ਰਾਮ ਭਗਤ ਗੋਪਾਲ ਵੱਲੋਂ ਪੁਲਸ ਦੀ ਛਤਰ ਛਾਇਆ ਹੇਠ ਵਿਦਿਆਰਥੀਆਂ 'ਤੇ ਕੀਤਾ ਗਿਆ ਹਮਲਾ

ਰਾਮ ਭਗਤ ਗੋਪਾਲ ਵੱਲੋਂ ਪੁਲਸ ਦੀ ਛਤਰ ਛਾਇਆ ਹੇਠ ਵਿਦਿਆਰਥੀਆਂ 'ਤੇ ਕੀਤਾ ਗਿਆ ਹਮਲਾ

ਨਵੀਂ ਦਿੱਲੀ: ਭਾਰਤ ਵਿਚ ਅੰਗਰੇਜ਼ਾਂ ਵੱਲੋਂ ਸੱਤਾ ਹਿੰਦੂ ਬਹੁਗਿਣਤੀ ਦੇ ਆਗੂਆਂ ਹੱਥ ਦੇਣ ਮਗਰੋਂ ਹਿੰਦੁਤਵੀ ਧਿਰਾਂ ਦਰਮਿਆਨ ਸੱਤਾ 'ਤੇ ਸਥਾਪਤ ਹੋਣ ਦੀ ਚੱਲੀ ਆਪੋ-ਧਾਪੀ 'ਚ ਆਰ.ਐਸ.ਐਸ ਦੇ ਸਮਰਥਕ ਨੱਥੂ ਰਾਮ ਗੋਡਸੇ ਵੱਲੋਂ ਕਾਂਗਰਸੀ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ। 30 ਜਨਵਰੀ ਦੇ ਇਸ ਕਤਲ ਦੀ ਵਰ੍ਹੇਗੰਢ 'ਤੇ ਗਾਂਧੀ ਦੇ ਕਤਲ ਵਿਰੁੱਧ ਵਿਰੋਧ ਮਾਰਚ ਕਰ ਰਹੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਦਿੱਲੀ ਪੁਲਸ ਦੀ ਮੋਜੂਦਗੀ 'ਚ ਇਕ ਹਿੰਦੂ ਨੌਜਵਾਨ ਗੋਪਾਲ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਰਕੇ ਸ਼ਾਦਾਬ ਫ਼ਾਰੂਕ ਨਾਂ ਦਾ ਵਿਦਿਆਰਥੀ ਜ਼ਖ਼ਮੀ ਹੋ ਗਿਆ। ਉਸ ਦੇ ਹੱਥ ਵਿਚ ਗੋਲੀ ਵੱਜੀ। ਦਿੱਲੀ ਪੁਲੀਸ ਨੇ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਪਿਸਤੌਲ ਬਰਾਮਦ ਕਰ ਲਈ ਹੈ। ਸ਼ਾਦਾਬ ਦੀ ਸ਼ਿਕਾਇਤ ’ਤੇ ਹਮਲਾਵਰ ਖ਼ਿਲਾਫ਼ ਆਰਮਜ਼ ਐਕਟ ਤੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। 

ਗੋਲੀ ਚਲਾਉਣ ਦੀ ਇਹ ਸਾਰੀ ਘਟਨਾ ਕੈਮਰਿਆਂ ਵਿਚ ਰਿਕਾਰਡ ਹੋਈ ਹੈ। ਗੋਲੀ ਚਲਾਉਣ ਵਾਲਾ ਬੰਦਾ ਹਿੰਦੁਤਵੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਉਸ ਨੇ ਖੁਦ ਨੂੰ ਰਾਮ ਭਗਤ ਦਸਦਿਆਂ ਗੋਲੀ ਚਲਾਉਣ ਤੋਂ ਪਹਿਲਾਂ ਹਵਾ ’ਚ ਪਿਸਤੌਲ ਲਹਿਰਾਉਂਦਿਆਂ ਕਿਹਾ, ‘‘ਯੇਹ ਲੋ ਆਜ਼ਾਦੀ।’’ ਫਿਰ ਉਸ ਨੇ ‘ਜੈ ਸ੍ਰੀਰਾਮ’ ਅਤੇ ‘ਦਿੱਲੀ ਪੁਲੀਸ ਜ਼ਿੰਦਾਬਾਦ, ਜਾਮੀਆ ਮਿਲੀਆ ਮੁਰਦਾਬਾਦ’ ਦੇ ਨਾਅਰੇ ਵੀ ਲਗਾਏ।  ਇਸ ਦੀ ਫੇਸਬੁੱਕ ਤੋਂ ਇਹ ਬੰਦਾ ਖੁਦ ਨੂੰ ਭਗਤ ਸਿੰਘ ਦਾ ਵੀ ਫੈਨ ਦਸਦਾ ਹੈ। 

ਗੋਲੀ ਚਲਾਏ ਜਾਣ ਮਗਰੋਂ ਹਜ਼ਾਰਾਂ ਲੋਕਾਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਸੀ, ਤੇ ਪੁਲੀਸ ਵਿਚਾਲੇ ਟਕਰਾਅ ਵਾਲਾ ਮਾਹੌਲ ਬਣ ਗਿਆ ਸੀ। ਵਿਦਿਆਰਥੀਆਂ ਨੇ ਆਪਣੇ ਰੋਸ ਮਾਰਚ ਨੂੰ ਜਾਰੀ ਰੱਖਣ ਦੀ ਜ਼ਿੱਦ ਜਾਰੀ ਰੱਖੀ ਤਾਂ ਪੁਲੀਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਦਾ ਰਾਹ ਰੋਕ ਲਿਆ। ਇਸ ਦੌਰਾਨ ਪੁਲੀਸ ਨੇ ਚਾਰ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਤੋਂ ਪਹਿਲਾਂ ਹਮਲਾਵਰ ਵੱਲੋਂ ਰੋਸ ਮਾਰਚ ਕੱਢ ਰਹੇ ਵਿਦਿਆਰਥੀਆਂ ’ਤੇ ਗੋਲੀ ਚਲਾਉਣ ਮੌਕੇ ਪੁਲੀਸ ਤਮਾਸ਼ਬੀਨ ਬਣੀ ਰਹੀ। ਉਸ ਨੇ ਪਿਸਤੌਲ ਲਹਿਰਾ ਰਹੇ ਅਤੇ ਧਮਕੀਆਂ ਦੇ ਰਹੇ ਵਿਅਕਤੀ ਨੂੰ ਫੜਨ ਦੀ ਪਹਿਲਾਂ ਕੋਈ ਕੋਸ਼ਿਸ਼ ਨਹੀਂ ਕੀਤੀ। ਜਦੋਂ ਹਮਲਾਵਰ ਗੋਪਾਲ ਵਿਦਿਆਰਥੀਆਂ ਵੱਲ ਪਿਸਤੌਲ ਤਾਣ ਕੇ ਖੜ੍ਹਾ ਸੀ ਤਾਂ ਮਹਿਜ਼ 10 ਮੀਟਰ ਦੀ ਦੂਰੀ ’ਤੇ ਜਾਮੀਆ ਐੱਸਐੱਚਓ ਉਪੇਂਦਰ ਸਿੰਘ ਦਰਜਨਾਂ ਪੁਲੀਸ ਮੁਲਾਜ਼ਮਾਂ ਨਾਲ ਖੜ੍ਹਾ ਸੀ ਪਰ ਉਸ ਨੇ ਗੋਲੀ ਚਲਾਉਣ ਤੋਂ ਸ਼ਖ਼ਸ ਨੂੰ ਨਹੀਂ ਰੋਕਿਆ। ਜਦੋਂ ਉਸ ਨੇ ਗੋਲੀ ਚਲਾ ਦਿੱਤੀ ਤਾਂ ਪੁਲੀਸ ਹਰਕਤ ’ਚ ਆਈ ਅਤੇ ਇਕ ਮੁਲਾਜ਼ਮ ਹਮਲਾਵਰ ਨੂੰ ਫੜ ਕੇ ਲੈ ਗਿਆ। 

ਹਮਲੇ ਦੇ ਰੋਸ ਵਜੋਂ ਜਾਮੀਆ ਦੇ ਬਾਹਰ ਕੀਤਾ ਜਾ ਰਿਹਾ ਪ੍ਰਦਰਸ਼ਨ, ਪੁਲੀਸ ਵੱਲੋਂ ਚਾਰ ਵਿਦਿਆਰਥੀਆਂ ਨੂੰ ਰਿਹਾਅ ਕੀਤੇ ਜਾਣ ਮਗਰੋਂ ਖ਼ਤਮ ਕਰ ਦਿੱਤਾ ਗਿਆ ਹੈ। ਪੁਲੀਸ ਦੇ ਜੁਆਇੰਟ ਕਮਿਸ਼ਨਰ ਡੀ.ਸੀ.ਸ੍ਰੀਵਾਸਤਵਾ ਨੇ ਵਿਦਿਆਰਥੀਆਂ ਨੂੰ ਰਿਹਾਅ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਜਾਮੀਆ ਦੀ ਇਕ ਵਿਦਿਆਰਥਣ ਨੇ ਦੱਸਿਆ ਕਿ ਉਹ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ਵੱਲ ਜਾ ਰਹੇ ਸਨ ਕਿ ਉਨ੍ਹਾਂ ਨੂੰ ਹੋਲੀ ਫੈਮਿਲੀ ਹਸਪਤਾਲ ਨੇੜੇ ਪੁਲੀਸ ਨੇ ਰਾਹ ’ਚ ਬੈਰੀਕੇਡ ਲਾ ਕੇ ਰੋਕ ਦਿੱਤਾ। ਅਚਾਨਕ ਇਕ ਵਿਅਕਤੀ ਆਇਆ ਅਤੇ ਉਸ ਨੇ ਗੋਲੀ ਚਲਾ ਦਿੱਤੀ ਜੋ ਉਸ ਦੇ ਦੋਸਤ ਜਨਸੰਚਾਰ ਵਿਸ਼ੇ ਦੇ ਵਿਦਿਆਰਥੀ ਸ਼ਾਦਾਬ ਫਾਰੂਕ ਦੇ ਹੱਥ ’ਤੇ ਲੱਗੀ। ਡੀਸੀਪੀ (ਦੱਖਣੀ ਪੂਰਬੀ) ਚਿਨਮਯ ਬਿਸਵਾਲ ਨੇ ਦੱਸਿਆ ਕਿ ਜ਼ਖ਼ਮੀ ਸ਼ਾਦਾਬ ਨੂੰ ਏਮਜ਼ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਕਈ ਵਿਦਿਆਰਥੀਆਂ ਵੱਲੋਂ ਦਿੱਲੀ ਪੁਲੀਸ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਦਿੱਲੀ ਪੁਲੀਸ ‘ਵਾਪਸ ਜਾਓ, ਵਾਪਸ ਜਾਓ’ ਦੇ ਨਾਅਰੇ ਵੀ ਲਗਾਏ। ਉਨ੍ਹਾਂ ਕਿਹਾ ਕਿ ਉਹ ਪੁਲੀਸ ਨੂੰ ਬੰਦੂਕਧਾਰੀ ਨੂੰ ਫੜਨ ਲਈ ਆਖਦੇ ਰਹੇ ਪਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਇਸ ਦੌਰਾਨ ਸਥਾਨਕ ਮਸਜਿਦ ਦੇ ਇਮਾਮ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਦਿੱਲੀ ’ਚ ਚੋਣਾਂ ਹੋਣ ਕਰਕੇ ਹਾਲਤ ਨਾਜ਼ੁਕ ਹਨ। ਇਸ ਲਈ ਉਹ ਉੱਥੋਂ ਹਟ ਜਾਣ ਪਰ ਵਿਦਿਆਰਥੀ ਅੜੇ ਰਹੇ, ਪਰ ਮਗਰੋਂ ਚਾਰ ਸਾਥੀ ਵਿਦਿਆਰਥੀਆਂ ਦੀ ਰਿਹਾਈ ਮਗਰੋਂ ਉਨ੍ਹਾਂ ਪ੍ਰਦਰਸ਼ਨ ਸਮਾਪਤ ਕਰ ਦਿੱਤਾ।

‘ਫਾਇਰਿੰਗ ਨਫ਼ਰਤੀ ਤਕਰੀਰਾਂ ਦਾ ਨਤੀਜਾ’
ਖੱਬੀਆਂ ਪਾਰਟੀਆਂ ਨੇ ਅੱਜ ਕਿਹਾ ਕਿ ਜਾਮੀਆ ਫਾਇਰਿੰਗ ਕੇਂਦਰੀ ਮੰਤਰੀਆਂ ਤੇ ਭਾਜਪਾ ਆਗੂਆਂ ਵੱਲੋਂ ਦਿੱਲੀ ਅਸੈਂਬਲੀ ਚੋਣਾਂ ਦੇ ਪ੍ਰਚਾਰ ਦੌਰਾਨ ਕੀਤੀਆਂ ‘ਨਫ਼ਰਤੀ’ ਤਕਰੀਰਾਂ ਦਾ ‘ਸਿੱਧਾ ਨਤੀਜਾ’ ਹੈ। ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਇਕ ਟਵੀਟ ’ਚ ਕਿਹਾ, ‘ਕੇਂਦਰੀ ਮੰਤਰੀਆਂ ਤੇ ਭਾਜਪਾ ਆਗੂਆਂ ਵੱਲੋਂ ਕੀਤੀ ਨਫ਼ਰਤੀ ਤਕਰੀਰ ਤੇ ਹਿੰਸਾ ਦਾ ਸੱਦਾ ਅਤੇ ਪ੍ਰਧਾਨ ਮੰਤਰੀ ਦੀ ਖਾਮੋਸ਼ੀ…ਇਸ ਸ਼ਰਮਨਾਕ ਕਾਰੇ ਲਈ ਜ਼ਿੰਮੇਵਾਰ ਹਨ। ਇਹ ਸਰਕਾਰ ਇਸੇ ਤਰ੍ਹਾਂ ਦਾ ਭਾਰਤ ਸਿਰਜਣਾ ਚਾਹੁੰਦੀ ਹੈ। #ਸ਼ਹੀਦੀਦਿਹਾੜਾ।’ ਸੀਪੀਆਈ ਦੇ ਜਨਰਲ ਸਕੱਤਰ ਡੀ.ਰਾਜਾ ਨੇ ਕਿਹਾ ਕਿ ਇਹ ਘਟਨਾ (ਫਾਇਰਿੰਗ) ਭਾਜਪਾ ਆਗੂਆਂ ਵੱਲੋਂ ਕੀਤੀਆਂ ਭੜਕਾਊ ਟਿੱਪਣੀਆਂ ਦਾ ‘ਸਿੱਧਾ ਨਤੀਜਾ’ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਅਜਿਹੀ ਘਟਨਾ ਦਾ ਵਾਪਰਨਾ ਮੰਦਭਾਗਾ ਹੈ। -ਪੀਟੀਆਈ

‘ਭਾਜਪਾ ਦੰਗਿਆਂ ਵਰਗੇ ਹਾਲਾਤ ਪੈਦਾ ਕਰਨਾ ਚਾਹੁੰਦੀ ਹੈ’
ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਅੱਜ ਕਿਹਾ ਕਿ ਜਾਮੀਆ ਫਾਇਰਿੰਗ ਪਿੱਛੇ ਕਥਿਤ ਭਾਜਪਾ ਦੀ ਸਾਜ਼ਿਸ਼ ਹੋਣ ਦੀ ਬੋਅ ਆਉਂਦੀ ਹੈ। ‘ਆਪ’ ਨੇ ਕਿਹਾ ਕਿ ਚੋਣਾਂ ਵਿੱਚ ਹਾਰ ਮਿਲਦੀ ਵੇਖ ਭਗਵਾ ਪਾਰਟੀ ਦਿੱਲੀ ਸ਼ਹਿਰ ਵਿੱਚ ‘ਦੰਗਿਆਂ ਵਰਗੇ’ ਹਾਲਾਤ ਪੈਦਾ ਕਰਨਾ ਚਾਹੁੰਦੀ ਹੈ ਤਾਂ ਕਿ 8 ਫਰਵਰੀ ਦੀਆਂ ਅਸੈਂਬਲੀ ਚੋਣਾਂ ਨੂੰ ਅੱਗੇ ਪਾਇਆ ਜਾ ਸਕੇ। ਪਾਰਟੀ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਉਨ੍ਹਾਂ ਨੂੰ ‘ਭਾਰਤ ਦਾ ਸਭ ਤੋਂ ਅਸਮਰੱਥ ਗ੍ਰਹਿ ਮੰਤਰੀ’ ਦੱਸਿਆ। ਪਾਰਟੀ ਨੇ ਜਾਮੀਆ ਦੇ ਬਾਹਰ ਫਾਇਰਿੰਗ ਮੌਕੇ ‘ਮੂਕ ਦਰਸ਼ਕ’ ਬਣੀ ਪੁਲੀਸ ਨੂੰ ਵੀ ਭੰਡਿਆ। ‘ਆਪ’ ਆਗੂ ਸੰਜੈ ਸਿੰਘ ਨੇ ਕਿਹਾ, ‘ਅਸੀਂ ਅੱਖੀਂ ਵੇਖਿਆ ਹੈ ਕਿ ਕਿਵੇਂ ਇਕ ਸ਼ਖ਼ਸ ਪੁਲੀਸ ਦੀ ਮੌਜੂਦਗੀ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਗੋਲੀ ਚਲਾ ਰਿਹੈ। ਇਹ ਦਿੱਲੀ ਵਿੱਚ ਅਮਨ ਤੇ ਕਾਨੂੰਨ ਦੀ ਵਿਗੜਦੀ ਸਥਿਤੀ ਦੀ ਇਕ ਹੋਰ ਜਿਊਂਦੀ ਜਾਗਦੀ ਮਿਸਾਲ ਹੈ। ਤੇ ਗ੍ਰਹਿ ਮੰਤਰੀ ਸ਼ਾਹ ਦੀ ਅਸਮਰੱਥਾ ਵੱਲ ਇਸ਼ਾਰਾ ਕਰਦਾ ਹੈ।’ ਸਿੰਘ ਨੇ ਕਿਹਾ, ‘ਪਹਿਲਾਂ ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਦਹਿਸ਼ਤਗਰਦ ਹੋਣ ਦਾ ਦਾਗ ਲਾਇਆ, ਜਦੋਂ ਉਨ੍ਹਾਂ ਦੀਆਂ ਭੈੜੀਆਂ ਚਾਲਾਂ ਨਹੀਂ ਚੱਲੀਆਂ ਤਾਂ ਹੁਣ ਉਹ ਹਿੰਸਾ ਨੂੰ ਹਵਾ ਦੇ ਕੇ ਦੰਗਿਆਂ ਵਰਗੇ ਹਾਲਾਤ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਨ।’ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਜ਼ਰੀਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਵਿੱਚ ਅਮਨ ਤੇ ਕਾਨੂੰਨ ਦੀ ‘ਵਿਗੜਦੀ’ ਸਥਿਤੀ ’ਤੇ ਕਾਬੂ ਪਾਉਣ ਲਈ ਕਿਹਾ ਹੈ। ਕੇਜਰੀਵਾਲ ਨੇ ਟਵੀਟ ਕੀਤਾ, ‘‘ਦਿੱਲੀ ਵਿੱਚ ਕੀ ਹੋ ਰਿਹੈ? ਅਮਨ ਤੇ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਕ੍ਰਿਪਾ ਕਰਕੇ ਦਿੱਲੀ ਵਿੱਚ ਅਮਨ ਤੇ ਕਾਨੂੰਨ ਦਾ ਖਿਆਲ ਰੱਖਿਆ ਜਾਵੇ।’ 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।