ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬਾਦਲਾਂ ਨੂੰ ਵੰਗਾਰਿਆ

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬਾਦਲਾਂ ਨੂੰ ਵੰਗਾਰਿਆ

ਫਰੀਦਕੋਟ: ਪੰਜਾਬ ਪੁਲਿਸ ਦੇ ਆਈ ਜੀ ਅਤੇ ਕੋਟਕਪੂਰਾ, ਬਹਿਬਲ ਕਲਾਂ ਗੋਲੀ ਕਾਂਡ ਅਤੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬੀਤੇ ਕੱਲ੍ਹ ਆਪਣੇ ਫੇਸਬੁੱਕ ਅਤੇ ਟਵਿੱਟਰ ਖਾਤਿਆਂ ਰਾਹੀਂ ਉਹਨਾਂ ਵੱਲੋਂ ਅਦਾਲਤ ਵਿੱਚ ਦਾਖਲ ਕੀਤੀ ਗਈ ਚਾਰਜਸ਼ੀਟ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਵੰਗਾਰਿਆ ਹੈ। ਇਸ ਚਾਰਜਸ਼ੀਟ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਨਾਂ ਵੀ ਸ਼ਾਮਿਲ ਹਨ।

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਲਿਖਿਆ ਕਿ ਉਹ ਚਾਰਜਸ਼ੀਟ ਵਿੱਚ ਦਰਜ ਹਰ ਸ਼ਬਦ 'ਤੇ ਖੜ੍ਹੇ ਹਨ ਤੇ ਇਹ ਸਾਰੀਆਂ ਗੱਲਾਂ ਤੱਥਾਂ ਅਤੇ ਸਬੂਤਾਂ 'ਤੇ ਅਧਾਰਿਤ ਹਨ ਜਿਸ ਬਾਰੇ ਉਹ ਕਿਸੇ ਨੂੰ ਵੀ ਜਵਾਬ ਦੇਣ ਲਈ ਤਿਆਰ ਹਨ। 

ਉਹਨਾਂ ਇਸ ਚਾਰਜਸ਼ੀਟ ਨੂੰ ਅੰਤਰਰਾਸ਼ਟਰੀ ਪੱਧਰ ਦੀ ਚਾਰਜਸ਼ੀਟ ਦੱਸਿਆ ਤੇ ਕਿਹਾ ਕਿ ਅਜਿਹੀ ਚਾਰਜਸ਼ਟਿ ਆਮ ਕਰਕੇ ਭਾਰਤ ਵਿੱਚ ਨਹੀਂ ਬਣਦੀ। ਉਹਨਾਂ ਕਿਹਾ ਕਿ ਅਜਿਹੀ ਚਾਰਜਸ਼ੀਟ ਅਸੀ ਅਮਰੀਕਾ, ਬਰਤਾਨੀਆ ਵਿੱਚ ਦੇਖ ਸਕਦੇ ਹਾਂ ਤੇ ਕੁੱਝ ਕੇਸਾਂ ਵਿੱਚ ਫਰਾਂਸ ਅਤੇ ਜਰਮਨੀ ਵਿੱਚ ਵੀ ਇਸ ਪੱਧਰ ਦੀ ਚਾਰਜਸ਼ੀਟ ਦਾਖਲ ਕੀਤੀ ਗਈ ਹੈ।

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮੰਨਿਆ ਕਿ ਉਹਨਾਂ ਇਸ ਚਾਰਜਸ਼ੀਟ ਨੂੰ ਗੁਪਤ ਰੱਖਿਆ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਇਹ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਲੀਕ ਹੋਵੇ ਕਿਉਂਕਿ ਪਹਿਲਾਂ ਜੱਜ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਅਜਿਹਾ ਹੋ ਚੁੱਕਾ ਹੈ। 

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਗੁਰਬਾਣੀ ਦੀਆਂ ਪੰਕਤੀਆਂ, "ਸੰਤਾ ਮਾਨਉ ਦੂਤਾ ਡਾਨਊ, ਇਹ ਕੁਟਵਾਰੀ ਮੇਰੀ।” ਵਰਤਦਿਆਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। 

ਸਬੰਧਿਤ ਮਾਮਲੇ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ
ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਿੱਟ ਨੇ ਫਰੀਦਕੋਟ ਅਦਾਲਤ 'ਚ ਦੂਜੀ ਚਾਰਜਸ਼ੀਟ (ਚਲਾਨ) ਵੀ ਪੇਸ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਿੱਟ ਨੇ ਪੰਜਾਬ ਸਰਕਾਰ ਤੋਂ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਚਲਾਉਣ ਦੀ ਪ੍ਰਵਾਨਗੀ ਵੀ ਲੈ ਲਈ ਹੈ।