ, ਅਮਰੀਕਾ ਅਤੇ 5 ਪੈਸਿਫਿਕ ਟਾਪੂ ਦੇਸ਼ਾਂ ਨੇ ਵਿਰੋਧ ਵਿੱਚ ਵੋਟ ਪਾਈ।

ਕੈਨੇਡਾ ਦੀ ਸਰਕਾਰ ਵੱਲੋਂ ਮਤੇ ਦੇ ਹੱਕ ਵਿੱਚ ਵੋਟ ਪਾਉਣ ਦਾ ਐਨਡੀਪੀ ਪਾਰਟੀ ਨੇ ਵੀ ਸਵਾਗਤ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਫਲਸਤੀਨ ਦਾ ਸਮਰਥਨ ਕਰਨ ਦੀ ਬਜਾਏ ਵਿਰੋਧ ਹੀ ਕਰਦਾ ਸੀ। ਪਰ ਕੈਨੇਡਾ ਦਾ ਇਹ ਫੈਂਸਲੇ ਉਸਦੇ ਅਮਰੀਕਾ ਨਾਲ ਸਬੰਧਾਂ 'ਤੇ ਕੀ ਅਸਰ ਪਾਉਂਦਾ ਹੈ ਇਸ ਵੱਲ ਸਭ ਦਾ ਧਿਆਨ ਹੈ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।