ਬਾਬਾ ਚਰਨ ਸਿੰਘ, 6 ਹੋਰ ਸਿੱਖਾਂ ਨੂੰ ਪੁਲਿਸ ਵੱਲੋਂ ਲਾਪਤਾ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਅਹਿਮ ਫੈਂਸਲਾ ਆਇਆ

ਬਾਬਾ ਚਰਨ ਸਿੰਘ, 6 ਹੋਰ ਸਿੱਖਾਂ ਨੂੰ ਪੁਲਿਸ ਵੱਲੋਂ ਲਾਪਤਾ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਅਹਿਮ ਫੈਂਸਲਾ ਆਇਆ
ਬਾਬਾ ਮੇਜਾ ਸਿੰਘ ਦੀ ਪਤਨੀ ਸੁਖਵਿੰਦਰ ਕੌਰ, ਭਾਈ ਗੁਰਦੇਵ ਸਿੰਘ ਦੀ ਨੂੰਹ ਹਰਜਿੰਦਰ ਕੌਰ, ਭਾਈ ਕੇਸਰ ਸਿੰਘ ਦੀ ਨੂੰਹ ਗੁਰਵੰਤ ਕੌਰ ਅਤੇ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਪਤਨੀ ਸਰਜੀਤ ਕੌਰ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ, ਉਨ੍ਹਾਂ ਦੇ ਤਿੰਨ ਭਰਾਵਾਂ, ਉਨ੍ਹਾਂ ਦੇ ਸਾਲੇ ਤੇ ਉਸ ਦੇ ਪੁੱਤਰ ਨੂੰ ਖਾੜਕੂਵਾਦ ਸਮੇਂ ਤਰਨ ਤਾਰਨ ਪੁਲਿਸ ਵਲੋਂ ਚੁੱਕ ਕੇ ਲਾਪਤਾ ਕਰਨ ਦੇ ਸੀ.ਬੀ.ਆਈ. ਦੇ ਮਾਮਲੇ 'ਚ ਪੁਲਿਸ ਅਫਸਰਾਂ ਨੂੰ ਵੱਡਾ ਝਟਕਾ ਦਿੰਦਿਆਂ ਹੁਕਮ ਜਾਰੀ ਕੀਤੇ ਹਨ ਕਿ ਪੁਲਿਸ ਮੁਲਾਜ਼ਮ ਕਾਨੂੰਨੀ ਪ੍ਰਕਿਰਿਆ 'ਚ ਗ਼ਲਤ ਢੰਗ ਅਪਣਾ ਕੇ ਇਸ ਕੇਸ ਨੂੰ ਲੰਮਾ ਖਿੱਚ ਰਹੇ ਹਨ। ਪੁਲਿਸ ਅਫਸਰਾ ਖਿ਼ਲਾਫ਼ ਸੀ.ਬੀ.ਆਈ. ਵਲੋਂ ਦਰਜ ਕੀਤੇ ਇਸ ਕੇਸ ਨੂੰ ਖ਼ਾਰਜ ਕਰਵਾਉਣ ਲਈ ਉਸ ਸਮੇਂ ਦੇ ਡੀ.ਐੱਸ.ਪੀ. ਗੁਰਮੀਤ ਸਿੰਘ ਤੇ ਹੋਰਨਾਂ ਵਲੋਂ ਪਾਈ ਗਈ ਰਿੱਟ ਨੂੰ ਖ਼ਾਰਜ ਕਰਦਿਆਂ ਅਹਿਮ ਫ਼ੈਸਲਾ ਸੁਣਾਇਆ ਗਿਆ ਹੈ। 

ਸੁਪਰੀਮ ਕੋਰਟ ਵਲੋਂ ਇਸ ਮਾਮਲੇ 'ਚ 20 ਸਾਲ ਹੋਣ 'ਤੇ ਵੀ ਹੇਠਲੀਆਂ ਅਦਾਲਤਾਂ 'ਚ ਕੇਸ ਦੀ ਸੁਣਵਾਈ ਨਾ ਹੋਣ 'ਤੇ ਹੈਰਾਨੀ ਪ੍ਰਗਟ ਕਰਦਿਆਂ ਸੀ.ਬੀ.ਆਈ. ਅਦਾਲਤ ਨੂੰ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਇਸ ਅਹਿਮ ਕੇਸ ਦਾ ਫ਼ੈਸਲਾ 8 ਮਹੀਨੇ 'ਚ ਕਰ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ 'ਚ ਇਸ ਤੱਥ ਨੂੰ ਬਹੁਤ ਹੈਰਾਨੀਜਨਕ ਦੱਸਿਆ ਕਿ ਪਿਛਲੇ 20 ਸਾਲ 'ਚ ਸਿਰਫ਼ ਕੇਸ ਨੂੰ ਖ਼ਤਮ ਕਰਵਾਉਣ ਲਈ ਹੀ ਪੁਲਿਸ ਅਫਸਰਾਂ ਵਲੋਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਹਨ, ਜਿਸ ਦਾ ਮਕਸਦ ਸਿਰਫ਼ ਕੇਸ ਨੂੰ ਲਮਕਾਉਣਾ ਹੈ।

ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ 'ਚ ਇਹ ਵੀ ਕਿਹਾ ਕਿ ਇਸ ਕੇਸ ਦੀ ਸੁਣਵਾਈ ਦੌਰਾਨ ਕੇਸ 'ਚ ਨਾਮਜ਼ਦ ਵਿਅਕਤੀਆਂ ਦੀ ਕਿਸੇ ਵੀ ਪਟੀਸ਼ਨ 'ਤੇ ਸਟੇਅ ਨਾ ਦਿੱਤਾ ਜਾਵੇ। ਸੁਪਰੀਮ ਕੋਰਟ ਦੇ ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਨਵੀਨ ਸਿਨਹਾ ਦੇ ਆਧਾਰਿਤ ਬੈਂਚ ਨੇ ਹੁਕਮ ਜਾਰੀ ਕਰਦਿਆਂ ਇਸ ਫ਼ੈਸਲੇ ਦੀ ਕਾਪੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੀ.ਬੀ.ਆਈ. ਦੀ ਅਦਾਲਤ ਨੂੰ ਵੀ ਭੇਜ ਕੇ ਇਸ ਕੇਸ ਦੀ ਰੋਜ਼ਾਨਾ ਸੁਣਵਾਈ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਸੀ.ਬੀ.ਆਈ. ਦੀ ਅਦਾਲਤ ਮੋਹਾਲੀ ਵਲੋਂ ਦੋ ਜੁਲਾਈ ਤੋਂ ਲਗਾਤਾਰ ਕੇਸ ਦੀ ਸੁਣਵਾਈ ਕੀਤੇ ਜਾਣ ਦੀਆਂ ਤਰੀਕਾਂ ਵੀ ਜਾਰੀ ਕਰ ਦਿੱਤੀਆਂ ਹਨ। 

ਸੀ.ਬੀ.ਆਈ. ਵਲੋਂ ਇਸ ਕੇਸ 'ਚ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮਾਂ ਖਿ਼ਲਾਫ਼ ਕੇਸ ਦਰਜ ਕਰਕੇ ਉਸ ਦਾ ਚਲਾਣ ਸੀ.ਬੀ.ਆਈ. ਦੀ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਸੀ ਪਰ ਸਾਲ 2000 ਤੋਂ 2016 ਤੱਕ ਹਾਈਕੋਰਟ ਤੇ ਸੁਪਰੀਮ ਕੋਰਟ ਵਲੋਂ ਇਸ ਮਾਮਲੇ 'ਚ ਨਾਮਜ਼ਦ ਪੁਲਿਸ ਮੁਲਾਜ਼ਮਾਂ ਦੀਆਂ ਪਟੀਸ਼ਨਾਂ 'ਤੇ ਸਟੇਅ ਹੋਣ ਕਰਕੇ ਕੋਈ ਸੁਣਵਾਈ ਨਹੀਂ ਹੋ ਸਕੀ ਤੇ ਇਹ ਕੇਸ ਤਰੀਕਾਂ ਤੱਕ ਹੀ ਸੀਮਤ ਰਹਿ ਗਿਆ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ 6 ਜੂਨ ਨੂੰ ਸੀ.ਬੀ.ਆਈ. ਅਦਾਲਤ 'ਚ ਇਸ ਕੇਸ ਦੀ ਫਿਰ ਤੋਂ ਸੁਣਵਾਈ ਸ਼ੁਰੂ ਹੋਈ ਤੇ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਪਤਨੀ ਸੁਰਜੀਤ ਕੌਰ ਦੀ ਇਸ ਕੇਸ 'ਚ ਅਦਾਲਤ ਨੇ ਗਵਾਹੀ ਦੇ ਬਿਆਨ ਕਲਮਬੱਧ ਕੀਤੇ ਹਨ। 

ਇਸ ਸਬੰਧੀ ਭਾਈ ਸਤਨਾਮ ਸਿੰਘ ਖੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾੜਕੂਵਾਦ ਦੇ ਸਮੇਂ ਅਗਸਤ 1992 'ਚ ਉਸ ਦੇ ਚਾਚਾ ਕੇਸਰ ਸਿੰਘ ਨੂੰ ਤਰਨ ਤਾਰਨ ਪੁਲਿਸ ਵਲੋਂ ਰੇਲਵੇ ਸਟੇਸ਼ਨ ਅੰਮਿ੍ਤਸਰ ਤੋਂ ਗਿ੍ਫ਼ਤਾਰ ਕੀਤਾ ਗਿਆ  ਸੀ। ਫਿਰ ਉਸ ਦੇ ਦੂਸਰੇ ਚਾਚਾ ਗੁਰਦੇਵ ਸਿੰਘ ਨੂੰ ਉੱਤਰ ਪ੍ਰਦੇਸ਼ ਤੋਂ ਅਤੇ ਉਸ ਦੇ ਪਿਤਾ ਮੇਜਾ ਸਿੰਘ ਨੂੰ ਗੇਟ ਦੀ ਕਾਰ ਸੇਵਾ ਕਰਦਿਆਂ ਪੁਲਿਸ ਨੇ ਚੁੱਕ ਲਿਆ ਸੀ। ਪੁਲਿਸ ਵਲੋਂ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਨੂੰ ਪੇਸ਼ ਕਰਵਾਉਣ ਲਈ ਉਨ੍ਹਾਂ ਦੇ ਪਰਿਵਾਰ ਉੱਪਰ ਦਬਾਅ ਬਣਾਇਆ ਗਿਆ ਅਤੇ ਉਸ ਦੇ ਪਿਤਾ ਅਤੇ ਚਾਚਿਆਂ ਉੱਪਰ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਉਸ ਸਮੇਂ ਦੇ ਐੱਸ.ਪੀ. ਆਪ੍ਰੇਸ਼ਨ ਰਹੇ ਖ਼ੂਬੀ ਰਾਮ ਅਤੇ ਉਸ ਦੇ ਪੀ.ਏ. ਸੁਖਦੇਵ ਰਾਜ ਜੋਸ਼ੀ ਅਤੇ ਹੋਰਨਾਂ ਨੇ ਬਾਬਾ ਚਰਨ ਸਿੰਘ ਦੇ ਸਾਲੇ ਗੁਰਮੇਜ ਸਿੰਘ ਅਤੇ ਉਸ ਦੇ ਲੜਕੇ ਬਲਵਿੰਦਰ ਸਿੰਘ ਨੂੰ ਪਿੰਡ ਸਖੀਰੇ ਤੋਂ ਚੁੱਕ ਲਿਆ ਸੀ। ਭਾਈ ਸਤਨਾਮ ਸਿੰਘ ਖੰਡਾ ਅਨੁਸਾਰ ਤਰਨ ਤਾਰਨ ਪੁਲਿਸ ਵਲੋਂ ਸੀ.ਆਈ.ਏ. ਸਟਾਫ਼ ਅਤੇ ਹੋਰਨਾਂ ਥਾਣਿਆਂ 'ਚ ਸਾਰਿਆਂ ਨੂੰ ਰੱਖ ਕੇ ਤਸ਼ੱਦਦ ਜਾਰੀ ਰੱਖਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਅਪ੍ਰੈਲ 1993 'ਚ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਜੋ ਕਿ ਕਰੀਬ 35 ਗੁਰਦੁਆਰਿਆਂ ਦੀ ਸੇਵਾ ਕਰ ਰਹੇ ਸਨ ਨੂੰ ਆਖ਼ਰ ਪੁਲਿਸ ਕੋਲ ਪੇਸ਼ ਕਰਵਾਉਣ ਜਾਂਦੇ ਸਮੇਂ ਪੁਲਿਸ ਨੇ ਤਰਨ ਤਾਰਨ ਦੀਆਂ ਰਸੂਲਪੁਰ ਨਹਿਰਾਂ ਤੋਂ ਚੁੱਕ ਲਿਆ ਸੀ। ਪੁਲਿਸ ਵਲੋਂ ਬਾਬਾ ਚਰਨ ਸਿੰਘ, ਉਨ੍ਹਾਂ ਦੇ ਭਰਾ ਕੇਸਰ ਸਿੰਘ, ਬਾਬਾ ਮੇਜਾ ਸਿੰਘ, ਗੁਰਦੇਵ ਸਿੰਘ, ਗੁਰਮੇਜ ਸਿੰਘ ਅਤੇ ਗੁਰਮੇਜ ਸਿੰਘ ਦੇ ਲੜਕੇ ਬਲਵਿੰਦਰ ਸਿੰਘ ਨੂੰ ਭਾਰੀ ਤਸ਼ੱਦਦ ਕਰਕੇ ਮਾਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਖ਼ੁਰਦ ਬੁਰਦ ਕਰ ਦਿੱਤਾ ਗਿਆ ਸੀ। 

ਸੀ.ਬੀ.ਆਈ. ਵਲੋਂ ਇਸ ਮਾਮਲੇ ਵਿਚ ਦੋ ਮਈ 1997 ਨੂੰ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਸੀ ਅਤੇ ਉਸ ਸਮੇਂ ਦੇ ਤਰਨ ਤਾਰਨ ਦੇ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ, ਡੀ.ਐੱਸ.ਪੀ. ਗੁਰਮੀਤ ਸਿੰਘ ਰੰਧਾਵਾ, ਇੰਸ: ਸੂਬਾ ਸਿੰਘ ਸਰਹੰਦ, ਏ.ਐੱਸ.ਆਈ. ਸੂਬਾ ਸਿੰਘ, ਸੁਖਦੇਵ ਰਾਜ ਜੋਸ਼ੀ ਸਮੇਤ ਹੋਰ ਪੁਲਿਸ ਅਫਸਰਾਂ ਦੇ ਖਿ਼ਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਪੁਲਿਸ ਅਫਸਰਾਂ ਵਲੋਂ ਸੁਣਵਾਈ ਰੋਕਣ ਲਈ ਅਦਾਲਤਾਂ ਵਿਚ ਇਸ ਕੇਸ ਨੂੰ ਖ਼ਾਰਜ ਕਰਨ ਦੀਆਂ ਰਿੱਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਇਹ ਕੇਸ ਦੀ ਸੁਣਵਾਈ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਦੌਰਾਨ ਰੁਕੀ ਹੋਈ ਹੈ। ਉੱਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਜ਼ਰੂਰ ਹੈ ਕਿ ਭਾਰਤ ਦੀ ਨਿਆਂਪਾਲਿਕਾ ਵਲੋਂ ਇਸ ਅਹਿਮ ਕੇਸ ਬਾਰੇ ਦਿੱਤਾ ਗਿਆ ਫ਼ੈਸਲਾ ਦੇਰ ਨਾਲ ਹੋਇਆ ਹੈ ਅਤੇ ਇਸ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਪੁਲਿਸ ਮੁਲਾਜ਼ਮ ਆਪਣੀ ਨੌਕਰੀਆਂ ਦੌਰਾਨ ਤਰੱਕੀਆਂ ਤੇ ਮੈਡਲਾਂ ਦਾ ਅਨੰਦ ਮਾਣਦੇ ਰਹੇ ਤੇ ਇਨਸਾਫ਼ ਦਾ ਰਾਹ ਦੇਖਦਿਆਂ ਕਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਰੱਬ ਨੂੰ ਵੀ ਪਿਆਰੇ ਹੋ ਗਏ। ਭਾਈ ਸਤਨਾਮ ਸਿੰਘ ਖੰਡਾ ਨੇ ਇਹ ਵੀ ਕਿਹਾ ਕਿ ਪੁਲਿਸ ਵਲੋਂ ਇਸ ਕੇਸ ਸਬੰਧੀ ਹਰ ਤਰ੍ਹਾਂ ਦੇ ਹਥਕੰਡੇ ਅਪਣਾਏ ਜਾ ਰਹੇ ਹਨ ਙ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ