ਡੈਮੋਕਰੈਟਿਕ ਪਾਰਟੀ ਦੀ ਕਨਵੈਨਸ਼ਨ ਵਿਚ ਭਾਰਤੀ ਮੂਲ ਦੇ ਪੁਜਾਰੀ ਨੇ ਕੀਤੀ ਹਿੰਦੂ ਪ੍ਰਾਰਥਨਾ, ਕਿਹਾ ਪੂਰਾ ਵਿਸ਼ਵ ਇਕ ਪਰਿਵਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸ਼ਿਕਾਗੋ, ਇਲੀਨੋਇਸ ਵਿਚ ਚਲ ਰਹੀ ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਤੀਸਰੇ ਦਿਨ ਭਾਰਤੀ ਮੂਲ ਦੇ ਪੁਜਾਰੀ ਰਾਕੇਸ਼ ਭੱਟ ਨੇ ਹਿੰਦੂ ਪ੍ਰਾਰਥਨਾ ਕੀਤੀ। ਮੈਰੀਲੈਂਡ ਵਿਚ ਰਹਿੰਦੇ ਰਾਕੇਸ਼ ਭੱਟ ਸ੍ਰੀ ਸਿਵਾ ਵਿਸ਼ਨੂ ਮੰਦਿਰ ਵਿਖੇ ਸੀਨੀਅਰ ਪੁਜਾਰੀ ਹਨ। ਉਨਾਂ ਨੇ ਅਮਰੀਕੀਆਂ ਨੂੰ ਇਕਜੁੱਟ ਹੋਣ ਦੀ ਬੇਨਤੀ ਕਰਦਿਆਂ ਆਪਣੀ ਪ੍ਰਾਰਥਨਾ ਦੀ ਸ਼ੁਰੂਆਤ ''ਵਾਸੂਧੈਵਾ ਕੁਟੰਬਕੰਮ'' ਸ਼ਬਦਾਂ ਨਾਲ ਕੀਤੀ ਜਿਨਾਂ ਦਾ ਅਰਥ ਹੈ '' ਸਮੁੱਚਾ ਵਿਸ਼ਵ ਇਕ ਪਰਿਵਾਰ ਹੈ।'' ਸ੍ਰੀ ਭੱਟ ਜੋ ਮੂਲ ਰੂਪ ਵਿਚ ਭਾਰਤ ਦੇ ਕਰਨਾਟਕ ਰਾਜ ਨਾਲ ਸਬੰਧਿਤ ਹਨ, ਨੇ ਕਿਹਾ ਕਿ ''ਜੇਕਰ ਸਾਡੇ ਵਿਚ ਮੱਤਭੇਦ ਵੀ ਹਨ ਤਾਂ ਜਦੋਂ ਰਾਸ਼ਟਰ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਇਕਜੁੱਟਤਾ ਵਿਖਾਉਣੀ ਪਵੇਗੀ। ਆਓ ਆਪਾਂ ਇਕੱਠੇ ਸੋਚੀਏ ਤੇ ਸਾਡੇ ਦਿੱਲ ਇਕੱਠੇ ਧੜਕਣ। ਇਸ ਸਭ ਸਾਡੇ ਸਮਾਜ ਦੀ ਭਲਾਈ ਲਈ ਹੈ।
ਇਸ ਨਾਲ ਅਸੀਂ ਸ਼ਕਤੀਸ਼ਾਲੀ ਬਣਾਂਗੇ ਇਸ ਲਈ ਆਓ ਇਕੱਠੇ ਹੋਈਏ ਤੇ ਆਪਣੇ ਰਾਸ਼ਟਰ ਨੂੰ ਮਹਾਨ ਬਣਾਈਏ।'' ਸ੍ਰੀ ਭੱਟ ਨੇ ਜੋਰ ਦਿੱਤਾ ਕਿ ਸਾਨੂੰ ਅਜਿਹੇ ਆਗੂ ਦੀ ਲੋੜ ਹੈ ਜੋ ਇਨਾਂ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਹੋਵੇ। ਉਨਾਂ ਨੇ ਪ੍ਰਾਰਥਨਾ ਇਨਾਂ ਸ਼ਬਦਾਂ ਨਾਲ ਖਤਮ ਕੀਤੀ '' ਅਸੀਂ ਵਿਸ਼ਵ ਵਿਆਪੀ ਇਕ ਪਰਿਵਾਰ ਹਾਂ। ਸੱਚ ਸਾਡੀ ਬੁਨਿਆਦ ਹੈ ਜੋ ਹਮੇਸ਼ਾਂ ਰਹੇਗਾ। ਆਓ ਸੱਚ ਨੂੰ ਸਮਝੀਏ, ਹਨੇਰੇ ਤੋਂ ਰੌਸ਼ਨੀ ਵਲ ਪਰਤੀਏ ਤੇ ਮੌਤ ਤੋਂ ਅਮਰਤਾ ਵੱਲ ਵਧੀਏ। ਓਮ ਸ਼ਾਂਤੀ, ਸ਼ਾਂਤੀ,ਸ਼ਾਂਤੀ।''
Comments (0)