ਨਿਰਛਲ ਹਾਸਾ ਔਰਤ ਦਾ ਗਹਿਣਾ

ਨਿਰਛਲ ਹਾਸਾ ਔਰਤ ਦਾ ਗਹਿਣਾ

ਨਿਰਛਲ ਹਾਸੇ, ਜੋ ਮਕਾਨਾਂ ਨੂੰ ਘਰ ਬਣਾਉਦੇ ਹਨ।

ਉਹ ਬੜੀ ਸਾਦੀ ਜਿਹੀ ਕੁੜੀ ਸੀ। ਉਸਦਾ ਹਾਸਾ ਸਾਰਾ ਘਰ ਵਿੱਚ ਗੂੰਜਦਾਂ, ਕਿਉਕਿ ਉਸਨੇ ਕਦੇ ਇਹ ਨਹੀ ਸੁਣਿਆ ਸੀ ਕਿ ਕੁੜੀਆਂ ਉੱਚੀ ਨਹੀ ਹੱਸਦੀਆਂ। ਬਲਕਿ ਉਸਦਾ ਪਾਪਾ ਤਾਂ ਹਮੇਸਾਂ ਇਹੀ ਕਹਿੰਦਾ ਕਿ ਜਿਸ ਘਰ ਕੁੜੀਆਂ ਹੱਸਦੀਆਂ ਅਤੇ ਚਿੜੀਆਂ ਕੂਕਦੀਆਂ ਹਨ, ਉਸ ਘਰ ਬਰਕਤ ਅਉਦੀ ਹੈ। ਪੜਿ੍ਹਆਂ- ਲਿਖਿਆ, ਮਿਹਨਤੀ ਪਰ ਬਹੁਤ ਹੀ ਸਾਦਾ ਪਰਿਵਾਰ ਸੀ ਉਸਦਾ। ਪਿਉ ਚਾਹੇ ਪਿੰਡ ਦਾ ਸਰਪੰਚ ਸੀ ਪਰ ਫੇਰ ਵੀ ਖੇਤਾਂ ਵਿੱਚ ਆਪ ਕੰਮ ਕਰਦਾ। ਉਹ ਆਪ ਵੀ ਸ਼ਹਿਰ ਨੌਕਰੀ ਕਰਦੀ ਪਰ ਸ਼ਹਿਰ ਦੀ ਹਵਾ ਉਸਤੋਂ ਕੋਹਾਂ ਦੂਰ ਸੀ। ਸਵੇਰੇ ਮਾਂ ਆਟਾ ਗੁੰਨਦੀ ਤਾਂ ਬੇਬੇ ਦੀ ਆਵਾਜ ਅਉਦੀ, “ਭਾਈ ਇੱਕ ਅੱਧੀ ਛਾਣਨੀ ਵੱਧ ਹੀ ਪਾ ਲਵੀ, ਬੰਦੇ ਆ ਅੱਜ ਖੇਤ”। ਕਦੇ ਕਦੇ ਖੀਰ ਧਰਨ ਲੱਗਣਾ ਤਾਂ ਬੇਬੇ ਨੇ ਕਹਿਣਾ ਕਿ ਮੁੱਠੀ ਕਿ ਚੌਲ ਵੱਧ ਪਾ ਲਉ, ਕੋਈ ਆਇਆ ਗਿਆ ਆ ਜਾਂਦਾਂ। ਇੰਜ ਹੀ ਉਹ ਆਪਣੀ ਤਾਈ ਨੂੰ ਸੂਟ ਸਿਉਣ ਵੇਲੇ ਦੱਸਦੀ ਕਿ, ਬੀਬੀ ਆਹ ਸੂਟ ਗਿੱਠ ਕੁ ਲੰਮਾ ਕਰ ਦੇਵੀ, ਹੁਣ ਲੰਮਿਆਂ ਦਾ ਰਿਵਾਜ ਹੈ ਤੇ ਹਾਂ ਪੋਟਾ ਕੁ ਖੁੱਲਾ ਵੀ ਰੱਖ ਦੇਵੀ। ਦਾਦਾ ਅੱਜ ਵੀ ਅਉਦੇ ਜਾਂਦੇ ਰਾਹੀਗਾਰਾਂ ਨੂੰ ਸੱਦ ਚਾਹ-ਪਾਣੀ ਛੱਕਾਂ ਦਿੰਦਾ। ਉਸਦੇ ਘਰ ਆ ਕਿ ਲੱਗਦਾ ਕਿ ਪੁਰਾਣਾ ਪੰਜਾਬ ਤਾਂ ਬੱਸ ਇੱਥੇ ਹੀ ਵੱਸਦਾ। ਤੇ ਫੇਰ ਇੱਕ ਦਿਨ ਉਸਦਾ ਰਿਸਤਾਂ ਕਨੇਡਾ ਵੱਸਦੇ ਚੰਗੇ ਪਰਿਵਾਰ ਵਿੱਚ ਹੋ ਗਿਆ। ਮੁੰਡਾ ਰਿਸ਼ਤੇਦਾਰੀ ਵਿੱਚੋ ਹੀ ਸੀ, ਕਿਸੇ ਵੀ ਤਰ੍ਹਾਂ ਦੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀ ਸੀ। ਬੱਸ ਮਹੀਨੇ ਵਿੱਚ ਹੀ ਵਿਆਹ ਧਰ ਦਿੱਤਾ। ਨਣਾਨ ਦਾ ਫੋਨ ਆਇਆ ਸੂਟ ਦਾ ਨਾਪ ਲੈਣ ਲਈ , ਉਸਦੇ ਮੂੰਹੋ ਸਹਿਜ ਸੁਭਾਅ ਹੀ ਨਿਕਲ ਗਿਆ ਕਿ, “ਘੇਰਾ ਢਾਈ ਕੁ ਗਿੱਠਾਂ”। ਉਸਦੀ ਨਣਾਨ ਦਾ ਤਾਂ ਇੰਨੀ ਗੱਲ ਸੁਣ ਹੱਸ ਹੱਸ ਬੁਰਾ ਹਾਲ ਹੋ ਗਿਆ। ਭਾਂਵੇ ਉਸਨੇ ਇੰਚਾਂ ਅਤੇ ਸੈਟੀਮੀਟਰਾਂ ਦੋਨਾਂ ਵਿੱਚ ਬਾਅਦ ਵਿੱਚ ਨਾਪ ਭੇਜ ਦਿੱਤਾ ਪਰ ਨਣਾਨ ਦਾ ਹਾਸਾ ਉਸਦੇ ਕੰਨਾਂ ਵਿੱਚ ਗੂੰਜਦਾ ਰਿਹਾ। ਵਿਆਹ ਦਾ ਚਾਅ ਤਾਂ ਜਿਵੇਂ ਉਸਦਾ ਖਤਮ ਹੀ ਹੋ ਗਿਆ ਸੀ। 

ਕੁੱਝ ਮਹੀਨਿਆਂ ਬਾਅਦ ਜਦੋਂ ਉਹ ਕਨੇਡਾ ਪਹੁੰਚੀ ਤਾਂ ਸਭ ਉਸਨੂੰ ਓਪਰਾ ਓਪਰਾ ਲੱਗਦਾ। ਰਸੋਈ ਵਿੱਚ ਪਈ ਨਿੱਕੀ ਜਿਹੀ ਤੱਕੜੀ ਅਤੇ ਨਿੱਕੇ ਵੱਡੇ ਮਾਪਣ ਵਾਲੇ ਭਾਂਡੇ ਉਸਨੂੰ ਚਿੜਾਉਦੇ ਜਾਪਦੇ। ਉਸਨੂੰ ਲੱਗਦਾ ਕਿ ਇਹ ਲੋਕ ਤਾਂ ਹੱਸਦੇ ਬੋਲਦੇ ਵੀ ਨਾਪ-ਤੋਲ ਕੇ ਹੀ ਹਨ। ਉਸਦਾ ਹਾਸਾ ਤਾਂ ਕਿੱਧਰੇ ਗਵਾਚ ਹੀ ਗਿਆ ਸੀ। ਸਾਰੇ ਆਪਣੇ ਆਪਣੇ ਕੰਮ ਤੇ ਚਲੇ ਜਾਂਦੇ ਤਾਂ ਘਰ ਵਿੱਚ ਸਿਵਿਆਂ ਜਿਹੀ ਚੁੱਪ ਪਸਰ ਜਾਂਦੀ। ਇੱਕ ਦਾਦੀ ਜੋ ਦੇਖਣ ਨੂੰ ਤਾਂ ਚੰਗੀ ਭਲੀ ਲੱਗਦੀ ਪਰ ਬੱਸ ਚੁੱਪਚਾਪ ਆਵਦੇ ਕਮਰੇ ਵਿੱਚ ਪਈ ਰਹਿੰਦੀ। ਹਫਤੇ ਵਿੱਚ ਦੋ ਦਿਨ ਨਰਸ ਵੀ ਦੇਖਣ ਅਉਦੀ, ਕਹਿੰਦੇ ਕਿ ਬਾਪੂ ਦੇ ਜਾਣ ਪਿੱਛੋ “ਡਿਪਰੈਸ਼ਨ” ਹੋ ਗਿਆ। ਉਸਦੇ ਮਨ ਵਿੱਚ ਅਉਦਾ ਕਿ ਗਿਆ ਤਾਂ ਇਕੱਲਾ ਬਾਪੂ ਹੀ ਹੈ, ਤੁਸੀ ਸਾਰੇ ਤਾਂ ਹੈਗੇ ਹੀ ਹੋ। ਪਰ ਹੁਣ ਉਸਨੂੰ ਲੱਗਦਾ ਕਿ ਸਾਇਦ ਛੇਤੀ ਹੀ ਉਸਦੀ ਹਾਲਤ ਵੀ ਬੇਬੇ ਵਰਗੀ ਹੋ ਜਾਵੇਗੀ। ਇੱਕ ਦਿਨ ਸਾਰਿਆਂ ਦੇ ਜਾਣ ਪਿੱਛੋ ਉਹ ਰਾਤ ਦੀ ਰੋਟੀ ਦੀ ਤਿਆਰੀ ਕਰ ਰਹੀ ਸੀ। ਖੀਰ ਧਰਨ ਦੀ ਸੋਚੀ ਪਹਿਲਾਂ ਉਸਨੇ ਭਾਂਡਾਂ ਕੱਢ ਚੌਲ ਮਿਣਨ ਦੀ ਸੋਚੀ ਪਰ ਫੇਰ ਆਸਾ ਪਾਸਾ ਦੇਖ ਮੁੱਠੀਆਂ ਭਰ ਭਰ ਕੇ ਹੀ ਪਾ ਲਏ, ਇੱਕ ਦਮ ਉਸਨੂੰ ਪਿੱਛੋ ਆਵਾਜ ਆਈ ਕਿ,” ਪੁੱਤ ਮੁੱਠੀ ਕੁ ਹੋਰ ਪਾ ਲਾ, ਤੇਰੇ ਡੈਡੀ ਨੂੰ ਖੀਰ ਬਹੁਤ ਪਸੰਦ ਏ”। ਦਾਦੀ ਦੀ ਗੱਲ ਸੁਣ ਉਸਨੂੰ ਚਾਅ ਚੱੜ੍ਹ ਗਿਆ। ਜਦੋ ਸਾਰਾ ਟੱਬਰ ਘਰ ਆਇਆਂ ਤਾਂ ਸਾਲਾਂ ਬਾਅਦ ਦਾਦੀ ਦੇ ਕਮਰੇ ਵਿੱਚੋ ਹਾਸਾ ਗੂੰਜ ਰਿਹਾ ਸੀ। 

ਹੁਣ ਉਹ ਘਰ ਹੱਸਣ ਲੱਗ ਪਿਆ ਸੀ, ਰਸੋਈ ਵਿੱਚੋਂ ਤੱਕੜੀ ਦੀ ਵੀ ਵਿਦਾੲਗੀ ਹੋ ਗਈ ਸੀ। ਸ਼ਾਲਾਂ ਵੱਸਦੇ ਰਹਿਣ ਐਸੇ ਘਰ ਅਤੇ ਗੂੰਜਦੇ ਰਹਿਣ ਅਜਿਹੇ ਨਿਰਛਲ ਹਾਸੇ, ਜੋ ਮਕਾਨਾਂ ਨੂੰ ਘਰ ਬਣਾਉਦੇ ਹਨ।