ਸਕਾਟਲੈਂਡ ਦੀ ਅਜ਼ਾਦੀ ਲਈ ਸੜਕਾਂ 'ਤੇ ਆਏ ਹਜ਼ਾਰਾਂ ਸਕਾਟਿਸ਼; ਦੂਜੀ ਵਾਰ ਰੈਫਰੈਂਡਮ ਕਰਾਉਣ ਦੀ ਮੰਗ

ਸਕਾਟਲੈਂਡ ਦੀ ਅਜ਼ਾਦੀ ਲਈ ਸੜਕਾਂ 'ਤੇ ਆਏ ਹਜ਼ਾਰਾਂ ਸਕਾਟਿਸ਼; ਦੂਜੀ ਵਾਰ ਰੈਫਰੈਂਡਮ ਕਰਾਉਣ ਦੀ ਮੰਗ

ਗਲਾਸਗੋਅ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਯੂਨਾਈਟਿੰਡ ਕਿੰਗਡਮ (ਬਰਤਾਨੀਆ) ਦੇ ਰਾਜ ਨਾਲੋਂ ਵੱਖ ਆਪਣੇ ਅਜ਼ਾਦ ਦੇਸ਼ ਦੀ ਮੰਗ ਕਰਦੇ ਸਕਾਟਲੈਂਡ ਦੇ ਹਜ਼ਾਰਾਂ ਲੋਕ ਗਾਲਸਗੋਅ ਸ਼ਹਿਰ ਦੀਆਂ ਸੜਕਾਂ 'ਤੇ ਆਏ। ਮੀਂਹ ਅਤੇ ਝੱਖੜ ਵੀ ਇਹਨਾਂ ਲੋਕਾਂ ਦੀ ਅਜ਼ਾਦੀ ਦੀ ਤਾਂਘ ਨੂੰ ਮੱਧਮ ਨਾ ਕਰ ਸਕਿਆ। ਇਹ ਲੋਕ ਯੂਨਾਈਟਿਡ ਕਿੰਗਡਮ ਤੋਂ ਵੱਖ ਹੋਣ ਲਈ ਇੱਕ ਹੋਰ ਰਾਇਸ਼ੁਮਾਰੀ (ਰਿਫਰੈਂਡਮ) ਕਰਾਉਣ ਦੀ ਮੰਗ ਕਰ ਰਹੇ ਹਨ। ਅੰਦਾਜ਼ੇ ਮੁਤਾਬਿਕ ਇਸ ਇਕੱਠ ਵਿੱਚ 80,000 ਲੋਕਾਂ ਨੇ ਭਾਗ ਲਿਆ।

ਅਜ਼ਾਦੀ ਦੀ ਮੰਗ ਕਰਦੇ ਇਹਨਾਂ ਲੋਕਾਂ ਨੇ ਸਕਾਟਲੈਂਡ ਦੇ ਝੰਡੇ ਹੱਥਾਂ 'ਚ ਫੜ੍ਹੇ ਹੋਏ ਸਨ। ਇਸ ਦੇ ਨਾਲ ਹੀ ਅਹਿਮ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਇਕੱਠ ਵਿੱਚ ਅਜ਼ਾਦੀ ਲਈ ਸੰਘਰਸ਼ਸ਼ੀਲ ਫਲਸਤੀਨ ਅਤੇ ਕੈਟੇਲੋਨੀਆ ਦੇ ਝੰਡੇ ਵੀ ਨਜ਼ਰੀਂ ਪੈ ਰਹੇ ਸਨ। ਜਿੱਥੇ ਫਲਸਤੀਨ ਇਜ਼ਰਾਈਲ ਵੱਲੋਂ ਕਬਜ਼ੇ 'ਚ ਕੀਤੇ ਉਸਦੇ ਖਿੱਤੇ ਨੂੰ ਅਜ਼ਾਦ ਕਰਾਉਣ ਲਈ ਸੰਘਰਸ਼ ਕਰ ਰਿਹਾ ਹੈ ਉੱਥੇ ਹੀ ਕਤਲਾਨ ਲੋਕ ਸਪੇਨ ਤੋਂ ਅਜ਼ਾਦੀ ਚਾਹੁੰਦੇ ਹਨ। 

ਇਸ ਇਕੱਠ ਵਿੱਚ ਸ਼ਾਮਲ ਲੋਕਾਂ ਨੇ ਇੰਗਲੈਂਡ ਦੇ ਝੰਡੇ ਵੀ ਚੁੱਕੇ ਹੋਏ ਸਨ। ਉਹਨਾਂ ਨਾਲ ਫੜ੍ਹੀਆਂ ਸੁਨੇਹਾ ਤਖਤੀਆਂ 'ਤੇ ਲਿਖਿਆ ਸੀ, "ਅਸੀਂ ਇੰਗਲੈਂਡ ਵਿਰੋਧੀ ਨਹੀਂ ਹਾਂ, ਪਰ ਅਸੀਂ ਸਕਾਟਿਸ਼ ਲੋਕਾਂ ਦਾ ਨਾਲ ਹਾਂ।" 


ਸਕਾਟਲੈਂਡ ਦੇ ਝੰਡੇ ਫੜ੍ਹੀ ਅਜ਼ਾਦੀ ਪੱਖੀ ਸੜਕਾਂ ਤੋਂ ਲੰਘਦੇ ਹੋਏ ਅਤੇ ਇੱਕ ਪਾਸੇ ਇਹਨਾਂ ਦਾ ਵਿਰੋਧ ਕਰਨ ਲਈ ਯੂਕੇ ਦੇ ਝੰਡੇ ਫੜ੍ਹੀ ਖੜੇ ਲੋਕ

ਜਿਵੇਂ ਹਰ ਥਾਂ ਹੁੰਦਾ ਹੈ ਕਿ ਕਿਸੇ ਵੀ ਧਾਰਾ ਦੀ ਵਿਰੋਧੀ ਧਾਰਾ ਵੀ ਨਾਲ ਹੀ ਚਲਦੀ ਹੈ। ਇੱਥੇ ਵੀ ਪ੍ਰਦਰਸ਼ਨ ਦੌਰਾਨ ਇਹਨਾਂ ਅਜ਼ਾਦੀ ਪੱਖੀ ਲੋਕਾਂ ਦਾ ਵਿਰੋਧ ਕਰ ਰਹੇ ਕੁੱਝ ਲੋਕਾਂ ਵੱਲੋਂ ਬਰਤਾਨੀਆ ਦੇ ਝੰਡੇ ਚੁੱਕ ਕੇ ਆਪਣਾ ਪ੍ਰਦਰਸ਼ਨ ਕੀਤਾ ਗਿਆ। ਪਰ ਅਜ਼ਾਦੀ ਦੇ ਦੀਵਾਨਿਆਂ ਦੇ ਸਾਹਮਣੇ ਇਹਨਾਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਨਾ-ਬਰਾਬਰ ਸੀ।

ਪਾਠਕਾਂ ਦੀ ਜਾਣਕਾਰੀ ਲਈ ਦਸ ਦਈਏ ਕਿ ਸਕਾਟਿਸ਼ ਲੋਕਾਂ ਦੀ ਅਜ਼ਾਦੀ ਦੇ ਦਾਅਵੇ ਨੂੰ ਬਰਤਾਨੀਆ ਸਰਕਾਰ ਵੀ ਮਾਨਤਾ ਦੇ ਚੁੱਕੀ ਹੈ ਅਤੇ 2014 'ਚ ਬਰਤਾਨੀਆ ਸਰਕਾਰ ਵੱਲੋਂ ਸਕਾਟਲੈਂਡ ਦੀ ਅਜ਼ਾਦੀ ਦੇ ਫੈਂਸਲੇ ਬਾਰੇ ਸਕਾਟਲੈਂਡ ਦੇ ਲੋਕਾਂ ਦੀ ਰਾਇਸ਼ੁਮਾਰੀ ਕਰਵਾਈ ਗਈ ਸੀ। ਪਰ ਇਸ ਰਾਇਸ਼ੁਮਾਰੀ ਦੀਆਂ ਵੋਟਾਂ 'ਚ 55 ਫੀਸਦੀ ਲੋਕਾਂ ਨੇ ਬਰਤਾਨੀਆ ਨਾਲ ਰਹਿਣ ਦੇ ਪੱਖ 'ਚ ਵੋਟ ਪਾਈ ਸੀ ਜਦਕਿ 45 ਫੀਸਦੀ ਲੋਕਾਂ ਨੇ ਅਜ਼ਾਦੀ ਲਈ ਵੋਟ ਪਾਈ ਸੀ। ਪਰ ਇਸ ਫੈਂਸਲੇ ਤੋਂ ਬਾਅਦ ਵੀ ਅਜ਼ਾਦੀ ਪੱਖੀ ਸਕਾਟਿਸ਼ ਲੋਕਾਂ ਨੇ ਹਾਰ ਨਹੀਂ ਮੰਨੀ ਤੇ ਉਹ ਆਪਣੀ ਅਵਾਜ਼ ਨੂੰ ਲਗਾਤਾਰ ਚੁੱਕ ਰਹੇ ਹਨ ਅਤੇ ਇੱਕ ਹੋਰ ਰੈਫਰੈਂਡਮ ਕਰਾਉਣ ਦੀ ਮੰਗ ਕਰ ਰਹੇ ਹਨ। 

ਪਿਛਲੇ ਮਹੀਨੇ ਹੋਈਆਂ ਯੂਨਾਈਟਿਡ ਕਿੰਗਡਮ ਸਰਕਾਰ ਦੀਆਂ ਵੋਟਾਂ 'ਚ ਸਕਾਟਲੈਂਡ ਦੀ ਅਜ਼ਾਦੀ ਦੀ ਮੰਗ ਕਰਦੀ ਪਾਰਟੀ ਸਕਾਟਿਸ਼ ਨੈਸ਼ਨਲ ਪਾਰਟੀ ਨੇ ਸਕਾਟਿਸ਼ ਖੇਤਰ ਦੀਆਂ 59 ਵਿੱਚੋਂ 48 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। 

ਅਜ਼ਾਦੀ ਪੱਖੀ ਆਗੂਆਂ ਦਾ ਕਹਿਣਾ ਹੈ ਕਿ ਯੂਕੇ ਦੇ ਯੂਰਪੀਨ ਯੂਨੀਅਨ ਵਿੱਚੋਂ ਬਾਹਰ ਨਿੱਕਲਣ ਨਾਲ ਹੁਣ ਸਕਾਟਲੈਂਡ ਦੀ ਅਜ਼ਾਦੀ ਲਈ ਸਮਰਥਨ ਵਧੇਗਾ। ਇਸ ਲਈ ਉਹ ਦੁਬਾਰਾ ਰੈਫਰੈਂਡਮ ਦੀ ਮੰਗ ਕਰ ਰਹੇ ਹਨ ਕਿਉਂਕਿ ਯੂਕੇ ਦੀਆਂ ਰਾਜਨੀਤਕ ਸਥਿਤੀਆਂ ਵਿੱਚ ਵੱਡੀ ਤਬਦੀਲੀ ਹੋਣ ਜਾ ਰਹੀ ਹੈ ਤੇ ਸਕਾਟਲੈਂਡ ਦੇ ਲੋਕਾਂ ਨੂੰ ਵੀ ਆਪਣੇ ਰਾਜਨੀਤਕ ਭਵਿੱਖ ਸਬੰਧੀ ਫੈਂਸਲਾ ਕਰਨ ਦਾ ਹੱਕ ਹੋਣਾ ਚਾਹੀਦਾ ਹੈ। 

ਦੱਸ ਦਈਏ ਕਿ ਜਦੋਂ ਯੂਰਪੀਨ ਯੂਨੀਅਨ ਤੋਂ ਵੱਖ ਹੋਣ ਲਈ ਯੂਕੇ ਵਿੱਚ ਰੈਫਰੈਂਡਮ ਕਰਵਾਇਆ ਗਿਆ ਸੀ ਤਾਂ ਸਕਾਟਲੈਂਡ ਖੇਤਰ ਨੇ ਯੂਰਪੀਨ ਯੂਨੀਅਨ ਨਾਲ ਸਾਂਝ ਨੂੰ ਕਾਇਮ ਰੱਖਣ ਦੇ ਪੱਖ 'ਚ ਵੋਟ ਪਾਈ ਸੀ। ਪਰ ਬਹੁਗਿਣਤੀ ਵੋਟ ਤੋੜ-ਵਿਛੋੜੇ ਦੇ ਪੱਖ 'ਚ ਭੁਗਤਣ ਕਾਰਨ ਹੁਣ ਬਰਤਾਨੀਆ ਯੂਰਪੀਨ ਯੂਨੀਅਨ ਤੋਂ ਵੱਖ ਹੋ ਰਿਹਾ ਹੈ। 

ਯੂਕੇ ਪਾਰਲੀਮੈਂਟ ਚੋਣਾਂ ਤੋਂ ਬਾਅਦ ਬੀਤੇ ਦਿਨੀਂ ਜਦੋਂ ਸਕਾਟਿਸ਼ ਨੈਸ਼ਨਲ ਪਾਰਟੀ ਵਲੋਂ ਪਾਰਲੀਮੈਂਟ ਵਿੱਚ ਦੂਜਾ ਰੈਫਰੈਂਡਮ ਕਰਾਉਣ ਦੀ ਮੰਗ ਕੀਤੀ ਗਈ ਤਾਂ ਯੂਕੇ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ ਸੀ। ਹੁਣ ਦੇਖਣਾ ਹੋਵੇਗਾ ਕਿ ਲੋਕਾਂ ਦੇ ਪ੍ਰਦਰਸ਼ਨਾਂ ਦੇ ਦਬਾਅ ਅਤੇ ਰਾਜਨੀਤਕ ਕੂਟਨੀਤੀ ਨਾਲ ਸਕਾਟਿਸ਼ ਨੈਸ਼ਨਲ ਪਾਰਟੀ ਯੂਕੇ ਦੀ ਪਾਰਲੀਮੈਂਟ ਨੂੰ ਇਸ ਰੈਫਰੈਂਡਮ ਲਈ ਮਨਾਉਣ 'ਚ ਕਾਮਯਾਬ ਹੁੰਦੀ ਹੈ ਜਾ ਨਹੀਂ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।