ਵਿਧਾਨ ਸਭਾ ਵਿਚ ਗੂੰਜੀ ਡੀਜੀਪੀ ਦਿਨਕਾਰ ਗੁਪਤਾ ਦੀ ਬਰਖਾਸਤਗੀ ਦੀ ਮੰਗ

ਵਿਧਾਨ ਸਭਾ ਵਿਚ ਗੂੰਜੀ ਡੀਜੀਪੀ ਦਿਨਕਾਰ ਗੁਪਤਾ ਦੀ ਬਰਖਾਸਤਗੀ ਦੀ ਮੰਗ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਅੱਜ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਵਿਵਾਦਤ ਬਿਆਨ 'ਤੇ ਬਹੁਤ ਰੌਲਾ ਪਿਆ। ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਡੀਜੀਪੀ ਦਿਨਕਰ ਗੁਪਤਾ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। 

ਇਹਨਾਂ ਪਾਰਟੀਆਂ ਦੇ ਵਿਧਾਇਕਾਂ ਨੇ ਵਿਧਾਨ ਸਭਾ ਬਾਹਰ ਧਰਨਾ ਮਾਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਸਪਸ਼ਟੀਕਰਨ ਮੰਗਿਆ। ਆਮ ਆਦਮੀ ਪਾਰਟੀ ਨੇ ਮੰਗ ਕੀਤੀ ਕਿ ਡੀਜੀਪੀ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਜੇਲ੍ਹ ਭੇਜਿਆ ਜਾਵੇ। 

ਦੱਸ ਦਈਏ ਕਿ ਡੀਜੀਪੀ ਦਿਨਕਰ ਗੁਪਤਾ ਨੇ ਇਕ ਅਖਬਾਰ ਦੇ ਪ੍ਰੋਗਰਾਮ ਵਿਚ ਬੋਲਦਿਆਂ ਕਿਹਾ ਸੀ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲਾ ਬੰਦਾ ਸਵੇਰੇ ਗਿਆ ਜਦੋਂ ਸ਼ਾਮ ਤਕ ਵਾਪਸ ਆਉਂਦਾ ਹੈ ਤਾਂ ਉਹ ਅੱਤਵਾਦੀ ਬਣ ਸਕਦਾ ਹੈ। ਇਸ ਬਿਆਨ ਖਿਲਾਫ ਸਿੱਖਾਂ ਦੇ ਰੋਹ ਨੂੰ ਦੇਖਦਿਆਂ ਦਿਨਕਰ ਗੁਪਤਾ ਨੇ ਕੱਲ੍ਹ ਪਛਤਾਵੇ ਦੀ ਪੋਸਟ ਪਾਈ ਸੀ। ਦਿਨਕਰ ਗੁਪਤਾ ਨੇ ਕਿਹਾ ਸੀ ਕਿ ਜੇ ਉਹਨਾਂ ਦੇ ਸ਼ਬਦਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਤਾਂ ਇਸਦਾ ਉਹਨਾਂ ਨੂੰ ਪਛਤਾਵਾ ਹੈ।

ਆਪ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ, "ਕੈਪਟਨ ਅਮਰਿੰਦਰ ਸਿੰਘ ਡੀਜੀਪੀ ਦੇ ਇਸ ਬਿਆਨ ਲਈ ਉਹਨਾਂ ਨੂੰ ਅਹੁਦੇ ਤੋਂ ਬਰਖਾਸਤ ਕਰਨ ਅਤੇ ਮਾਮਲਾ ਦਰਜ ਕਰਕੇ ਜੇਲ੍ਹ ਭੇਜਣ।"

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ, "ਜਿਸ ਡੀਜੀਪੀ ਨੂੰ ਕਾਂਗਰਸ ਨੇ ਚੁਣਿਆ ਉਸ  ਡੀਜੀਪੀ ਦੇ ਬਿਆਨ 'ਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਚੁੱਪ ਕਿਉਂ ਹਨ। ਅਸੀਂ ਉਹਨਾਂ ਤੋਂ ਜਵਾਬ ਚਾਹੁੰਦੇ ਹਾਂ।"