ਨਸ਼ੇ ਅੱਗੇ ਕੈਪਟਨ ਨੇ ਹੱਥ ਖੜ੍ਹੇ ਕੀਤੇ

ਨਸ਼ੇ ਅੱਗੇ ਕੈਪਟਨ ਨੇ ਹੱਥ ਖੜ੍ਹੇ ਕੀਤੇ
ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ: ਅੱਜ ਜਦੋਂ ਪੰਜਾਬ ਵਿੱਚ ਇੱਕ ਦਿਨ 'ਚ ਤਿੰਨ ਨੌਜਵਾਨਾਂ ਦੀ ਨਸ਼ੇ ਨਾਲ ਮੌਤ ਹੋਣ ਦੀ ਖ਼ਬਰ ਛਪੀ ਹੈ ਤਾਂ ਨਸ਼ੇ ਨੂੰ ਖਤਮ ਕਰਨ ਦੀਆਂ ਸੋਹਾਂ ਖਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਸ਼ੇ ਦੀ ਸਮੱਸਿਆ ਅੱਗੇ ਹੱਥ ਖੜੇ ਕਰ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਰਾਸ਼ਟਰੀ ਨੀਤੀ ਬਣਾਉਣ ਦੀ ਮੰਗ ਕੀਤੀ ਹੈ।

ਇਸ ਚਿੱਠੀ ਨੂੰ ਆਪਣੇ ਫੇਸਬੁੱਕ ਖਾਤੇ 'ਤੇ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ, "ਅਸੀਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੀ ਹਰ ਮੁੰਮਕਿਨ ਕੋਸ਼ਿਸ਼ ਕਰ ਰਹੇ ਹਾਂ ਪਰ ਨਸ਼ੇ ਦੀ ਸਮੱਸਿਆ ਸਿਰਫ਼ ਪੰਜਾਬ ਵਿੱਚ ਹੀ ਨਹੀੰ ਸਗੋਂ ਪੂਰੇ ਦੇਸ਼ ਵਿੱਚ ਹੈ ਤੇ ਸਾਨੂੰ ਇਸ ਲਈ ਇਕੱਠੇ ਹੋ ਕੇ ਲੜਨਾ ਪਏਗਾ ਤਾਂ ਜੋ ਨਸ਼ੇ ਦੀਆਂ ਜੜ੍ਹਾਂ ਪੁੱਟੀਆਂ ਜਾ ਸਕਣ। ਇਸ ਲਈ ਮੈਂ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੂੰ ਕੌਮੀ ਪੱਧਰ ‘ਤੇ ਨਸ਼ੇ ਸਬੰਧਿਤ ਨੀਤੀ ਬਣਾਉਣ ਲਈ ਚਿੱਠੀ ਲਿਖੀ ਹੈ ਤੇ ਮੈਨੂੰ ਉਮੀਦ ਹੈ ਕਿ ਉਹ ਦੇਸ਼ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸਦਾ ਜਵਾਬ ਦੇਣਗੇ ਤੇ ਇਸ ਬਾਰੇ ਸੋਚਣਗੇ।"

ਕੈਪਟਨ ਅਮਰਿੰਦਰ ਸਿੰਘ ਦੀ ਇਸ ਪੋਸਟ ਹੇਠ ਲੋਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। 

ਜਗਜੀਤ ਸਿੰਘ ਦਾਦੂਜੋਧ ਵੱਲੋਂ ਟਿੱਪਣੀ ਕਰਦਿਆਂ ਲਿਖਿਆ ਗਿਆ, "ਨਸ਼ਾ ਕੱਲਾ ਬਾਰਡਰ ਤੋ ਨਹੀ ਆਉਦਾ , ਪੰਜਾਬ ਵਿਚ ਪੁਲਿਸ ਦੀ ਨੱਕ ਹੇਠ ਵਿਕਦਾ , ਜੇ ਫੜਨਾ ਹੋਵੇ ਤਾਂ ਮੋਦੀ ਦੀ ਲੋੜ ਨਹੀ , ਜਦੋ ਪੰਜਾਬ ਵਿਚ ਸ਼ੱਕੀ ਬੰਦੇ ਫੜਨ ਲਈ ਪੁਲਿਸ ਇਕ ਮਿੰਟ ਨਹੀ ਲਾਉਦੀ ਪਰ ਨਸ਼ਾ ਤਸਕਰਾਂ ਵੱਲ ਪੁਲਿਸ ਮੂੰਹ ਨਹੀ ਕਰਦੀ , ਇਹਦੇ ਵਿਚ ਹੁਣ ਕੌਣ ਦੋਸ਼ੀ ਹੈ ,ਏਹਦਾ ਵੀ ਸਰਕਾਰ ਨੂੰ ਪਤਾ ਹੁੰਦਾ ਹੈ !!"

ਨਿਰਭੈ ਜੱਸੜ ਨੇ ਟਿੱਪਣੀ ਕੀਤੀ, "ਜਿਸ ਦਮਦਾਰ ਕਿਰਦਾਰ ਦੇ ਲੀਡਰ ਤੁਹਾਨੂੰ ਲੋਕ ਮੰਨਦੇ ਸੀ ਉਸ ਉਪਰ ਤੁਸੀ ਖਰੇ ਨਹੀ ਉਤਰ ਰਹੇ  ਗੋਰਮਿੰਟ ਨਸ਼ਾ ਬੰਦ ਕਰਨਾ ਚਾਹੇ ਤਾ ਮਿੰਟ ਵਿਚ ਕਰ ਸਕਦੀ ਹੈ ਤੁਹਾਡਾ ਇਰਾਦਾ ਦ੍ਰਿੜ ਨਹੀ ਹੈ"

ਗਗਨ ਚੂੰਘ ਨੇ ਲਿਖਿਆ, "ਰਾਜਾ ਜੀ , ਗੁਟਕਾ ਸਾਹਿਬ ਹੱਥ ਫੜਕੇ ਸੌਂਹ ਸਾਰੇ ਇੰਡੀਆ ਨੇ ਨੀ ਖਾਦੀਂ ਸੀ। ਇਹਨਾਂ ਦਲੀਲਾਂ ਦਾ ਕੋਈ ਫਾਇਦਾ ਨਹੀਂ, ਨਸ਼ੇ ਨੂੰ ਠੱਲ ਪਾਉ।"

ਇਸ ਚਿੱਠੀ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤ ਸਰਕਾਰ ਨੂੰ ਨਸ਼ੇ ਦੀ ਸਮੱਸਿਆ ਖਿਲਾਫ ਲੜਨ ਲਈ ਆਰਥਿਕ ਮਦਦ ਦੇਣ ਵਾਸਤੇ ਤਰਲਾ ਮਾਰਿਆ ਗਿਆ ਹੈ। ਇਸ ਤੋਂ ਇਲਾਵਾ ਚਿੱਠੀ ਦੀ ਭੂਮਿਕਾ ਬੰਨਦਿਆਂ ਪਹਿਲਾਂ ਆਪਣੀ ਸਰਕਾਰ ਦੀ ਪਿੱਠ ਥਾਪੜਦਿਆਂ ਲਿਖਿਆ ਗਿਆ ਹੈ ਕਿ 2017 ਤੋਂ ਬਾਅਦ ਪੰਜਾਬ ਵਿੱਚ ਨਸ਼ੇ ਨਾਲ ਸਬੰਧਿਤ 25,000 ਮਾਮਲੇ ਦਰਜ ਕੀਤੇ ਗਏ ਹਨ ਤੇ 30,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ 700 ਕਿਲੋਗ੍ਰਾਮ ਹੈਰੋਈਨ ਫੜ੍ਹਨ ਦਾ ਵੀ ਦਾਅਵਾ ਕੀਤਾ ਗਿਆ ਹੈ।

ਪਰ ਪੰਜਾਬ ਵਿੱਚ ਨਸ਼ਾ ਰੋਕਣ ਦੇ ਮਾਮਲੇ 'ਚ ਪੰਜਾਬ ਸਰਕਾਰ ਬਿਲਕੁੱਲ ਨਾਕਾਮ ਸਾਬਿਤ ਹੋਈ ਹੈ ਤੇ ਜ਼ਮੀਨੀ ਪੱਧਰ 'ਤੇ ਇਹ ਸਮੱਸਿਆ ਘਟਣ ਦੀ ਵਜਾਏ ਵੱਧ ਰਹੀ ਹੈ।

ਚਿੱਠੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਮ ਪ੍ਰਚਲਿਤ ਭਾਰਤੀ ਨੀਤੀ ਵਾਂਗ ਨਸ਼ੇ ਦੀ ਸਮੱਸਿਆ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਹੈ ਜਦਕਿ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ 'ਚ ਵੱਡੀ ਮਾਤਰਾ ਕੈਮੀਕਲ ਨਸ਼ੇ ਦੀ ਹੈ ਜੋ ਭਾਰਤ ਅੰਦਰ ਹੀ ਤਿਆਰ ਹੋ ਰਿਹਾ ਹੈ। 

ਸਬੰਧਿਤ ਖ਼ਬਰਾਂ: ਪੰਜਾਬ ਵਿੱਚ ਇੱਕੋ ਦਿਨ ਨਸ਼ੇ ਨਾਲ ਤਿੰਨ ਨੌਜਵਾਨਾਂ ਦੀ ਮੌਤ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ