ਟਰੰਪ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਵਾਲੇ ਸਭ ਤੋਂ ਵੱਡੀ ਉਮਰ ਦੇ ਸ਼ਖਸ

ਟਰੰਪ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਵਾਲੇ ਸਭ ਤੋਂ ਵੱਡੀ ਉਮਰ ਦੇ ਸ਼ਖਸ

*ਟਰੰਪ ਦੀ ਜਿੱਤ ਦੇ ਵਿਸ਼ਵ ਤੇ ਭਾਰਤ 'ਤੇ ਪੈਣਗੇ ਡੂੰਘੇ ਪ੍ਰਭਾਵ

*ਅਮਰੀਕਾ ਵਿਚ ਜਨਮ ਦੇ ਨਾਲ ਨਹੀਂ ਮਿਲੇਗੀ ਨਾਗਰਿਕਤਾ!

ਡੋਨਾਲਡ ਟਰੰਪ ਇਕ ਕਾਰੋਬਾਰੀ, ਰੀਅਲ ਅਸਟੇਟ ਬਿਜ਼ਨੈੱਸਮੈਨ ਤੇ ਰਿਐਲਿਟੀ ਟੀ. ਵੀ. ਸਟਾਰ ਤੋਂ ਲੈ ਕੇ ਅਮਰੀਕਾ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਅਮਰੀਕੀ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਅਪਰਾਧੀ ਐਲਾਨਿਆ ਗਿਆ ਸੀ। ਰਾਸ਼ਟਰਪਤੀ ਚੋਣਾਂ ਲਈ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਹੱਤਿਆ ਦੇ 2 ਯਤਨਾਂ ਤੋਂ ਬਚਣ ਤੋਂ ਬਾਅਦ ਵੀ ਟਰੰਪ (78) ਮੈਦਾਨ ਵਿਚ ਮਜ਼ਬੂਤੀ ਨਾਲ ਡਟੇ ਰਹੇ ਅਤੇ ਹੁਣ ਅਮਰੀਕੀ ਵੋਟਰਾਂ ਨੇ ਉਨ੍ਹਾਂ ਨੂੰ ਦੂਜੀ ਵਾਰ ਸੱਤਾ ਸੌਂਪ ਦਿੱਤੀ ਹੈ।ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਨਾਲ-ਨਾਲ ਕਮਲਾ ਹੈਰਿਸ ਦੇ ਕਈ ਸਮਰਥਕਾਂ ਦੇ ਸੁਪਨੇ ਵੀ ਚਕਨਾਚੂਰ ਕਰ ਦਿੱਤੇ, ਜੋ ਅਮਰੀਕੀ ਰਾਸ਼ਟਰਪਤੀ ਦਫਤਰ ਤੇ ਰਿਹਾਇਸ਼ ‘ਵ੍ਹਾਈਟ ਹਾਊਸ’ ਵਿਚ ਪਹਿਲੀ ਮਹਿਲਾ ਰਾਸ਼ਟਰਪਤੀ ਹੋਣ ਦਾ ਸੁਪਨਾ ਵੇਖਦੇ ਸਨ। ਹੁਣ ਉਹ ਅਮਰੀਕੀ ਇਤਿਹਾਸ ਵਿਚ ਰਾਸ਼ਟਰਪਤੀ ਚੁਣੇ ਜਾਣ ਵਾਲੇ ਸਭ ਤੋਂ ਵੱਡੀ ਉਮਰ ਦੇ ਸ਼ਖਸ ਹਨ। 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਹਾਰ ਤੋਂ ਬਾਅਦ ਅਹੁਦਾ ਛੱਡਣ ਤੋਂ ਲੈ ਕੇ 2024 ਦੀ ਦੌੜ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਤੱਕ, ਟਰੰਪ ਅਖਬਾਰਾਂ ਦੀਆਂ ਸੁਰਖੀਆਂ ਅਤੇ ਅਮਰੀਕੀਆਂ ਦੇ ਮਨਾਂ ਉੱਤੇ ਹਾਵੀ ਰਹੇ। ਉਨ੍ਹਾਂ ਨੇ ਨਵੰਬਰ 2020 ਦੇ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤੀ ਸੀ ਪਰ ਉਸ ਸਮੇਂ ਜੋਅ ਬਾਈਡੇਨ ਰਾਸ਼ਟਰਪਤੀ ਚੁਣੇ ਗਏ ਸਨ।

14 ਜੂਨ 1946 ਨੂੰ ਕੁਈਨਜ਼, ਨਿਊਯਾਰਕ ਵਿੱਚ, ਮੈਰੀ ਅਤੇ ਫਰੇਡ ਟਰੰਪ ਦੇ ਘਰ ਪੈਦਾ ਹੋਏ ਟਰੰਪ,ਇੱਕ ਸਫਲ ਰੀਅਲ ਅਸਟੇਟ ਡਿਵੈਲਪਰ ਹੈ। ਡੋਨਾਲਡ ਟਰੰਪ 5 ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ 'ਤੇ ਹਨ। ਉਨ੍ਹਾਂ ਨੇ 1968 ਵਿੱਚ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਵਾਰਟਨ ਸਕੂਲ ਆਫ਼ ਫਾਈਨਾਂਸ ਐਂਡ ਕਾਮਰਸ ਤੋਂ ਵਿੱਤ ਵਿੱਚ ਡਿਗਰੀ ਪ੍ਰਾਪਤ ਕੀਤੀ। ਸਾਲ 1971 ਵਿੱਚ ਆਪਣੇ ਪਿਤਾ ਦੀ ਕੰਪਨੀ ਨੂੰ ਸੰਭਾਲਣ ਤੋਂ ਬਾਅਦ, ਉਨ੍ਹਾਂ ਨੇ ਇਸਦਾ ਨਾਮ ਬਦਲ ਕੇ ਟਰੰਪ ਆਰਗੇਨਾਈਜ਼ੇਸ਼ਨ ਰੱਖਿਆ ਅਤੇ ਜਲਦੀ ਹੀ ਹੋਟਲ, ਰਿਜ਼ੋਰਟ, ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ, ਕੈਸੀਨੋ ਅਤੇ ਗੋਲਫ ਕੋਰਸ ਵਰਗੇ ਪ੍ਰੋਜੈਕਟਾਂ ਵਿੱਚ ਕਾਰੋਬਾਰ ਦਾ ਵਿਸਥਾਰ ਕੀਤਾ।

ਟਰੰਪ ਨੇ 2004 'ਚ 'ਦਿ ਅਪ੍ਰੈਂਟਿਸ' ਨਾਲ ਰਿਐਲਿਟੀ ਟੀਵੀ ਵਿਚ ਵੀ ਆਪਣਾ ਹੱਥ ਅਜ਼ਮਾਇਆ, ਜਿਸ ਨੇ ਉਨ੍ਹਾਂ ਨੂੰ ਅਮਰੀਕਾ ਵਿਚ ਘਰ-ਘਰ ਵਿਚ ਮਸ਼ਹੂਰ ਕਰ ਦਿੱਤਾ। ਟਰੰਪ ਨੇ ਚੈੱਕ ਐਥਲੀਟ ਅਤੇ ਮਾਡਲ ਇਵਾਨਾ ਜ਼ੇਲਨੀਕੋਵਾ ਨਾਲ ਵਿਆਹ ਕਰਵਾ ਲਿਆ ਪਰ 1990 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਇਵਾਨਾ ਦੇ ਨਾਲ ਉਨ੍ਹਾਂ ਦੇ 3 ਬੱਚੇ ਹਨ - ਡੋਨਾਲਡ ਜੂਨੀਅਰ, ਇਵਾਂਕਾ ਅਤੇ ਐਰਿਕ। ਇਸ ਤੋਂ ਬਾਅਦ ਟਰੰਪ ਨੇ 1993 ਵਿਚ ਅਭਿਨੇਤਰੀ ਮਾਰਲਾ ਮੈਪਲਸ ਨਾਲ ਵਿਆਹ ਕਰਵਾ ਲਿਆ ਪਰ 1999 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ। ਉਨ੍ਹਾਂ ਦਾ ਇਕ ਹੀ ਬੱਚਾ ਹੈ, ਟਿਫਨੀ। ਟਰੰਪ ਦੀ ਮੌਜੂਦਾ ਪਤਨੀ, ਮੇਲਾਨੀਆ, ਇੱਕ ਸਾਬਕਾ ਸਲੋਵੇਨੀਅਨ ਮਾਡਲ ਹੈ, ਜਿਸ ਨਾਲ ਉਨ੍ਹਾਂ ਨੇ 2005 ਵਿੱਚ ਵਿਆਹ ਕੀਤਾ ਸੀ। ਉਨ੍ਹਾਂ ਦਾ ਇੱਕ ਪੁੱਤਰ ਹੈ, ਬੈਰਨ ਵਿਲੀਅਮ ਟਰੰਪ।

ਕੀ ਪਵੇਗਾ ਵਿਸ਼ਵ ਉਪਰ ਪ੍ਰਭਾਵ

 ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੁਬਾਰਾ ਹੋਈ ਜਿੱਤ ਇਕ ਲਿਹਾਜ਼ ਨਾਲ ਅਮਰੀਕਾ ਦਾ ਅੰਦਰੂਨੀ ਮਾਮਲਾ ਹੈ ਪਰ ਵਿਸ਼ਵ ਰਾਜਨੀਤੀ ਵਿਚ ਤੇ ਵਿਸ਼ਵ ਪੱਧਰ 'ਤੇ ਜੋ ਸਥਾਨ ਅਮਰੀਕਾ ਕੋਲ ਹੈ, ਉਸ ਕਾਰਨ ਇਸ ਹਕੂਮਤੀ ਤਬਦੀਲੀ ਦਾ ਅਸਰ ਪੂਰੇ ਵਿਸ਼ਵ 'ਤੇ ਪਵੇਗਾ। ਪਰ ਇੱਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਭਾਵੇਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਮੰਨਿਆ ਜਾਂਦਾ ਹੈ ਪਰ ਅਮਰੀਕਾ ਦਾ ਰਾਜਨੀਤਕ ਸਿਸਟਮ ਏਨਾ ਮਜ਼ਬੂਤ ਤੇ ਗੁੰਝਲਦਾਰ ਹੈ, ਕਿ ਰਾਸ਼ਟਰਪਤੀ ਦੀ ਮਰਜ਼ੀ ਵੀ ਹਰ ਜਗ੍ਹਾ ਨਹੀਂ ਚੱਲ ਸਕਦੀ। 

ਫਿਰ ਅਮਰੀਕਾ ਵਿਚ ਇਕ 'ਡੀਪ ਸਟੇਟ' ਵਰਗੀ ਅਦਿੱਖ ਤਾਕਤ ਦੀ ਵੀ ਦੇਸ਼ ਦੀਆਂ ਨੀਤੀਆਂ ਬਣਾਉਣ ਵਿਚ ਅਹਿਮ ਭੂਮਿਕਾ ਸਦਾ ਚਰਚਾ ਵਿਚ ਰਹੀ ਹੈ। ਕਿਸੇ ਵੀ ਦੇਸ਼ ਦੀਆਂ ਨੀਤੀਆਂ ਵਿਚ ਤਬਦੀਲੀ ਦੇਸ਼ ਦੇ ਹਿਤਾਂ ਅਨੁਸਾਰ ਹੀ ਕੀਤੀ ਜਾ ਸਕਦੀ ਹੈ। ਇਹ ਸੱਚ ਹੈ ਕਿ ਯੂ.ਕੇ. ਵਿਚ ਜੁਲਾਈ ਵਿਚ ਲੇਬਰ ਪਾਰਟੀ, ਕੰਜ਼ਰਵੇਟਿਵ ਪਾਰਟੀ ਨੂੰ ਹਰਾ ਕੇ ਸੱਤਾ ਵਿਚ ਆਈ ਪਰ ਯੂ.ਕੇ. ਦੀ ਵਿਦੇਸ਼ ਨੀਤੀ ਵਿਚ ਕੋਈ ਵੱਡਾ ਬਦਲਾਅ ਨਹੀਂ ਆਇਆ। ਟਰੰਪ ਦੀ 'ਅਮਰੀਕਾ ਫਸਟ' ਨੀਤੀ ਦੇ ਚਲਦਿਆਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਉਹ ਰੂਸ ਨਾਲ ਟਕਰਾਅ ਖ਼ਤਮ ਕਰਨ ਲਈ ਤੇ ਅਮਰੀਕਾ ਵਲੋਂ ਵਿਸ਼ਵ ਰਾਜਨੀਤੀ ਵਿਚ ਕੀਤੇ ਜਾ ਰਹੇ ਖਰਚੇ ਨੂੰ ਘਟਾਉਣ ਵੱਲ ਧਿਆਨ ਦੇਣਗੇ। 

ਭਾਰਤ ਉਪਰ ਅਸਰ ਕੀ ਪਵੇਗਾ

ਇਸ 'ਅਮਰੀਕਾ ਫਸਟ' ਸੋਚ ਨਾਲ ਭਾਰਤ 'ਤੇ ਵੀ ਕੁਝ ਮਹੱਤਵਪੂਰਨ ਅਸਰ ਪੈਣ ਦੀ ਸੰਭਾਵਨਾ ਜ਼ਰੂਰ ਹੈ। ਖ਼ਾਸਕਰ ਭਾਰਤ ਜੋ ਅਮਰੀਕਾ ਨੂੰ 77.52 ਬਿਲੀਅਨ ਡਾਲਰ ਦਾ ਸਮਾਨ ਭੇਜਦਾ ਹੈ ਤੇ 42.2 ਬਿਲੀਅਨ ਡਾਲਰ ਦਾ ਸਾਮਾਨ ਮੰਗਵਾਉਂਦਾ ਹੈ, ਬਾਰੇ ਹਾਲ ਵਿਚ ਹੀ ਟਰੰਪ ਵਲੋਂ ਕਹੀ ਗੱਲ ਕਿ ਇਹ ਲੋਕ (ਭਾਰਤ) ਪਿਛੜੇ ਹੋਏ ਨਹੀਂ ਸਗੋਂ ਚਲਾਕ ਹਨ। ਭਾਰਤ ਬਰਾਮਦ ਦੇ ਮਾਮਲੇ ਵਿਚ ਸਿਖ਼ਰ 'ਤੇ ਹੈ ਅਤੇ ਇਸ ਦਾ ਇਸਤੇਮਾਲ ਉਹ ਸਾਡੇ ਖ਼ਿਲਾਫ਼ ਕਰਦਾ ਹੈ, ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਾਲ ਦੋਸਤੀ ਦੇ ਬਾਵਜੂਦ ਭਾਰਤੀ ਬਰਾਮਦ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੇ ਹਨ।

 ਖ਼ਾਸ ਕਰ ਜੇਕਰ ਟਰੰਪ ਜਿਵੇਂ ਉਹ ਚੋਣਾਂ ਦੌਰਾਨ ਵਾਅਦਾ ਕਰਦੇ ਰਹੇ, ਰੂਸ ਨਾਲ ਸੰਬੰਧ ਸੁਧਾਰ ਨਾ ਸਕੇ ਤਾਂ ਉਹ ਭਾਰਤ ਤੇ ਰੂਸ ਨਾਲ ਸੰਬੰਧਾਂ ਅਤੇ ਬ੍ਰਿਕਸ ਵਿਚ ਭਾਰਤ ਦੀ ਅਮਰੀਕਾ ਵਿਰੋਧੀ ਨੀਤੀ ਕਾਰਨ ਭਾਰਤੀ ਵਸਤੂਆਂ 'ਤੇ ਦਰਾਮਦ ਕਰ (ਕਸਟਮ ਡਿਊਟੀ) ਵੀ ਵਧਾ ਸਕਦੇ ਹਨ ਅਤੇ ਰਾਜਨੀਤਕ ਦਬਾਅ ਵੀ ਵਧਾਇਆ ਜਾ ਸਕਦੇ ਹਨ, ਹਾਂ ਉਸ ਦੀ ਚੀਨ ਵਿਰੋਧੀ ਆਰਥਿਕ ਨੀਤੀ ਭਾਰਤ ਨੂੰ ਇਕ ਮੌਕਾ ਵੀ ਪ੍ਰਦਾਨ ਕਰ ਸਕਦੀ ਹੈ। 

ਇਸ ਦਰਮਿਆਨ ਭਾਰਤੀਆਂ ਨੂੰ ਅਮਰੀਕਾ ਵਿਚ ਵੀਜ਼ੇ ਘੱਟ ਮਿਲਣ ਅਤੇ ਨੌਕਰੀਆਂ ਤੋਂ ਹੱਥ ਧੋਣ ਦੀ ਸਥਿਤੀ ਦਾ ਡਰ ਵੀ ਜ਼ਰੂਰ ਰਹੇਗਾ।

ਡੋਨਾਲਡ ਟਰੰਪ  ਦੇ ਪ੍ਰਸਤਾਵਿਤ ਫੈਸਲਿਆਂ ਵਿੱਚੋਂ ਇੱਕ ਹੈ ਜਨਮ ਸਮੇਂ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਨਾਗਰਿਕਤਾ ਨੂੰ ਖਤਮ ਕਰਨਾ। ਇਸ ਫੈਸਲੇ ਦਾ ਅਸਰ ਭਾਰਤੀਆਂ 'ਤੇ ਪਵੇਗਾ।ਟਰੰਪ ਨੇ ਪਹਿਲੇ ਦਿਨ ਹੀ ਇਸ ਨਾਲ ਜੁੜੇ ਆਦੇਸ਼ 'ਤੇ ਦਸਤਖਤ ਕਰਨ ਦੀ ਯੋਜਨਾ ਬਣਾਈ ਹੈ। ਇਹ ਹੁਕਮ ਸਿਰਫ਼ ਉਨ੍ਹਾਂ ਬੱਚਿਆਂ 'ਤੇ ਲਾਗੂ ਨਹੀਂ ਹੋਵੇਗਾ, ਜਿਨ੍ਹਾਂ ਦੇ ਮਾਪੇ ਗ਼ੈਰ-ਕਾਨੂੰਨੀ ਪ੍ਰਵਾਸੀ ਹਨ। ਪਰ ਇਹ ਉਸ ਤੋਂ ਵੀ ਅੱਗੇ ਜਾਵੇਗਾ

 ਡਰਾਫਟ ਵਿੱਚ ਕਿਹਾ ਗਿਆ ਹੈ ਕਿ ਬੱਚੇ ਦੇ ਨਾਗਰਿਕ ਬਣਨ ਲਈ, ਜਾਂ ਤਾਂ ਮਾਤਾ-ਪਿਤਾ ਕੋਲ ਅਮਰੀਕੀ ਨਾਗਰਿਕਤਾ ਜਾਂ ਸਥਾਈ ਨਿਵਾਸ ਪਰਮਿਟ ਹੋਣਾ ਜ਼ਰੂਰੀ ਹੈ। ਡਰਾਫਟ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਹ ਅਮਰੀਕੀ ਸੰਵਿਧਾਨ ਦੇ 14ਵੇਂ ਸੋਧ ਦੀ ਸਹੀ ਵਿਆਖਿਆ ਕਰ ਰਿਹਾ ਹੈ। ਇਮੀਗ੍ਰੇਸ਼ਨ ਵਕੀਲਾਂ ਦਾ ਮੰਨਣਾ ਹੈ ਕਿ ਅਜਿਹਾ ਸੰਭਵ ਨਹੀਂ ਹੈ ਅਤੇ ਜੇਕਰ ਕਾਰਜਕਾਰੀ ਆਦੇਸ਼ ਪਾਸ ਕੀਤਾ ਜਾਂਦਾ ਹੈ, ਤਾਂ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ।

ਇਮੀਗ੍ਰੇਸ਼ਨ ਅਟਾਰਨੀ ਗ੍ਰੇਗ ਸਿਸਕਿੰਡ ਨੇ ਕਿਹਾ ਕਿ ਇਸ ਫੈਸਲੇ 'ਤੇ ਨਿਸ਼ਚਤ ਤੌਰ 'ਤੇ ਮੁਕੱਦਮਾ ਚਲਾਇਆ ਜਾਵੇਗਾ ਕਿਉਂਕਿ ਇਹ 14ਵੀਂ ਸੋਧ ਦੀ ਉਲੰਘਣਾ ਕਰਦਾ ਹੈ। ਸਾਨੂੰ ਇਹ ਦੇਖਣਾ ਹੋਵੇਗਾ ਕਿ ਉਹ ਅਮਰੀਕਾ ਵਿਚ ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਬਾਹਰ ਕੱਢਣ ਲਈ ਕਿਸ ਹੱਦ ਤੱਕ ਜਾਂਦੇ ਹਨ। ਇਹ ਫੈਸਲਾ ਭਾਰਤੀ ਪ੍ਰਵਾਸੀਆਂ ਲਈ ਵੱਡਾ ਝਟਕਾ ਹੋਵੇਗਾ। ਪਿਊ ਰਿਸਰਚ ਦੇ ਅਨੁਸਾਰ, ਅਮਰੀਕਾ ਵਿੱਚ ਲਗਭਗ 48 ਲੱਖ ਭਾਰਤੀ ਅਮਰੀਕੀ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 16 ਲੱਖ ਦਾ ਜਨਮ ਅਮਰੀਕਾ ਵਿੱਚ ਹੋਇਆ ਸੀ।

ਇਸ ਹੁਕਮ ਦੇ ਪਾਸ ਹੋਣ ਤੋਂ ਬਾਅਦ, ਅੱਗੇ ਜਾ ਕੇ, ਭਾਰਤੀ ਜੋੜਿਆਂ ਦੇ ਬੱਚੇ, ਜਿਨ੍ਹਾਂ ਵਿੱਚੋਂ ਨਾ ਤਾਂ ਅਮਰੀਕੀ ਨਾਗਰਿਕਤਾ ਹੈ ਅਤੇ ਨਾ ਹੀ ਗ੍ਰੀਨ ਕਾਰਡ, ਆਟੋਮੈਟਿਕ ਨਾਗਰਿਕਤਾ ਲਈ ਯੋਗ ਨਹੀਂ ਹੋਣਗੇ।

ਜਦੋਂ ਵੀ ਗ੍ਰੀਨ ਕਾਰਡ ਅਲਾਟ ਕਰਨ ਦੀ ਗੱਲ ਆਉਂਦੀ ਹੈ ਤਾਂ ਭਾਰਤੀਆਂ ਨੂੰ ਘੱਟ ਤਰਜੀਹ ਮਿਲਦੀ ਹੈ। ਐੱਚ-1ਬੀ ਵੀਜ਼ਾ 'ਤੇ ਅਮਰੀਕਾ ਵਿਚ ਕੰਮ ਕਰਨ ਵਾਲੇ ਬਹੁਤ ਸਾਰੇ ਲੋਕਾਂ ਦੀ ਅਲਾਟਮੈਂਟ ਦਹਾਕਿਆਂ ਤੋਂ ਲਟਕ ਰਹੀ ਹੈ। ਉਦਾਹਰਨ ਲਈ, ਜਦੋਂ ਰੁਜ਼ਗਾਰ-ਸਬੰਧਤ ਗ੍ਰੀਨ ਕਾਰਡਾਂ ਦੀ ਗੱਲ ਆਉਂਦੀ ਹੈ ਤਾਂ ਸਮੁੱਚੀ ਸੀਮਾ 140,000  ਪ੍ਰਤੀ ਸਾਲ ਹੈ। ਇਸ ਤੋਂ ਇਲਾਵਾ ਕਿਸੇ ਵੀ ਦੇਸ਼ ਦੇ ਲੋਕਾਂ ਨੂੰ ਸੱਤ ਫੀਸਦੀ ਤੋਂ ਵੱਧ ਗ੍ਰੀਨ ਕਾਰਡ ਨਹੀਂ ਮਿਲ ਸਕਦਾ।

 ਟਰੰਪ ਵਲੋਂ ਉਥੇ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਮੁਹਿੰਮ ਵੀ ਤੇਜ਼ ਕੀਤੀ ਜਾ ਸਕਦੀ ਹੈ। ਗ਼ੌਰਤਲਬ ਹੈ ਕਿ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਦਾਖ਼ਲ ਹੋਏ 90415 ਲੋਕ ਤਾਂ ਪਿਛਲੇ ਸਿਰਫ ਇਕ ਸਾਲ ਵਿਚ ਹੀ ਫੜੇ ਗਏ ਹਨ। ਇਨ੍ਹਾਂ ਵਿਚੋਂ ਅੱਧੇ ਤੋਂ ਵਧੇਰੇ ਸਿਰਫ਼ ਗੁਜਰਾਤੀ ਸਨ, ਪੰਜਾਬੀ ਨਹੀਂ। 

ਕੀ ਹੋਵੇਗੀ ਟਰੰਪ ਦੀ ਸਿੱਖਾਂ ਬਾਰੇ ਨੀਤੀ

ਇਕ ਹੋਰ ਗੱਲ ਕਿ ਟਰੰਪ ਨੇ ਜਿਵੇਂ ਬੰਗਲਾਦੇਸ਼ ਦੇ ਤਖਤਾ ਪਲਟ ਵੇਲੇ ਉੱਥੇ ਹਿੰਦੂ ਘੱਟ-ਗਿਣਤੀ ਲੋਕਾਂ 'ਤੇ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਹੈ, ਉਸ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਹਰ ਜਗ੍ਹਾ ਘੱਟ-ਗਿਣਤੀਆਂ ਨਾਲ ਹੋ ਰਹੇ ਮਾੜੇ ਸਲੂਕ ਦੇ ਖ਼ਿਲਾਫ਼ ਖੜਨਗੇ। ਇਸ ਤੋਂ ਇਲਾਵਾ ਭਾਰਤ ਤੇ ਅਮਰੀਕਾ ਵਿਚ ਰੱਖਿਆ ਸੰਬੰਧੀ ਵਪਾਰਕ ਸਹਿਯੋਗ ਵੀ ਵਧ ਸਕਦਾ ਹੈ ਪਰ ਇਹ ਭਾਰਤ-ਰੂਸ ਸੰਬੰਧਾਂ ਅਤੇ ਰੂਸ ਨਾਲ ਅਮਰੀਕਾ ਦੀ ਚੱਲ ਰਹੀ ਅਸਿੱਧੀ ਜੰਗ 'ਤੇ ਮੁਨਹਸਰ ਕਰੇਗਾ। ਇਸ ਦਰਮਿਆਨ ਇਹ ਗੱਲ ਵੀ ਵੇਖਣਯੋਗ ਹੋਵੇਗੀ ਕਿ ਕੈਨੇਡਾ ਵਲੋਂ ਭਾਰਤ ਨੂੰ ਦੁਸ਼ਮਣ ਦੇਸ਼ਾਂ ਦੀ ਸੂਚੀ ਵਿਚ ਪਾਏ ਜਾਣ ਅਤੇ ਅਮਰੀਕਾ ਵਿਚ ਗੁਰਪਤਵੰਤ ਸਿੰਘ ਪੰਨੂੰ ਨੂੰ ਭਾਰਤੀ ਏਜੰਸੀਆਂ ਵਲੋਂ ਕਤਲ ਕਰਨ ਦੀ ਕੀਤੀ ਗਈ ਕੋਸ਼ਿਸ਼ ਸੰਬੰਧੀ ਚਲ ਰਹੀ ਜਾਂਚ ਸੰਬੰਧੀ ਕੀ ਸਟੈਂਡ ਲੈਂਦੇ ਹਨ।

ਕੂਟਨੀਤਕ ਮੋਰਚੇ ’ਤੇ ਮੋਦੀ ਸਰਕਾਰ ਨੂੰ ਆਸ ਹੈ ਕਿ ਟਰੰਪ ਨਾਲ ਮੋਦੀ ਦੀ ਨੇੜਤਾ ਗੁਰਪਤਵੰਤ ਸਿੰਘ ਪਨੂੰ ਕੇਸ ਕਾਰਨ ਦੋਵੇਂ ਦੇਸ਼ਾਂ ਦੇ ਸਬੰਧਾਂ ਵਿਚ ਆਈ ਤਰੇੜ ਨੂੰ ਭਰੇਗੀ।ਵਾਸ਼ਿੰਗਟਨ ਡੀਸੀ ਤੋਂ ਬੈਂਕਿੰਗ ਅਤੇ ਵਿੱਤ ਮਾਹਿਰ ਵਿਕਰਮ ਮੋਰ ਦਾ ਮੰਨਣਾ ਹੈ ਕਿ ਮੋਦੀ ਨਾਲ ਟਰੰਪ ਦੇ ਨਜ਼ਦੀਕੀ ਸਬੰਧਾਂ ਕਾਰਨ ਖਾਲਿਸਤਾਨੀ ਮੁੱਦਾ ਵੀ ਹੱਲ ਹੋ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਅਤੇ ਮੋਦੀ ਸਰਕਾਰ ਵਿਚਾਲੇ ਵਧਦੇ ਸਬੰਧਾਂ ਕਾਰਨ ਇਸ ਮੁੱਦੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੈਨੇਡਾ ਨਾਲ ਸਬੰਧਾਂ ਵਿੱਚ ਸੁਧਾਰ ਦੀ ਸੰਭਾਵਨਾ ਹੈ, ਜੋ ਮੌਜੂਦਾ ਐਚ-1ਬੀ ਵੀਜ਼ਾ ਧਾਰਕਾਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ।  ਭਾਜਪਾ ਦੇ ਸ਼ਾਸਨ ਵਾਲੀ ਕੇਂਦਰ ਸਰਕਾਰ ਨੂੰ ਇਹ ਉਮੀਦ ਵੀ ਹੋਵੇਗੀ ਕਿ ਉਸ ਨੂੰ ਹੁਣ ਭਾਰਤ ਵਿੱਚ ਕਥਿਤ ਮਨੁੱਖੀ ਹੱਕਾਂ ਦੇ ਘਾਣ ਦੇ ਮੁੱਦਿਆਂ ’ਤੇ ਰਾਤਾਂ ਦੀ ਨੀਂਦ ਨਹੀਂ ਗੁਆਉਣੀ ਪਵੇਗੀ। ਹਾਲਾਂਕਿ ਜਦੋਂ ਟਰੰਪ ਸਿਖ਼ਰ ’ਤੇ ਬੈਠਾ ਹੋਵੇ ਤਾਂ ਅਕਲਮੰਦੀ ਇਹੀ ਹੋਵੇਗੀ ਕਿ ਕਿਸੇ ਵੀ ਅਣਕਿਆਸੀ ਸਥਿਤੀ ਲਈ ਤਿਆਰ ਰਿਹਾ ਜਾਵੇ।

ਹਾਲਾਂਕਿ ਟਰੰਪ ਦੀ ਜਿੱਤ ਅਮਰੀਕੀ ਸਿੱਖਾਂ ਲਈ ਥੋੜ੍ਹੀ ਫ਼ਿਕਰ ਦੀ ਗੱਲ ਸਮਝੀ ਜਾਂਦੀ ਹੈ, ਕਿਉਂਕਿ ਅਮਰੀਕੀ ਸਿੱਖ ਲਾਬੀ ਦਾ ਉਥੋਂ ਦੀ ਰਾਜਨੀਤੀ ਵਿਚ ਬਹੁਤਾ ਪ੍ਰਭਾਵ ਨਹੀਂ ਹੈ। ਸਥਾਨਕ ਸਿੱਖ ਲੀਡਰਸ਼ਿਪ ਨੇ ਟਰੰਪ ਦੀ ਜਿੱਤ 'ਤੇ ਖੁੱਲ੍ਹੇ ਦਿਲ ਨਾਲ ਵਧਾਈ ਦੇ ਕੇ ਅਤੇ ਜਸ਼ਨ ਮਨਾ ਕੇ ਸਿਆਣਪ ਤੋਂ ਕੰਮ ਲਿਆ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਅਮਰੀਕਾ ਵਿਚ ਰਹਿੰਦੇ ਭਾਰਤੀਆਂ ਦੀ ਗਿਣਤੀ ਭਾਵੇਂ ਇਕ ਫ਼ੀਸਦੀ ਦੇ ਕਰੀਬ ਹੀ ਹੈ, ਪਰ ਉਹ ਉੱਥੇ 6 ਫ਼ੀਸਦੀ ਟੈਕਸ ਭਰਦੇ ਹਨ, ਜੋ ਉਨ੍ਹਾਂ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਅਮਰੀਕਾ ਵਿਚ ਕਰੀਬ 20 ਲੱਖ ਹਿੰਦੂ ਵਸੋਂ ਹੈ ਤੇ 5 ਤੋਂ 6 ਲੱਖ ਸਿੱਖ ਵਸੋਂ ਹੈ। ਇਸ ਵਾਰ ਅਮਰੀਕਾ ਦੇ ਹਾਊਸ ਆਫ਼ ਰੀਪਰਜ਼ੈਟੇਟਿਵ ਲਈ ਭਾਰਤੀ ਮੂਲ ਦੇ 6 ਵਿਅਕਤੀ ਚੁਣੇ ਗਏ ਸਨ, ਜਿਨ੍ਹਾਂ ਵਿਚੋਂ 5 ਹਿੰਦੂ ਹਨ ਤੇ ਇਕ ਇਸਾਈ, ਭਾਵੇਂ ਕਿ ਰਾਸ਼ਟਰਪਤੀ ਚੋਣ ਹਾਰੀ ਕਮਲਾ ਹੈਰਿਸ ਵੀ ਹਿੰਦੂ ਮੂਲ ਦੀ ਹੀ ਹੈ। ਪਰ ਸਿੱਖ ਇਕ ਵੀ ਨਹੀਂ, ਜੋ ਸਾਫ਼ ਕਰਦਾ ਹੈ ਕਿ ਅਮਰੀਕੀ ਰਾਜਨੀਤੀ ਵਿਚ ਸਿੱਖ ਲਾਬੀ ਬਹੁਤ ਕਮਜ਼ੋਰ ਹੈ। ਅਮਰੀਕੀ ਸਿੱਖਾਂ ਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੀ ਰਾਜਨੀਤੀ ਵਿਚ ਆਪਣੀ ਭਾਗੀਦਾਰੀ ਮਜ਼ਬੂਤ ਕਰਨ ਬਾਰੇ ਜ਼ਰੂਰ ਕੋਈ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ।