ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਫ਼ਸਰ ਨੂੰ ਉਮਰ ਕੈਦ

ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਫ਼ਸਰ ਨੂੰ ਉਮਰ ਕੈਦ

ਰੂਪਨਗਰ: ਪੰਜਾਬ ਵਿਚ ਭਾਰਤੀ ਸੁਰੱਖਿਆ ਬਲਾਂ ਵਲੋਂ ਕੀਤੇ ਗਏ ਮਨੁੱਖੀ ਹੱਕਾਂ ਦੇ ਘਾਣ ਦੇ ਹਜ਼ਾਰਾਂ ਮਾਮਲਿਆਂ ਵਿਚੋਂ ਇਕ ਹੋਰ ਮਾਮਲੇ ਨੂੰ ਭਾਰਤੀ ਅਦਾਲਤ ਨੇ ਕਈ ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਮੰਨ ਲਿਆ ਹੈ ਅਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੇ ਸੇਵਾ–ਮੁਕਤ ਅਫਸਰ ਹਰਜਿੰਦਰਪਾਲ ਸਿੰਘ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਦਾ ਦੋਸ਼ੀ ਮੰਨਦਿਆਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 

ਦੱਸ ਦਈਏ ਕਿ ਇਹ ਝੂਠਾ ਪੁਲਿਸ ਮੁਕਾਬਲਾ ਸਾਲ 1992 ’ਚ ਹੋਇਆ ਸੀ, ਜਿਸ ਵਿਚ ਰੋਪੜ ਦੇ ਗੁਰਮੇਲ ਸਿੰਘ ਅਤੇ ਕੁਲਦੀਪ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਦਸੰਬਰ 1992 ’ਚ ਗ਼ੈਰ–ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਤੇ ਫਿਰ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।

ਰੋਪੜ ਦੇ ਥਾਣਾ ਸਦਰ ਦੇ ਉਦੋਂ ਦੇ ਐੱਸਐੱਚਓ ਹਰਜਿੰਦਰਪਾਲ ਸਿੰਘ ਤੋਂ ਇਲਾਵਾ ਅਦਾਲਤ ਨੇ ਡੀਐੱਸਪੀ ਅਵਤਾਰ ਸਿੰਘ ਤੇ ਬਚਨ ਦਾਸ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਦੋਵਾਂ ਉੱਤੇ ਗ਼ਲਤ ਰਿਕਾਰਡ ਤਿਆਰ ਕਰਨ ਦੇ ਦੋਸ਼ ਸਨ ਤੇ ਉਨ੍ਹਾਂ ਨੂੰ ਦੋ–ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਅਦਾਲਤ ਨੇ ਉਨ੍ਹਾਂ ਪ੍ਰਤੀ ਕੁਝ ਨਰਮ ਰਵੱਈਆ ਅਖ਼ਤਿਆਰ ਕਰਦਿਆਂ ਉਨ੍ਹਾਂ ਨੂੰ ਇੱਕ ਸਾਲ ਦੀ ਪ੍ਰੋਬੇਸ਼ਨ ਉੱਤੇ ਰਿਹਾਅ ਵੀ ਕਰ ਦਿੱਤਾ ਹੈ। ਜਿਸ ਦਾ ਅਰਥ ਹੈ ਕਿ ਉਨ੍ਹਾਂ ਨੂੰ ਜੇਲ੍ਹ ਤਾਂ ਨਹੀਂ ਭੇਜਿਆ ਜਾਵੇਗਾ ਪਰ ਉਹ ਅਦਾਲਤ ਦੀ ਨਿਗਰਾਨੀ ਹੇਠ ਰਹਿਣਗੇ।