ਪੰਜਾਬ ਵਿਚੋਂ ਮਿਲੀ ਚਿੱਟਾ ਬਣਾਉਣ ਦੀ ਫੈਕਟਰੀ; ਬਾਦਲ ਦਲ ਦੇ ਆਗੂ ਨਾਲ ਜੁੜੀਆਂ ਤਾਰਾਂ

ਪੰਜਾਬ ਵਿਚੋਂ ਮਿਲੀ ਚਿੱਟਾ ਬਣਾਉਣ ਦੀ ਫੈਕਟਰੀ; ਬਾਦਲ ਦਲ ਦੇ ਆਗੂ ਨਾਲ ਜੁੜੀਆਂ ਤਾਰਾਂ

ਅੰਮ੍ਰਿਤਸਰ: ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨੇ ਬੀਤੀ ਰਾਤ ਸੁਲਤਾਨਵਿੰਡ ਪਿੰਡ ਵਿਚ ਇਕ ਘਰ 'ਚ ਛਾਪਾ ਮਾਰ ਕੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਘਰ ਸ਼੍ਰੋਮਣੀ ਅਕਾਲ ਦਲ (ਬਾਦਲ) ਦੇ ਆਗੂ ਅਨਵਰ ਮਸੀਹ ਦਾ ਦੱਸਿਆ ਜਾ ਰਿਹਾ ਹੈ। ਹਲਾਂਕਿ ਅਨਵਰ ਮਸੀਹ ਨੇ ਕਿਹਾ ਹੈ ਕਿ ਉਹ ਇਸ ਘਰ ਨੂੰ ਵੇਚ ਚੁੱਕੇ ਹਨ। ਅਨਵਰ ਮਸੀਹ ਬਾਦਲ ਸਰਕਾਰ ਮੌਕੇ ਪੰਜਾਬ ਸਬੋਰਡੀਨੇਟ ਸਰਵਿਸਸ ਕਮਿਸ਼ਨ ਦਾ ਮੈਂਬਰ ਸੀ। 

ਪੁਲਸ ਨੇ ਦਾਅਵਾ ਕੀਤਾ ਹੈ ਕਿ ਛਾਪੇ ਵਿਚ 188 ਕਿਲੋਗ੍ਰਾਮ ਹੈਰੋਈਨ, 38 ਕਿਲੋਗ੍ਰਾਮ ਡੈਕਸਟਰੋਮੈਥੋਰਥਨ, 26 ਕਿਲੋ ਕੈਫਿਨ ਪਾਊਡਰ ਜਿਸਨੂੰ ਹੈਰੋਈਨ 'ਚ ਮਿਲਾਇਆ ਜਾਂਦਾ ਹੈ ਅਤੇ 207 ਕਿਲੋ ਹੋਰ ਕੈਮੀਕਲ ਪਦਾਰਥ ਮਿਲੇ ਹਨ। ਕੁੱਲ ਮਿਲਾ ਕੇ 450 ਕਿਲੋ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਇਸ ਘਰ ਵਿਚ ਇਹਨਾਂ ਸਾਰੇ ਪਦਾਰਥਾਂ ਨੂੰ ਮਿਲਾ ਕੇ ਚਿੱਟਾ ਬਣਾਇਆ ਜਾਂਦਾ ਸੀ।

ਇਸ ਬਰਾਮਦਗੀ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਐਸਟੀਐਫ ਏਡੀਜੀਪੀ ਹਰਪ੍ਰੀਤ ਸਿੱਧੂ ਨੇ ਦਾਅਵਾ ਕੀਤਾ ਕਿ ਇਸ ਨਸ਼ਾ ਗਿਰੋਹ ਦੇ ਸਬੰਧ ਵਿਦੇਸ਼ਾਂ ਤੱਕ ਜੁੜਦੇ ਨਜ਼ਰ ਆ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਇਸ ਗਿਰੋਹ ਦਾ ਸਬੰਧ ਇਟਲੀ 'ਚ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤੇ ਗਏ ਸਿਮਰਜੀਤ ਸੰਧੂ ਨਾਲ ਹੋ ਸਕਦਾ ਹੈ। ਸਿਮਰਜੀਤ ਸੰਧੂ ਗੁਜਰਾਤ ਵਿਚ ਨਸ਼ਿਆਂ ਦੀ ਵੱਡੀ ਖੇਪ ਫੜੇ ਜਾਣ ਮਗਰੋਂ ਵਿਦੇਸ਼ ਭੱਜ ਗਿਆ ਸੀ। ਸਿੱਧੂ ਨੇ ਕਿਹਾ ਕਿ ਗ੍ਰਿਫਤਾਰ ਕੀਤਾ ਗਿਆ ਅਫਗਾਨੀ ਨਾਗਰਿਕ ਨਸ਼ਿਆਂ ਨੂੰ ਮਿਲਾ ਕੇ ਚਿੱਟਾ ਬਣਾਉਣ ਵਿਚ ਮਾਹਰ ਹੈ ਤੇ ਇਸ ਘਰ ਵਿਚ ਇਹ ਨਸ਼ਾ ਤਿਆਰ ਕੀਤਾ ਜਾਂਦਾ ਸੀ। 

ਪੁਲਸ ਵੱਲੋਂ ਇਕ ਅਫਗਾਨੀ ਅਤੇ ਇਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਸ ਨੇ ਇਸ ਮਾਮਲੇ 'ਚ ਐਨਡੀਪੀਐਸ ਕਾਨੂੰਨ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।