ਜਹਾਨੋਂ ਰੁਖਸਤ ਕਰ ਗਈ ਪੰਜਾਬੀ ਦੇ ਲੇਖਿਕਾ ਡਾ. ਦਲੀਪ ਕੌਰ ਟਿਵਾਣਾ

ਜਹਾਨੋਂ ਰੁਖਸਤ ਕਰ ਗਈ ਪੰਜਾਬੀ ਦੇ ਲੇਖਿਕਾ ਡਾ. ਦਲੀਪ ਕੌਰ ਟਿਵਾਣਾ

ਚੰਡੀਗੜ੍ਹ: ਪੰਜਾਬੀ ਮਾਂ-ਬੋਲੀ ਵਿਚ ਸਾਹਿਤ ਸਿਰਜਣ ਵਾਲੇ ਪੰਜਾਬੀ ਲੇਖਿਕਾ ਡਾ. ਦਲੀਪ ਕੌਰ ਟਿਵਾਣਾ ਅੱਜ ਇਸ ਸੰਸਾਰ ਤੋਂ ਰੁਖਸਤ ਕਰ ਗਏ। ਉਹ ਬੀਤੇ ਸਮੇਂ ਤੋਂ ਬਿਮਾਰ ਸਨ। 84 ਸਾਲਾਂ ਦੀ ਉਮਰ ਵਿਚ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ। 

ਡਾ. ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਦੇ ਪ੍ਰਮੁੱਖ ਨਾਵਲਕਾਰ ਸਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੇ। ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਪਹਿਲੀ ਬੀਬੀ ਹੋਣ ਦਾ ਸਨਮਾਨ ਹਾਸਲ ਕੀਤਾ। 

ਦਲੀਪ ਕੌਰ ਟਿਵਾਣਾ ਦੀਆਂ ਪ੍ਰਾਪਤੀਆਂ ਬਾਰੇ ਬਹੁਤ ਕੁੱਝ ਲਿਖਿਆ ਜਾ ਸਕਦਾ ਹੈ ਪਰ ਉਹਨਾਂ ਬਾਰੇ ਇਹ ਦਸਣਾ ਅਹਿਮ ਜ਼ਰੂਰੀ ਹੈ ਕਿ ਜਦੋਂ ਭਾਰਤ ਵਿਚ ਸਰਕਾਰ ਵੱਲੋਂ ਬੋਲਣ ਦੀ ਅਜ਼ਾਦੀ ਦਾ ਘਾਣ ਕੀਤਾ ਜਾ ਰਿਹਾ ਸੀ ਤਾਂ ਦਲੀਪ ਕੌਰ ਟਿਵਾਣਾ ਨੇ ਰੋਸ ਵਜੋਂ ਉਹਨਾਂ ਨੂੰ ਭਾਰਤ ਸਰਕਾਰ ਤੋਂ ਮਿਲਿਆ ਪਦਮ ਸ਼੍ਰੀ ਸਨਮਾਨ ਵਾਪਸ ਕਰ ਦਿੱਤਾ ਸੀ। 

ਇਹ ਸਨਮਾਨ ਵਾਪਸ ਕਰਨ ਮਗਰੋਂ ਉਹਨਾਂ ਵੱਲੋਂ ਸਾਂਝੀ ਕੀਤੀ ਇਕ ਲਿਖਤ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ:

ਜਬੈ ਬਾਣ ਲਾਗਿਯੋ ਤਬੈ ਰੋਸ ਜਾਗਿਯੋ: ਡਾ. ਦਲੀਪ ਕੌਰ ਟਿਵਾਣਾ
ਪਿੱਛੇ ਜਿਹੇ ਮੈਂ ਆਪਣੇ ਰਾਜ ਤੇ ਸਮਾਜ ਦੇ ਵਿਗੜਦੇ ਰੰਗ-ਢੰਗ ਵੇਖ ਕੇ ਰੋਸ ਵੱਜੋਂ ਪਦਮਸ਼੍ਰੀ ਮੋੜ ਦਿੱਤਾ ਸੀ। ਮੈਂ ਹੀ ਨਹੀ, ਬਹੁਤ ਸਾਰੇ ਹੋਰ ਲੇਖਕਾਂ, ਕਲਾਕਾਰਾਂ ਤੇ ਵਿਗਿਆਨੀਆਂ ਨੇ ਵੀ ਆਪਣੇ ਇਨਾਮ ਸਨਮਾਨ ਮੋੜ ਦਿੱਤੇ ਸੀ। ਮੁਲਕ ਦੀ ਜ਼ਮੀਰ ਨੂੰ ਹਲੂਣਾ ਦੇਣ ਤੋਂ ਬਿਨਾਂ ਰੋਸ ਦੇ ਇਸ ਪ੍ਰਗਟਾਵੇ ਦਾ ਹੋਰ ਕੀ ਮਕਸਦ ਹੋ ਸਕਦਾ ਸੀ? ਪਰ ਕੁਝ ਲੋਕ ਪੁੱਛ ਰਹੇ ਸਨ ਹੁਣ ਹੀ ਕਿਉਂ? ਇਕ ਕੇਂਦਰੀ ਮੰਤਰੀ ਨੇ ਮੇਰੇ ਹਵਾਲੇ ਨਾਲ ਕਿਹਾ ਕਿ ਚੁਰਾਸੀ ਵੇਲੇ ਕਿਉਂ ਨਹੀਂ ਵਾਪਸ ਕੀਤਾ ਪਦਮਸ਼੍ਰੀ ਭਾਈ, ਚੁਰਾਸੀ ਵੇਲੇ ਪਦਮਸ਼੍ਰੀ ਮੇਰੇ ਕੋਲ ਸੀ ਹੀ ਨਹੀਂ। ਉਹ ਤੇ 2004 ਵਿੱਚ ਮੈਨੂੰ ਮਿਲਿਆ। ਦੁੱਖ ਚੁਰਾਸੀ ਵੇਲੇ ਬਹੁਤ ਸੀ, ਰੋਸ ਉਦੋਂ ਵੀ ਜਾਗਿਆ ਸੀ। ਜਦੋਂ ਜਦੋਂ ਜਬਰ ਹੁੰਦੈ, ਰੋਸ ਜਾਗਦੈ।

ਇਸ ਸਬੰਧ ਵਿਚ ਇਕ ਘਟਨਾ ਦਾ ਜ਼ਿਕਰ ਕਰਨਾ ਚਾਹਾਂਗੀ। ਇਸ ਦਾ ਮੁਖਤਸਰ ਜਿਹਾ ਵਰਨਣ ਮੈਂ ‘ਕਿਛੁ ਸੁਣੀਐ, ਕਿਛੁ ਕਹੀਐ’ ਵਿਚ ਕੀਤਾ ਹੈ। ਇਹ ਗੱਲ ਉਦੋਂ ਦੀ ਹੈ ਜਦੋਂ ਸਿਧਾਰਥ ਸ਼ੰਕਰ ਰਾਏ ਪੰਜਾਬ ਦੇ ਗਵਰਨਰ ਸਨ। 1986 ਤੋਂ 1989 ਤਕ ਉਹ ਪੰਜਾਬ ਰਹੇ। ਇਕ ਦਿਨ ਮੇਰੇ ਕੋਲ ਯੂਨੀਵਰਸਿਟੀ ਦੀਆਂ ਕੁਝ ਮੋਹਤਬਰ ਔਰਤਾਂ ਆਈਆਂ ਤੇ ਕਹਿੰਦੀਆਂ: ‘ਅਸੀਂ ਗਵਰਨਰ ਨੂੰ ਮਿਲ ਕੇ ਆਈਆਂ ਹਾਂ। ਅਸੀਂ ਉਨ੍ਹਾਂ ਨੂੰ ਇਹ ਕਹਿਣ ਗਈਆਂ ਸੀ ਕਿ ਵਾਈਸ-ਚਾਂਸਲਰ ਲਾਉਣ ਵੇਲੇ ਤੁਹਾਨੂੰ ਮਰਦ ਹੀ ਕਿਉਂ ਦਿਸਦੇ ਨੇ, ਕਿਸੇ ਅੌਰਤ ਨੂੰ ਕਿਉਂ ਤੁਸੀਂ ਕਨਸਿਡਰ ਨਹੀਂ ਕਰਦੇ। ਮਸਲਨ, ਸਾਡੀ ਯੂਨਵਿਰਸਿਟੀ ਦੇ ਡਾ. ਦਲੀਪ ਕੌਰ ਟਿਵਾਣਾ ਹਰ ਪੱਖੋਂ ਵੱਡੀ ਸ਼ਖਸੀਅਤ ਨੇ। ਤੁਸੀਂ ਉਨ੍ਹਾਂ ਨੂੰ ਲਾਓ ਵੀ.ਸੀ., ਉਹ ਅੱਗੋਂ ਕਹਿਣ ਲੱਗੇ, ‘ਬਈ ਮੇਰੇ ਕੋਲ ਤਾਂ ਕਿਸੇ ਨੇ ਉਨ੍ਹਾਂ ਦਾ ਜ਼ਿਕਰ ਨਹੀਂ ਕੀਤਾ, ਨਾ ਮੈਂ ਉਨ੍ਹਾਂ ਨੂੰ ਕਦੇ ਮਿਲਿਆਂ।’ ਅਸੀਂ ਕਿਹਾ ਕਿ ਤੁਸੀ ਟਾਈਮ ਦਿਉ, ‘ਅਸੀਂ ਮੈਡਮ ਟਿਵਾਣਾ ਨੂੰ ਲੈ ਆਵਾਂਗੇ।’ ਤੇ ਉਨ੍ਹਾਂ ਨੇ ਖੁਸ਼ ਹੋ ਕੇ ਦੱਸਿਆ ਕਿ ਰਾਏ ਸਾਹਿਬ ਨੇ ਪਰਸੋਂ ਦਾ ਟਾਈਮ ਦੇ ਦਿੱਤੈ। ਮੈਂ ਕਿਹਾ, ‘ਮੈਂ ਨਹੀਂ ਜਾਣਾ। ਤੁਸੀਂ ਕਿਹੜਾ ਮੈਥੋਂ ਪੁੱਛ ਕੇ ਗਈਆਂ ਸੀ ਉਹ ਨੂੰ ਮਿਲਣ।’ ਉਹ ਕਹਿੰਦੀਆਂ, ‘ਤੁਸੀ ਚਲੇ ਚੱਲੋ ਆਪਣੇ ਲਈ ਨਾ ਸਹੀਂ, ਯੂਨੀਵਰਸਿਟੀ ਦੇ ਭਲੇ ਲਈ ਹੀ ਸਹੀ। ਕੁਝ ਦੇਰ ਉਹ ਜ਼ੋਰ ਪਾਉਂਦੀਆਂ ਰਹੀਆਂ ਤੇ ਫਿਰ ਨਰਾਜ਼ ਹੋ ਕੇ ਚਲੀਆਂ ਗਈਆਂ। ਨਹੀਂ ਜਾਣਦੀ ਉਨ੍ਹਾਂ ਗਵਰਨਰ ਨੂੰ ਕੀ ਕਿਹਾ ਕੀ ਨਹੀਂ।

ਕੁਝ ਦਿਨ ਬਾਅਦ ਦੀ ਗੱਲ ਹੈ। ਦੋ ਪੀ.ਸੀ.ਐਸ. ਅਫਸਰ ਮੇਰੇ ਕੋਲ ਵਿਭਾਗ ਆਏ। ਕਹਿੰਦੇ ਤੁਹਾਨੂੰ ਗਵਰਨਰ ਸਾਹਿਬ ਨੇ ਡਿਨਰ ’ਤੇ ਬੁਲਾਇਆ ਹੈ। ਉਹ ਤੁਹਾਡੇ ਨਾਲ ਤੇ ਹੋਰ ਇੰਮਪਾਰਟੈਂਟ ਬੰਦਿਆਂ ਨਾਲ ਪੰਜਾਬ ਮਸਲੇ ’ਤੇ ਰਾਇ ਕਰਨਾ ਚਾਹੁੰਦੇ ਨੇ। ਮੈਂ ਕਿਹਾ, ਰਾਤ ਦੇ ਕਿਸੇ ਫੰਕਸ਼ਨ ’ਤੇ ਮੈਂ ਨਹੀਂ ਜਾਂਦੀ। ਉਹ ਕਹਿੰਦੇ, ਤੁਸੀਂ ਫਿਕਰ ਨਾ ਕਰੋ ਤੁਹਾਡੇ ਨਾਲ ਪੁਲੀਸ ਦੀ ਗੱਡੀ ਹੋਏੇਗੀ। ਮੈਂ ਨਾਂਹ ਕਰ ਦਿੱਤੀ। ਇਕ ਦਿਨ ਉਹੀ ਅਫਸਰ ਫਿਰ ਮੇਰੇ ਕੋਲ ਆ ਗਏ। ਇਸ ਵਾਰ ਉਹ ਲੰਚ ਦਾ ਨਿਉਤਾ ਲੈ ਕੇ ਆਏ ਸੀ। ਕਹਿੰਦੇ ਗਵਰਨਰ ਸਾਹਿਬ ਨੇ ਬਹੁਤ ਸਾਰੇ ਪਤਵੰਤੇ ਸੱਜਣਾਂ ਨੂੰ ਬੁਲਾਇਆ ਹੈ, ਪੰਜਾਬ ਦੀ ਸਥਿਤੀ ’ਤੇ ਵਿਚਾਰ ਕਰਨ ਲਈ। ਮੈਂ ਕਿਹਾ, ਮੈਂ ਨਹੀਂ ਜਾ ਸਕਾਂਗੀ। ਇਹ ਅਫਸਰ ਕਿਤੇ ਪਿਛਲੀ ਵਾਰ ਮੇਰੇ ਡਿਪਾਰਟਮੈਂਟ ਦੇ ਮੁਖੀ ਨੂੰ ਮਿਲੇ ਹੋਣੇ ਐਂ। ਉਹਨੇ ਕਿਹਾ ਕਿ ਜੇ ਮੈਨੂੰ ਤੇ ਮੇਰੀ ਵਾਈਫ ਨੂੰ ਸੱਦ ਲਉ ਤਾਂ ਅਸੀਂ ਮੈਡਮ ਨੂੰ ਆਪਣੇ ਨਾਲ ਲੈ ਆਵਾਂਗੇ। ਹੁਣ ਜਦੋਂ ਮੈਂ ਦੁਬਾਰਾ ਨਾਂਹ ਕਰ ਦਿੱਤੀ ਤਾਂ ਮੈਂ ਸੁਣਿਆਂ ਬਾਹਰ ਇਕ ਅਫਸਰ ਫੋਨ ’ਤੇ ਪਤਾ ਨਹੀਂ ਕੀਹਨੂੰ ਪੁੱਛ ਰਿਹਾ ਸੀ: ‘ਸਰ, ਮੈਡਮ ਤਾਂ ਆ ਨਹੀਂ ਰਹੇ, ਉਨ੍ਹਾਂ ਦੇ ਮੁਖੀ ਨੂੰ ਇਨਵਾਈਟ ਕਰਨੈ ਕਿ ਨਹੀਂ?’

ਜਿਹੜੀਆਂ ਅੌਰਤਾਂ ਮੇਰੇ ਵਾਸਤੇ ਮਿਸਟਰ ਰਾਏ ਨੂੰ ਮਿਲਣ ਗਈਆਂ ਸੀ, ਉਨ੍ਹਾਂ ਦੀ ਲੀਡਰ ਮੇਰੇ ਕੋਲ ਆਈ। ਥੋੜ੍ਹਾ ਹਰਖ ਕੇ ਆਖਦੀ, ‘ਮੈਡਮ ਤੁਹਾਡਾ ਗਵਰਨਰ ਨਾਲ ਕੀ ਵੈਰ ਐ, ਤੁਸੀਂ ਉਹਨੂੰ ਮਿਲਣ ਕਿਉਂ ਨਹੀਂ ਜਾਂਦੇ। ਤੁਹਾਨੂੰ ਉਹਨੇ ਵੀ.ਸੀ. ਲਾ ਦੇਣਾ ਸੀ।’ ਮੈ ਕਿਹਾ, ‘ਜਿਸ ਬੰਦੇ ਨੇ ਪਹਿਲਾਂ ਬੰਗਾਲ ਵਿਚ ਏਨੇ ਮੁੰਡੇ ਮਰਵਾਏ, ਹੁਣ ਪੰਜਾਬ ਵਿਚ ਮਰਵਾ ਰਿਹੈ, ਉਹਦੇ ਕੋਲੋਂ ਮੈਨੂੰ ਕੋਈ ਰਿਆਇਤ, ਕੋਈ ਵਾਈਸ ਚਾਂਸਲਰੀ, ਨਹੀਂ ਚਾਹੀਦੀ।’

ਉਹ ਰੁਸ ਕੇ ਚਲੀ ਗਈ ਤੇ ਬਹੁਤ ਸਮਾਂ ਨਹੀਂ ਸੀ ਹੋਇਆ ਜਦੋਂ ਮੈਨੂੰ ਗਵਰਨਰ ਰਾਏ ਨਾਲ ਰੂ-ਬ-ਰੂ ਹੋਣਾ ਪਿਆ। ਮਹਿੰਦਰਾ ਕਾਲਜ, ਜਿਥੇ ਮੈਂ ਪੜ੍ਹੀ ਸੀ, ਨੇ ਆਪਣੇ ਸਥਾਪਨਾ ਦਿਵਸ ’ਤੇ ਮੈਨੂੰ ਸੱਦਿਆ। ਉਨ੍ਹਾਂ ਇਸ ਮੌਕੇ ਹੋਰਨਾਂ ਦੇ ਨਾਲ ਮੈਨੂੰ ਵੀ ਸਨਮਾਨਤ ਕਰਨਾ ਸੀ। ਸਮਾਰੋਹ ਦੀ ਪ੍ਰਧਾਨਗੀ ਸ੍ਰੀ ਰਾਏ ਨੇ ਕੀਤੀ। ਮੈਨੂੰ ਸਨਮਾਨ ਚਿੰਨ੍ਹ ਦੇਣ ਲੱਗਿਆਂ ਉਹਨਾਂ ਮੈਨੂੰ ਪੁੱਛਿਆ, ‘ਕੀ ਤੁਸੀਂ ਚੰਡੀਗੜ੍ਹ ਪਲਾਟ ਲੈ ਲਿਆ ਹੈ?” ਇਹ ਇਸ ਲਈ ਕਿ ਕੁਝ ਲੇਖਕਾਂ ਨੇ ਚੰਡੀਗੜ੍ਹ ਸਰਕਾਰ ਕੋਲੋਂ ਰਿਆਇਤੀ ਪਲਾਟ ਲਏ ਸਨ। ਮੈਂ ਕਿਹਾ, ‘ਨਹੀਂ, ਮੈਨੂੰ ਪਲਾਟ ਨਹੀਂ ਚਾਹੀਦਾ।’

ਆਪਣੇ ਜੀਵਨ ਦੀ ਇਸ ਘਟਨਾ ਦਾ ਵੇਰਵੇ ਸਹਿਤ ਮੈਂ ਪਹਿਲਾਂ ਕਦੇ ਜ਼ਿਕਰ ਨਹੀਂ ਕੀਤਾ। ਹਰ ਗੱਲ ਦਾ ਢੰਡੋਰਾ ਪਿੱਟਣਾ ਜ਼ਰੂਰੀ ਨਹੀਂ ਹੁੰਦਾ। ਸੋ ਇਉਂ ਨਹੀਂ ਕਿ ਚੁਰਾਸੀ ਵੇਲੇ ਰੋਸ ਘੱਟ ਸੀ ਜਾਂ ਰੋਸ ਪ੍ਰਗਟ ਨਹੀਂ ਕੀਤਾ। ਰੋਸ ਪ੍ਰਗਟ ਕਰਨ ਦੇ ਢੰਗ ਸਮੇਂ ਅਨੁਸਾਰ ਵੱਖਰੇ-ਵੱਖਰੇ ਹੋ ਸਕਦੇ ਹਨ।