ਪੰਜਾਬ ਵਿਚ 'ਟਾਰਗੇਟ ਕਿਲਿੰਗ' ਦੀ ਸਾਜਿਸ਼ ਦੇ ਦੋਸ਼ ਅਧੀਨ ਦੋ ਨੌਜਵਾਨ ਗ੍ਰਿਫਤਾਰ; ਡੀਜੀਪੀ ਨੇ ਵਿਦੇਸ਼ੀ ਤਾਰਾਂ ਜੋੜੀਆਂ

ਪੰਜਾਬ ਵਿਚ 'ਟਾਰਗੇਟ ਕਿਲਿੰਗ' ਦੀ ਸਾਜਿਸ਼ ਦੇ ਦੋਸ਼ ਅਧੀਨ ਦੋ ਨੌਜਵਾਨ ਗ੍ਰਿਫਤਾਰ; ਡੀਜੀਪੀ ਨੇ ਵਿਦੇਸ਼ੀ ਤਾਰਾਂ ਜੋੜੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ ਦੀ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ 'ਤੇ ਪਾਕਿਸਤਾਨ ਬੈਠੇ ਲੋਕਾਂ ਦੇ ਇਸ਼ਾਰਿਆਂ 'ਤੇ ਹਥਿਆਰਬੰਦ ਕਾਰਵਾਈਆਂ ਦੀ ਸਾਜਿਸ਼ ਘੜਨ ਦਾ ਦੋਸ਼ ਲਾਇਆ ਗਿਆ ਹੈ। ਪੰਜਾਬ ਪੁਲਸ ਦੇ ਡੀਜੀਪੀ ਨੇ ਇਹਨਾਂ ਗ੍ਰਿਫਤਾਰੀਆਂ ਬਾਰੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦੀ ਪੰਜਾਬ ਵਿਚ ‘ਟਾਰਗੈੱਟ ਕਿਲਿੰਗ’ ਦੀ ਯੋਜਨਾ ਸੀ। 

ਪੁਲੀਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਗੁਰਮੀਤ ਸਿੰਘ ਅਤੇ ਵਿਕਰਮ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਪੁਲੀਸ ਨੇ ਜਰਮਨੀ ਦੀ ਬਣੀ ਹੋਈ ਐੱਮਪੀ 5 ਸਬ ਮਸ਼ੀਨਗੰਨ, 9 ਐੱਮਐੱਮ ਦੀ ਪਿਸਤੌਲ, ਚਾਰ ਮੈਗਜ਼ੀਨ ਅਤੇ ਦੋ ਮੋਬਾਈਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। 

ਆਮ ਤੌਰ 'ਤੇ ਪੰਜਾਬ ਵਿਚ ਵਾਪਰਦੀਆਂ ਗੈਰਕਾਨੂੰਨੀ ਗਤੀਵਿਧੀਆਂ ਵਿਚ ਸੁਸਤ ਰਹਿਣ ਵਾਲੀ ਪੰਜਾਬ ਪੁਲਸ ਬੀਤੇ ਕੁੱਝ ਸਾਲਾਂ ਤੋਂ ਲਗਾਤਾਰ ਅਜਿਹੇ ਮਾਮਲੇ ਫੜ੍ਹਨ ਵਿਚ ਕਾਮਯਾਬ ਹੋ ਰਹੀ ਹੈ ਜਿਹਨਾਂ ਦਾ ਸਬੰਧ ਖਾਲਿਸਤਾਨ ਲਹਿਰ ਨਾਲ ਜੋੜਿਆ ਜਾਂਦਾ ਹੈ ਅਤੇ ਜਿਹਨਾਂ 'ਤੇ ਇੰਟਰਨੈਟ ਐਪਲੀਕੇਸ਼ਨਾਂ ਰਾਹੀਂ ਵਿਦੇਸ਼ਾਂ ਵਿਚ ਬੈਠੇ ਲੋਕਾਂ ਨਾਲ ਸੰਪਰਕ ਕਰਕੇ ਹਿੰਸਕ ਕਾਰਵਾਈਆਂ ਦੀ ਤਿਆਰੀ ਕਰਨ ਦਾ ਦੋਸ਼ ਲਾਇਆ ਜਾਂਦਾ ਹੈ। ਕਿਸੇ ਅਣਪਛਾਤੀ ਸੂਹ ਰਾਹੀਂ ਪੁਲਸ ਇਹਨਾਂ ਮੁੰਡਿਆਂ ਨੂੰ ਹਰ ਵਾਰ ਕਾਰਵਾਈ ਤੋਂ ਪਹਿਲਾਂ ਹੀ ਫੜ੍ਹ ਲੈਂਦੀ ਹੈ। 

ਇਸ ਮਾਮਲੇ ਵਿਚ ਵੀ ਪੁਲਸ ਨੇ ਉਪਰੋਕਤ ਹਥਿਆਰਾਂ ਤੋਂ ਇਲਾਵਾ ਕਈ ਫੋਟੋਆਂ, ਮੈਸੇਜ ਅਤੇ ਗੱਲਬਾਤ ਦੇ ਵੇਰਵੇ ਮਿਲਣ ਦਾ ਦਾਅਵਾ ਕੀਤਾ ਹੈ ਜਿਹਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਸਭ ਪਾਕਿਸਤਾਨ ਵਿਚ ਬੈਠੇ ਯੋਜਨਾ ਘਾੜਿਆਂ ਨਾਲ ਸਾਂਝੇ ਕੀਤੇ ਸਨ। ਡੀਜੀਪੀ ਨੇ ਦੱਸਿਆ ਕਿ ਦੋਵਾਂ ਨੂੰ ਅਗਾਊਂ ਸੂਚਨਾ ਦੇ ਆਧਾਰ ’ਤੇ ਵੀਰਵਾਰ ਦੇਰ ਰਾਤ ਜੀਟੀ ਰੋਡ ’ਤੇ ਸਥਿਤ ਗੁਰਦਾਸਪੁਰੀਏ ਢਾਬੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਸ਼ਾਮਲ ਗੁਰਮੀਤ ਸਿੰਘ (44) ਸੁਲਤਾਨਵਿੰਡ ਰੋਡ ਦੀ ਗੰਡਾ ਸਿੰਘ ਕਾਲੋਨੀ ਦਾ ਵਸਨੀਕ ਹੈ।