ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ''ਕਲੀ ਜੋਟਾ'' ਵਿਸ਼ਵ ਭਰ ਵਿਚ  ਰਿਲੀਜ਼

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ''ਕਲੀ ਜੋਟਾ'' ਵਿਸ਼ਵ ਭਰ ਵਿਚ  ਰਿਲੀਜ਼

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ – ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮ ‘ਕਲੀ ਜੋਟਾ’ ਬੇਹੱਦ ਚਰਚਾ ਵਿਚ ਹੈ। ‘ਕਲੀ ਜੋਟਾ’ ਫ਼ਿਲਮ ਬੀਤੇ ਦਿਨੀਂ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਵਿਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ 'ਵਿਚ ਹਨ।

 ਪਿਆਰ ਮੁਹੱਬਤਾਂ ਦੇ ਰੰਗਾਂ ਨੂੰ ਬਿਖ਼ੇਰਦੀ ਨਿਵੇਕਲੇ ਵਿਸ਼ੇ ਦੀ ਇਹ ਫ਼ਿਲਮ ਮਨੋਰੰਜਨ ਦੇ ਨਾਲ-ਨਾਲ ਔਰਤ ਦੇ ਹੱਕਾਂ ਦੀ ਵੀ ਗੱਲ ਕਰਦੀ ਹੈ। ਇਸ ਫ਼ਿਲਮ ਵਿਚ ਨੀਰੂ ਬਾਜਵਾ ਆਪਣੀਆਂ ਪਹਿਲੀਆਂ ਫ਼ਿਲਮ ਤੋਂ ਬਹੁਤ ਹਟ ਕੇ ਨਜ਼ਰ ਆਵੇਗੀ। ਸੱਚੀ ਕਹਾਣੀ ਆਧਾਰਿਤ ਇਸ ਫ਼ਿਲਮ ਵਿਚ ਉਸ ਨੇ ਰਾਬੀਆ ਦਾ ਕਿਰਦਾਰ ਨਿਭਾਇਆ ਹੈ ਜੋ ਚੁਲਬੁਲੇ ਸੁਭਾਅ ਅਤੇ ਆਜ਼ਾਦ ਖ਼ਿਆਲਾਂ ਦੀ ਮਾਲਕ ਹੈ ਤੇ 'ਦੀਦਾਰ' (ਸਤਿੰਦਰ ਸਰਤਾਜ) ਨਾਂਅ ਦੇ ਛੈਲ-ਛਬੀਲੇ ਗੱਭਰੂ ਦੀ ਦੀਵਾਨੀ ਹੈ ।ਜਦੋਂ ਰਾਬੀਆ ਤੇ ਦੀਦਾਰ ਦੀਆਂ ਭਾਵਨਾਵਾਂ ਨੂੰ ਸਮਾਜ ਦੇ ਕੁਝ ਅਖੌਤੀ ਠੇਕੇਦਾਰ ਦਬਾਉਣ ਦਾ ਯਤਨ ਕਰਦੇ ਹਨ ਤਾਂ ਰਾਬੀਆ ਕਿਸੇ ਕਾਰਨ ਡੂੰਘੇ ਸਦਮੇ ਦਾ ਸ਼ਿਕਾਰ ਹੋ ਜਾਂਦੀ ਹੈ। ਫ਼ਿਲਮ ਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਹਨ। ਲੇਖਕਾ ਹਰਿੰਦਰ ਕੌਰ ਨੇ ਆਪਣੀ ਇਸ ਕਹਾਣੀ ਵਿਚ ਔਰਤ ਦੀ ਆਜ਼ਾਦੀ ਅਤੇ ਸਮਾਜ ਦੇ ਚਿਹਰਿਆਂ ਨੂੰ ਪਰਦੇ 'ਤੇ ਉਤਾਰਨ ਦਾ ਯਤਨ ਕੀਤਾ ਹੈ। 

 ਇਸ ਨੂੰ ਡਾਇਰੈਕਟ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, ਯੂ. ਐਂਡ ਆਈ ਫ਼ਿਲਮਜ਼ ਤੇ ਵੀ. ਐੱਚ. ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਹੈ, ਜਿਸ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਤੇ ਸੰਤੋਸ਼ ਸੁਭਾਸ਼ ਥੀਟੇ ਨੇ ਪ੍ਰੋਡਿਊਸ ਕੀਤਾ ਹੈ।

ਸਮਾਜਿਕ ਵਿਸ਼ੇ ਦੇ ਨਾਲ-ਨਾਲ ਇਹ ਇਕ ਰੁਮਾਂਸਮਈ ਸੰਗੀਤਕ ਫ਼ਿਲਮ ਹੈ। ਫ਼ਿਲਮ ਦੇ ਗੀਤ ਵੀ ਬਹੁਤ ਵਧੀਆ ਹਨ, ਜਿਨ੍ਹਾਂ ਨੂੰ ਸਤਿੰਦਰ ਸਰਤਾਜ, ਸੁਨਿੱਧੀ ਚੌਹਾਨ ਤੇ ਰਜ਼ਾ ਹੀਰ ਨੇ ਗਾਇਆ ਹੈ। ਸਤਿੰਦਰ ਸਰਤਾਜ, ਹਰਿੰਦਰ ਕੌਰ ਤੇ ਅੰਬਰ ਵਲੋਂ ਲਿਖੇ ਇਨ੍ਹਾਂ ਗੀਤਾਂ ਨੂੰ ਬੀਟ ਮਨਿਸਟਰ ਨੇ ਸੰਗੀਤ ਦਿੱਤਾ ਹੈ। ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਤੋਂ ਇਲਾਵਾ ਵਾਮਿਕਾ ਗੱਬੀ, ਪ੍ਰਿੰਸ਼ ਕੰਵਲਜੀਤ ਸਿੰਘ, ਪ੍ਰਭ ਗਰੇਵਾਲ, ਹਰਫ਼ ਚੀਮਾ, ਨਿਕਿਤਾ ਗਰੋਵਰ, ਸੁਖਵਿੰਦਰ ਚਾਹਲ, ਸੁੱਖੀ ਚਾਹਲ, ਪ੍ਰਕਾਸ਼ ਗਾਧੂ, ਸੀ. ਜੇ. ਸਿੰਘ ਤੇ ਸ਼ਮਿੰਦਰ ਵਿੱਕੀ ਆਦਿ ਕਲਾਕਾਰਾਂ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ।