ਪੰਜਾਬ ਵਿੱਚ ਇੱਕੋ ਦਿਨ ਨਸ਼ੇ ਨਾਲ ਤਿੰਨ ਨੌਜਵਾਨਾਂ ਦੀ ਮੌਤ

ਪੰਜਾਬ ਵਿੱਚ ਇੱਕੋ ਦਿਨ ਨਸ਼ੇ ਨਾਲ ਤਿੰਨ ਨੌਜਵਾਨਾਂ ਦੀ ਮੌਤ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਮੌਕੇ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ੍ਹ ਸੋਂਹ ਖਾਣ ਵਾਲੇ ਪੰਜਾਬ ਦੇ ਮੋਜੂਦਾ ਮੁੱਖ ਮੰਤਰੀ ਭਾਵੇਂ ਆਪਣੀ ਸੋਂਹ ਵਿਸਾਰ ਕੇ ਲੋਕਾਂ ਵੱਲੋਂ ਦਿੱਤੀ ਰਾਜ ਸੱਤਾ ਨੂੰ ਆਪਣੇ ਆਲੀਸ਼ਾਨ ਮਹਿਲਾਂ ਵਿੱਚ ਆਪਣੇ ਮਿੱਤਰਾਂ ਨਾਲ ਮਾਣ ਰਹੇ ਹਨ ਪਰ ਪੰਜਾਬ ਦੇ ਘਰਾਂ ਵਿੱਚ ਨਸ਼ਾ ਲਗਾਤਾਰ ਸੱਥਰ ਵਿਛਾ ਰਿਹਾ ਹੈ। ਬੀਤੇ ਕੱਲ੍ਹ ਇੱਕ ਦਿਨ ਵਿੱਚ ਹੀ ਪੰਜਾਬ ਦੇ ਤਿੰਨ ਨੌਜਵਾਨਾਂ ਦੀਆਂ ਨਸ਼ੇ ਨਾਲ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। 

ਬਲਾਕ ਮਲੋਟ ਦੇ ਪਿੰਡ ਲਖਮੀਰੇਆਣਾ ਵਿਚ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੇ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਇਕ ਹੋਰ ਪਹਾੜ ਟੁੱਟ ਪਿਆ ਜਦੋਂ ਇਸ ਪਰਿਵਾਰ ਦੇ ਇਕਲੌਤੇ ਕਮਾਊ ਮੈਂਬਰ ਗਮਦੂਰ ਸਿੰਘ (35) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਮਾਤਾ-ਪਿਤਾ, ਪਤਨੀ ਰਾਜਵੀਰ ਕੌਰ, 18 ਸਾਲਾਂ ਦੀਆਂ ਦੋ ਬੇਟੀਆਂ ਖੁਸ਼ਪ੍ਰੀਤ ਕੌਰ, ਜਸ਼ਨਪ੍ਰੀਤ ਕੌਰ ਅਤੇ 12 ਸਾਲਾਂ ਦਾ ਬੇਟਾ ਕਰਨਵੀਰ ਸਿੰਘ ਸਦਮੇ ਵਿਚ ਹਨ। ਗਮਦੂਰ ਸਿੰਘ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਅਪਾਹਜ ਭਰਾ ਦੇ ਪਰਿਵਾਰ ਦਾ ਵੀ ਪਾਲਣ ਪੋਸ਼ਣ ਕਰ ਰਿਹਾ ਸੀ। 


ਗੁਟਕਾ ਸਾਹਿਬ ਦੀ ਸੋਂਹ ਖਾਂਦੇ ਹੋਏ ਕੈਪਟਨ ਅਮਰਿੰਦਰ ਸਿੰਘ

ਹਲਕਾ ਗਿੱਦੜਬਾਹਾ ਦੇ ਪਿੰਡ ਕਰਾਈਵਾਲਾ ਵਿਚ ਅੱਜ ਵੀਜਾ ਸਿੰਘ ਨਾਂ ਦੇ 22 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਕਰਕੇ ਮੌਤ ਹੋ ਗਈ। ਵੀਜਾ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਗ਼ਰੀਬ ਹਨ ਤੇ ਵੀਜਾ ਉਸ ਦਾ ਕਮਾਊ ਪੁੱਤਰ ਸੀ ਪਰ ਪਿੰਡ ਵਿਚ ਹੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕੁਝ ਵਿਅਕਤੀਆਂ ਨੇ ਉਸ ਨੂੰ ਨਸ਼ੇ ਦੇ ਜਾਲ ਵਿਚ ਫਸਾ ਲਿਆ ਅਤੇ ਉਹ ਨਸ਼ੇ ਦਾ ਆਦੀ ਬਣ ਗਿਆ। ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕਈ ਵਾਰ ਨਸ਼ਾ ਤਸਕਰਾਂ ਨੂੰ ਫੜਿਆ ਹੈ ਪਰ ਪਿੰਡ ਦੇ ਕੁਝ ਵਿਅਕਤੀ ਉਨ੍ਹਾਂ ਨੂੰ ਕਥਿਤ ਤੌਰ ’ਤੇ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਛੁਡਵਾ ਲੈਂਦੇ ਹਨ। 


ਨਸ਼ੇ ਨਾਲ ਮਰਨ ਵਾਲਾ ਗਮਦੂਰ ਸਿੰਘ ਅਤੇ ਵੀਜਾ ਸਿੰਘ

ਫਿਲੌਰ ਦੇ ਸਰਕਾਰੀ ਹਸਪਤਾਲ ਦੇ ਪਖਾਨੇ ਵਿੱਚੋਂ ਇੱਕ ਨੌਜਵਾਨ ਦੀ ਬਦਬੂ ਮਾਰਦੀ ਲਾਸ਼ ਬਰਾਮਦ ਹੋਈ ਹੈ। ਇਹ ਨੌਜਵਾਨ ਪਿਛਲੇ ਤਿੰਨ ਦਿਨ ਤੋਂ ਲਾਪਤਾ ਸੀ, ਜਿਸ ਪਛਾਣ ਸੁਖਪ੍ਰੀਤ ਸਿੰਘ ਵਾਸੀ ਪਿੰਡ ਡੱਲੇਵਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਨਸ਼ਾ ਛੱਡਣ ਦੀ ਦਵਾਈ ਖਾਂਦਾ ਸੀ ਪਰ ਉਸ ਨੇ ਕੁਝ ਸਮੇਂ ਤੋਂ ਦਵਾਈ ਨਹੀਂ ਖਾ ਰਿਹਾ ਸੀ। ਹੁਣ ਉਹ ਪਿਛਲੇ ਤਿੰਨ ਦਿਨ ਤੋਂ ਗੁੰਮ ਸੀ। ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਪਿਛਲੇ ਤਿੰਨ ਦਿਨ ਤੋਂ ਇੱਥੇ ਹੀ ਬਾਥਰੂਮ ’ਚ ਪਿਆ ਹੋ ਸਕਦਾ ਹੈ, ਕਿਉਂਕਿ ਅੰਦਰੋਂ ਕੁੰਡੀ ਲੱਗੀ ਹੋਣ ਕਾਰਨ ਕਿਸੇ ਦਾ ਉਸ ਪਾਸੇ ਧਿਆਨ ਨਹੀਂ ਗਿਆ। ਜਦੋਂ ਅੰਦਰੋਂ ਬਦਬੂ ਆਉਣ ’ਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਸੁਖਪ੍ਰੀਤ ਦੀ ਲਾਸ਼ ਪਈ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ