ਦਿੱਲੀ ਸ਼ਰਾਬ ਘੁਟਾਲੇ ਵਿੱਚ ਸਾਬਕਾ ਡਿਪਟੀ ਸੀ.ਐਮ ਮਨੀਸ਼ ਸਿਸੋਦੀਆ ਦੀਆਂ ਮੁਸ਼ਕਿਲਾਂ ਵਧੀਆਂ, ਚਾਰਜਸ਼ੀਟ ਵਿਚ ਆਇਆ ਨਾਮ

ਦਿੱਲੀ ਸ਼ਰਾਬ ਘੁਟਾਲੇ ਵਿੱਚ ਸਾਬਕਾ ਡਿਪਟੀ ਸੀ.ਐਮ ਮਨੀਸ਼ ਸਿਸੋਦੀਆ ਦੀਆਂ ਮੁਸ਼ਕਿਲਾਂ ਵਧੀਆਂ, ਚਾਰਜਸ਼ੀਟ ਵਿਚ ਆਇਆ ਨਾਮ

 ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 25 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਸ਼ਰਾਬ ਘੁਟਾਲੇ ਵਿੱਚ ਸਾਬਕਾ ਡਿਪਟੀ ਸੀ.ਐਮ ਮਨੀਸ਼ ਸਿਸੋਦੀਆ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਮੰਗਲਵਾਰ ਨੂੰ ਸੀਬੀਆਈ ਨੇ ਉਸ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਵਿੱਚ ਮਨੀਸ਼ ਸਿਸੋਦੀਆ ਦੇ ਨਾਲ-ਨਾਲ ਅਮਨਦੀਪ, ਬੁਚੀ, ਬਾਬੂ ਅਤੇ ਅਰਜੁਨ ਪਾਂਡੇ ਦੇ ਨਾਂ ਸ਼ਾਮਲ ਹਨ। ਕਥਿਤ ਸ਼ਰਾਬ ਘੁਟਾਲੇ 'ਚ ਪਹਿਲੀ ਵਾਰ ਚਾਰਜਸ਼ੀਟ 'ਚ ਸਿਸੋਦੀਆ ਦਾ ਨਾਂ ਆਇਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੁਝ ਹੋਰ ਸਮਾਂ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ। ਕੱਲ ਭਾਵ 26 ਅਪ੍ਰੈਲ ਨੂੰ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਹੈ। ਚਾਰਜਸ਼ੀਟ ਵਿੱਚ ਆਈਪੀਸੀ ਦੀਆਂ ਧਾਰਾਵਾਂ 120ਬੀ, 201 ਅਤੇ 420 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 8 ਅਤੇ 13 ਲਗਾਈ ਗਈਆਂ ਹਨ । ਜਿਕਰਯੋਗ ਹੈ ਕਿ ਇਹ ਸੀ.ਬੀ.ਆਈ ਵਲੋਂ ਦਾਖਿਲ ਕੀਤੀ ਗਈ ਦੂਜੀ ਚਾਰਜਸ਼ੀਟ ਹੈ ਅਤੇ ਪਹਿਲੀ ਚਾਰਜਸ਼ੀਟ 'ਚ ਸਿਸੋਦੀਆ ਦਾ ਨਾਮ ਨਹੀਂ ਸੀ। ਆਮ ਆਦਮੀ ਪਾਰਟੀ ਵਲੋਂ ਭਾਜਪਾ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ । ਮਨੀਸ਼ ਸਿਸੋਦੀਆ ਦੀ ਪਤਨੀ ਸੀਮਾ ਸਿਸੋਦੀਆ ਦੀ ਦੁਪਹਿਰ ਬਾਅਦ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਸਿਸੋਦੀਆ 1 ਮਈ ਤੱਕ ਨਿਆਇਕ ਹਿਰਾਸਤ 'ਚ ਹਨ। ਐਕਸਾਈਜ਼ ਮਾਮਲੇ 'ਚ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ 26 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ।