ਅਸੀਂ, ਘਟਨਾਵਾਂ, ਅਤੇ ਘਟਨਾਵਾਂ ਪਿਛਲਾ ਵਰਤਾਰਾ 

ਅਸੀਂ, ਘਟਨਾਵਾਂ, ਅਤੇ ਘਟਨਾਵਾਂ ਪਿਛਲਾ ਵਰਤਾਰਾ 

ਹਾਲਾਤ ਪੇਚੀਦਗੀ ਵਾਲੇ ਹਨ, ਸੋ ਵਧੇਰੇ ਗੰਭੀਰ ਤੇ ਚੇਤਨ ਹੋ ਕੇ ਵਿਹਾਰ ਕਰਨ ਦੀ ਲੋੜ ਹੈ। 

ਪੰਜਾਬ ਵਿਚ ਪਿਛਲੇ ਮਹੀਨੇ ਦੌਰਾਨ ਇਕ ਤੋਂ ਬਾਅਦ ਇਕ ਵਾਪਰੀਆਂ ਘਟਨਾਵਾਂ ਨੇ ਸੂਬੇ ਅੰਦਰਲੇ ਸੁਹਿਰਦ ਹਿੱਸਿਆਂ ਅਤੇ ਦੁਨੀਆ ਭਰ ਵਿਚ ਰਹਿੰਦੇ ਸਿੱਖਾਂ ਦੀਆਂ ਪੰਜਾਬ ਅਤੇ ਸਿੱਖਾਂ ਪ੍ਰਤੀ ਫਿਕਰਾਂ ਵਧਾ ਦਿੱਤੀਆਂ ਹਨ। ਇਹਨਾ ਘਟਨਾਵਾਂ ਦੀ ਰਫਤਾਰ ਇੰਨੀ ਤੇਜ ਰਹੀ ਕਿ ਹਰ ਅਗਲੀ ਘਟਨਾ ਨੇ ਪਿਛਲੀ ਬਾਰੇ ਚਰਚਾ ਨੂੰ ਪਿੱਛੇ ਪਾ ਦਿੱਤਾ। 18 ਦਸੰਬਰ 2021 ਨੂੰ ਸ੍ਰੀ ਅੰਮ੍ਰਿਤਸਰ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਇਸ ਪ੍ਰਤੀ ਦਿੱਲੀ ਦਰਬਾਰੀ ਖਬਰਖਾਨਾ ਸਿੱਖਾਂ ਵਿਰੁਧ ਬਿਰਤਾਂਤ ਘੜ੍ਹਨਾ ਸ਼ੁਰੂ ਕਰ ਦਿੰਦਾ ਹੈ। ਇਹ ਘਟਨਾ ਇੰਨੀ ਸਾਫ ਤੇ ਉਕਸਾਊ ਸੀ ਕਿ ਗੈਰ-ਸਿੱਖ ਪੱਤਰਕਾਰ ਹਿੱਸਿਆਂ ਵੱਲੋਂ ਵੀ ਦਿੱਲੀ ਦਰਬਾਰੀ ਖਬਰਖਾਨੇ ਦੇ ਬਿਰਤਾਂਤ ਨੂੰ ਚਣੌਤੀ ਦਿੱਤੀ ਜਾਂਦੀ ਹੈ ਪਰ ਇਸ ਤੋਂ ਕਰੀਬ 12 ਘੰਟੇ ਬਾਅਦ ਹੀ ਸਭਨਾ ਦਾ ਧਿਆਨ ਕਪੂਰਥਲੇ ਵਾਲੀ ਘਟਨਾ ਵੱਲ ਲੱਗ ਜਾਂਦਾ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਵਾਲੀ ਘਟਨਾ ਤਕਰੀਬਨ ਮੁਕੰਮਲ ਤੌਰ ਉੱਤੇ ਹੀ ਚਰਚਾ ਤੋਂ ਬਾਹਰ ਹੋ ਗਈ ਅਤੇ ਸਾਰੀ ਚਰਚਾ ਹੀ ਕਪੂਰਥਾਲੇ ਵਾਲੀ ਘਟਨਾ ਉੱਤੇ ਕੇਂਦ੍ਰਿਤ ਹੋ ਗਈ। ਇਸ ਤੋਂ ਬਾਅਦ 23 ਦਸੰਬਰ 2021 ਨੂੰ ਲੁਧਿਆਣੇ ਕਚਹਿਰੀਆਂ ਵਾਲੀ ਘਟਨਾ ਵਾਪਰੀ ਅਤੇ ਸਭ ਦਾ ਧਿਆਨ ਹੁਣ ਇੱਧਰ ਕੇਂਦਰਿਤ ਹੋ ਗਿਆ। ਲੁਧਿਆਣੇ ਵਾਲੀ ਘਟਨਾ ਵਿਚ ਪੁਲਿਸ ਅਨੁਸਾਰ ਬੰਬ ਲਗਾਉਣ ਆਇਆ ਵਿਅਕਤੀ ਮੌਕੇ ਉੱਤੇ ਮਾਰਿਆ ਗਿਆ, ਜਿਸ ਬਾਰੇ ਅਗਲੇ ਦਿਨਾਂ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਬਰਖਾਸਤ ਕੀਤਾ ਪੰਜਾਬ ਪੁਲਿਸ ਦਾ ਹੀ ਮੁਲਾਜਮ ਸੀ। ਇਸੇ ਦੌਰਾਨ ਪੁਲਿਸ ਨੇ ਕਪੂਰਥਲਾ ਘਟਨਾ ਲਈ ਅਮਰਜੀਤ ਸਿੰਘ (ਗ੍ਰੰਥੀ) ਨੂੰ ਇਹ ਕਹਿੰਦਿਆਂ ਗ੍ਰਿਫਤਾਰ ਕਰ ਲਿਆ ਹੈ ਕਿ ਉਸ ਨੇ ਇਕ ਚੋਰੀ ਦੀ ਘਟਨਾ ਨੂੰ ਬੇਅਦਬੀ ਦੀ ਘਟਨਾ ਦੀ ਰੰਗਤ ਦੇ ਕੇ ਗੱਲ ਫੈਲਾਈ (ਵੀਡੀਓ ਵਾਇਰਲ ਕੀਤੀ) ਜਿਸ ਨਾਲ ਕਾਬੂ ਕੀਤੇ ਵਿਅਕਤੀ ਨੂੰ ਲੋਕਾਂ ਨੇ ਮਾਰ ਦਿੱਤਾ। ਇਸੇ ਦੌਰਾਨ ਇਹ ਜਾਣਕਾਰੀ ਵੀ ਨਸ਼ਰ ਹੋਈ ਕਿ ਅਮਰਜੀਤ ਸਿੰਘ ਪੰਜਾਬ ਪੁਲਿਸ ਦੇ ਕੁਝ ਉੱਚ ਅਫਸਰਾਂ ਦੇ ਸਪੰਰਕ ਵਿਚ ਸੀ, ਉਸ ਦਾ ਪੁੱਤਰ ਪੁਲਿਸ ਦੇ ਖੂਫੀਆ ਮਹਿਕਮੇਂ ਵਿਚ ਹੈ ਅਤੇ ਉਸ ਵੱਲੋਂ ਦਿੱਤੀ ਜ਼ਮੀਨ ਉੱਤੇ ਹੀ ਗੁਰਦੁਆਰਾ ਸਾਹਿਬ ਦੇ ਨੇੜੇ ਪੁਲਿਸ ਚੌਂਕੀ ਬਣੀ ਹੋਈ ਹੈ। ਇਹ ਸੰਖੇਪ ਜਿਹੀ ਤਫਸੀਲ ਹੀ ਦਰਸਾਅ ਦਿੰਦੀ ਹੈ ਕਿ ਬੀਤੇ ਕੁਝ ਦਿਨਾ ਦਾ ਘਟਨਾਕ੍ਰਮ ਕਿੰਨਾ ਪੇਚੀਦਾ ਹੈ ਜਿਸ ਨੂੰ ਘੋਖ ਕੇ ਕਿਸੇ ਨਤੀਜੇ ਉੱਤੇ ਪਹੁੰਚਣ ਲਈ ਘਟਨਾਵਾਂ ਪਿਛਲੇ ਵਰਤਾਰੇ ਦੀ ਸ਼ਨਾਖਤ ਕਰਨੀ ਜਰੂਰੀ ਹੈ। ਪਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਬਹੁਤੀਆਂ ਘਟਨਾਵਾਂ ਬਾਰੇ ਬੱਝਵੇਂ, ਅਤੇ ਵਿਆਪਕ ਤੌਰ ਉੱਤੇ ਅਜਿਹਾ ਨਹੀਂ ਕਰ ਪਾ ਰਹੇ। ਇਸ ਦੇ ਕਾਰਨਾਂ ਦੀ ਘੋਖ ਕਰਨੀ ਜਰੂਰੀ ਹੈ। ਜਿਸ ਲਈ ਸਾਨੂੰ ਸ਼ੁਰੂਆਤ ਦੇ ਤੌਰ ਉੱਤੇ ਆਪਣੇ ਵਿਹਾਰ ਦੀ ਘੋਖ ਕਰਨੀ ਚਾਹੀਦੀ ਹੈ।

ਪਿਛਲੇ ਦਿਨਾਂ ਦੀਆਂ ਘਟਨਾਵਾਂ ਬਾਰੇ ਹੋਈ ਬਹੁਤੀ ਚਰਚਾ ਨੇ ਮੁੜ ਦਰਸਾਇਆ ਹੈ ਕਿ ਇਕ ਤਾਂ ਸਾਡੀ ਬਹੁਤਾਤ ਚਰਚਾ ਘਟਨਾਵਾਂ ਬਾਰੇ ਹੀ ਕੇਂਦ੍ਰਿਤ ਰਹਿੰਦੀ ਹੈ। ਅਸੀਂ ਘਟਨਾਵਾਂ ਨੂੰ ਵਿਆਪਕ ਦ੍ਰਿਸ਼ਟੀ ਤੋਂ ਵੇਖ ਕੇ ਘਟਨਾਕ੍ਰਮਾਂ ਦੇ ਨਕਸ਼ ਨੂੰ ਪਛਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਦੂਜੀ ਦਿੱਕਤ ਇਹ ਹੈ ਕਿ ਅੱਜ ਦੇ ਸਮੇਂ ਸ਼ੀਸ਼ੇ (ਸਕਰੀਨ) ਰਾਹੀਂ ਦਿਸਦੀ ਹਕੀਕਤ ਅਤੇ ਜ਼ਮੀਨੀ ਹਕੀਕਤ ਵਿਚ ਬਹੁਤ ਵੱਡਾ ਪਾੜਾ ਆ ਗਿਆ ਹੈ। ਤੀਜੀ ਗੱਲ ਕਿ ਅਸੀਂ ਪ੍ਰਤੀਕਿਰਿਆ ਕਰਨ ਲਈ ਅਜਿਹੀ ਕਾਹਲ ਵਿਚ ਹੁੰਦੇ ਹਾਂ ਕਿ ਜਿਵੇਂ ਕਿ ਜੇਕਰ ਫੌਰੀ ਪ੍ਰਤੀਕਿਰਿਆ ਨਾ ਦਿੱਤੀ ਤਾਂ ਜਿਵੇਂ ਜਨਮ ਹੀ ਵਿਫਲਾ ਹੋ ਜਾਣਾ ਹੈ। ਚੌਥੀ ਗੱਲ ਜੋ ਇਸ ਸਭ ਕਾਸੇ ਦੌਰਾਨ ਸਾਹਮਣੇ ਆਈ ਹੈ ਕਿ ਜੇਕਰ ਇੰਝ ਤਟਫਟ ਕੀਤੀ ਗਈ ਪ੍ਰਤੀਕਿਰਿਆ ਸਮਾਂ ਪਾ ਕੇ ਸਹੀ ਸਾਬਿਤ ਨਹੀਂ ਹੁੰਦੀ ਤਾਂ ਫਿਰ ਵੀ ਇਸ ਬਾਰੇ ਮੁੜ ਵਿਚਾਰ ਕਰਕੇ ਉਕਾਈ ਤਸਲੀਮ ਨਹੀਂ ਕੀਤੀ ਜਾਂਦੀ ਬਲਕਿ ਆਪਣੀ ਪਹਿਲਾਂ ਦਿੱਤੀ ਪ੍ਰਤੀਕਿਰਿਆ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਹੀ ਸਾਬਿਤ ਕਰਨ ਲਈ ਦਲੀਲਸਾਜੀ ਸ਼ੁਰੂ ਕਰ ਲਈ ਜਾਂਦੀ ਹੈ। ਪੰਜਵੀਂ ਗੱਲ ਕਿ ਅਗਲੀ ਕੋਈ ਵੀ ਘਟਨਾ ਵਾਪਰ ਜਾਣ ਉੱਤੇ ਜਾਂ ਨਵੀਂ ਚਰਚਾ ਛਿੜ ਜਾਣ ਉੱਤੇ ਪਿਛਲੀ ਚਰਚਾ ਛੱਡ ਦਿੱਤੀ ਜਾਂਦੀ ਹੈ ਤੇ ਬਹੁਤੀ ਵਾਰ ਅਗਲੀਆਂ ਚਰਚਾਵਾਂ ਵਿਚ ਫਿਰ ਮੁੜ ਉਹੀ ਕੁਝ ਦਹੁਰਾਇਆ ਜਾਂਦਾ ਹੈ।

ਇਹ ਵਿਹਾਰ ਇਕ ਅਜਿਹੀ ਆਦਤ ਬਣ ਗਿਆ ਹੈ ਕਿ ਜਿਸ ਦੇ ਚੱਲਦਿਆਂ ਅਸੀਂ ਹਰ ਵਾਕੇ ਨੂੰ ਘਟਨਾ ਦੇ ਪੱਧਰ ਤੱਕ ਹੀ ਵੇਖਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਹਰ ਘਟਨਾ ਬਾਰੇ ਤਟਫੜ ਟਿੱਪਣੀਬਾਜ਼ੀ ਸ਼ੁਰੂ ਕਰ ਦਿੰਦੇ ਹਾਂ ਅਤੇ ਉਸ ਨਾਲ ਜੁੜਵੇਂ ਘਟਨਾਕ੍ਰਮਾਂ ਦੇ ਵਿਆਪਕ ਨਕਸ਼ਾਂ ਦੀ ਸ਼ਨਾਖਤ ਕਰਨ ਜਾਂ ਉਸ ਪਿੱਛੇ ਕੰਮ ਕਰਦੇ ਸੰਭਾਵੀ ਵਰਤਾਰੇ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਗੱਲ ਯਾਦ ਰੱਖੀਏ ਕਿ ਹਾਲਾਤ ਵਿਚ ਜਿੰਨੀ ਤਰਲਤਾ ਇਸ ਵੇਲੇ ਹੈ ਸਾਡੀ ਪੀੜੀ ਨੇ ਅਜਿਹੀ ਸਥਿਤੀ ਪਹਿਲਾਂ ਕਦੇ ਨਹੀਂ ਵੇਖੀ। ਕੌਮਾਂਤਰੀ, ਖੇਤਰੀ ਅਤੇ ਦੇਸੀ ਹਾਲਾਤ ਤੇਜੀ ਨਾਲ ਹੋਰ ਅਸਥਿਰਤਾ ਵੱਲ ਵਧ ਰਹੇ ਹਨ। ਸੰਸਾਰ ਆਰਥਕ, ਸਿਆਸੀ, ਫੌਜੀ ਅਤੇ ਸਿਹਤ ਪੱਖ ਤੋਂ ਵੀ ਹੋਰ ਅਸਥਿਰਤਾ ਵੱਲ ਜਾ ਰਿਹਾ ਹੈ। ਪੰਜਾਬ ਅਤੇ ਇੰਡੀਆ ਵਿਚ ਹਾਲਤ ਕਿਸੇ ਤਰ੍ਹਾਂ ਵੀ ਵੱਖਰੀ ਨਹੀਂ ਹੈ ਬਲਕਿ ਆਪਣੀ ਭੂ-ਰਣਨੀਤਕ ਸਥਿਤੀ ਅਤੇ ਇੰਡੀਆ ਵਿਚਲੀ ਹਕੂਮਤ ਦੀ ਤਲਖ ਤਸੀਰ ਕਰਕੇ ਪੰਜਾਬ ਦੀ ਸਥਿਤੀ ਵਧੇਰੇ ਗੰਭੀਰ ਹੈ। 

ਦੂਜੇ ਪਾਸੇ ਬੀਤੇ ਸਮੇਂ ਤੋਂ ਸਿੱਖਾਂ ਵੱਲੋਂ ਬਿਨਾ ਕਿਸੇ ਪਰਤੱਖ ਕੇਂਦਰੀ ਢਾਂਚੇ ਦੇ ਅਚੇਤ ਰੂਪ ਵਿਚ ਹੀ ਸਮੂਹਿਕ ਤੌਰ ਉੱਤੇ ਗੁਰੂ-ਲਿਵ ਅਨੁਸਾਰੀ ਵਿਹਾਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਇਸ ਖਿੱਤੇ ਵਿਚ ਹੀ ਨਹੀਂ ਬਲਕਿ ਆਲਮੀ ਤੌਰ ਉੱਤੇ ਵੀ ਸਿੱਖਾਂ ਦੀ ਸਮੂਹਿਕ ਸਾਖ ਬੁਲੰਦ ਹੋਈ ਹੈ। ਕਿਰਸਾਨੀ ਸੰਘਰਸ਼ ਦੀ ਜਿੱਤ ਨੇ ਇਸ ਖਿੱਤੇ ਦੇ ਨਿਮਾਣੇ-ਨਿਤਾਣੇ ਅਤੇ ਸੰਘਰਸ਼ਸ਼ੀਲ ਹਿੱਸਿਆਂ ਵਿਚ ਸਿੱਖਾਂ ਦਾ ਸਤਿਕਾਰ ਵਧਾਇਆ ਹੈ ਅਤੇ ਸਥਿਤੀ ਮਜਬੂਤ ਕੀਤੀ ਹੈ। ਇਸ ਪੱਖੋਂ ਸਿੱਖ 1970ਵਿਆਂ ਦੇ ਅੱਧ ਵਿਚ ਲਗਾਏ ਗਏ ‘ਹੰਗਾਮੀ-ਸ਼ਾਸਨ’ (ਐਮਰਜੈਂਸੀ) ਤੋਂ ਬਾਅਦ ਵਾਲੀ ਸਥਿਤੀ ਵਿਚ ਪਹੁੰਚ ਗਏ ਹਨ ਜਦੋਂ ਸਿੱਖ ਨੇ ਉਸ ਸ਼ਾਸਨ ਦਾ ਸਫਲ ਵਿਰੋਧ ਕਰਕੇ ਆਪਣੇ ਰਾਜਸੀ ਸਮਰੱਥਾ ਦਾ ਪ੍ਰਗਟਾਵਾ ਕੀਤਾ ਸੀ। ਇਤਿਹਾਸ ਦੱਸਦਾ ਹੈ ਕਿ 1977 ਤੋਂ ਬਾਅਦ ਦਿੱਲੀ ਦਰਬਾਰ ਨੇ ਮਿੱਥ ਕੇ ਸਿੱਖਾਂ ਨੂੰ ਟਕਰਾਅ ਵਿਚ ਉਲਝਾ ਕੇ ਨਿਸ਼ਾਨੇ ਉੱਤੇ ਲਿਆਉਣ ਦਾ ਅਮਲ ਸ਼ੁਰੂ ਕੀਤਾ ਸੀ। ਇਸ ਅਮਲ ਤਹਿਤ ਦਿੱਲੀ ਨੇ ਸਿੱਖਾਂ ਨੂੰ ਮਿੱਥ ਕੇ ਬਦਨਾਮ ਕਰਨਾ ਸ਼ੁਰੂ ਕੀਤਾ ਸੀ ਅਤੇ ਸਰੀਰਕ ਘਾਣ ਤੋਂ ਪਹਿਲਾਂ ਉਹਨਾ ਨੂੰ ਨਿਖੇੜ ਕੇ ਸਿੱਧੇ ਨਿਸ਼ਾਨੇ ਉੱਤੇ ਲੈ ਆਂਦਾ। “ਕਾਲ ਏ ਡੌਗ ਮੈਡ ਐਂਡ ਦੈੱਨ ਕਿਲ ਇਟ ” ਦੀ ਇਹੀ ਰਣਨੀਤੀ ਦਿੱਲੀ ਦਰਬਾਰ ਮੁੜਦਹੁਰਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਹਰ ਘਟਨਾ ਤੋਂ ਬਾਅਦ ਦਿੱਲੀ ਦਰਬਾਰ ਤੇ ਦਿੱਲੀ ਦੇ ਦਰਬਾਰੀ ਖਬਰਖਾਨੇ ਦਾ ਵਿਹਾਰ ਵੇਖ ਕੇ ਹੀ ਇਹ ਗੱਲ ਸਾਫ ਹੋ ਜਾਣੀ ਚਾਹੀਦੀ ਹੈ। 

ਹਾਲਾਤ ਪੇਚੀਦਗੀ ਵਾਲੇ ਹਨ, ਸੋ ਵਧੇਰੇ ਗੰਭੀਰ ਤੇ ਚੇਤਨ ਹੋ ਕੇ ਵਿਹਾਰ ਕਰਨ ਦੀ ਲੋੜ ਹੈ। 

 

ਧੰਨਵਾਦ ,

ਮਲਕੀਤ ਸਿੰਘ ਭਵਾਨੀਗੜ੍ਹ

ਸੰਪਾਦਕ, ਅੰਮ੍ਰਿਤਸਰ ਟਾਈਮਜ਼