ਪੁਲਿਸ ਹਿਰਾਸਤ 'ਚ ਮਾਰੇ ਗਏ ਜਸਪਾਲ ਸਿੰਘ ਦੇ ਇਨਸਾਫ ਲਈ ਇਕੱਠੇ ਹੋਏ ਹਜ਼ਾਰਾਂ ਲੋਕ; ਸੰਘਰਸ਼ ਨੂੰ ਕਮੇਟੀ ਦੀ ਪਿੱਠ: ਲੱਖਾ ਸਿਧਾਣਾ

ਪੁਲਿਸ ਹਿਰਾਸਤ 'ਚ ਮਾਰੇ ਗਏ ਜਸਪਾਲ ਸਿੰਘ ਦੇ ਇਨਸਾਫ ਲਈ ਇਕੱਠੇ ਹੋਏ ਹਜ਼ਾਰਾਂ ਲੋਕ; ਸੰਘਰਸ਼ ਨੂੰ ਕਮੇਟੀ ਦੀ ਪਿੱਠ: ਲੱਖਾ ਸਿਧਾਣਾ
: :

ਫਰੀਦਕੋਟ: ਫਰੀਦਕੋਟ ਪੁਲਿਸ ਹਿਰਾਸਤ ਵਿੱਚ ਕਤਲ ਕਰਕੇ ਖੁਰਦ ਬੁਰਦ ਕੀਤੇ ਗਏ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਲੈਣ ਲਈ ਐੱਸਐੱਸਪੀ ਦਫਤਰ ਬਾਹਰ ਚੱਲ ਰਹੇ ਸੰਘਰਸ਼ ਵਿੱਚ ਅੱਜ ਹਜ਼ਾਰਾਂ ਲੋਕ ਸ਼ਾਮਿਲ ਹੋਏ। ਇਸ ਸੰਘਰਸ਼ ਦੀ ਅਗਵਾਈ ਕਰ ਰਹੀ ਸੰਘਰਸ਼ ਕਮੇਟੀ ਵੱਲੋਂ ਅੱਜ ਜਸਪਾਲ ਸਿੰਘ ਦੇ ਇਨਸਾਫ ਲਈ ਰੈਲੀ ਰੱਖੀ ਗਈ ਸੀ, ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। 

ਰੈਲੀ ਦੌਰਾਨ ਹੋਏ ਭਰਵੇਂ ਇਕੱਠ ਵਿੱਚ ਕਈ ਬੁਲਾਰੇ ਬੋਲੇ ਪਰ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਪਹਿਲਾਂ ਕੀਤੇ ਐਲਾਨ ਤੋਂ ਭੱਜਦਿਆਂ ਸੰਘਰਸ਼ ਕਮੇਟੀ ਨੇ ਸ਼ਹਿਰ ਵਿੱਚ ਇਨਸਾਫ ਮਾਰਚ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਇਨਕਾਰ 'ਤੇ ਲੋਕਾਂ ਵਿੱਚ ਨਰਾਜ਼ਗੀ ਫੈਲ ਗਈ। ਪਰ ਸੰਘਰਸ਼ ਕਮੇਟੀ ਵਿੱਚ ਸ਼ਾਮਿਲ ਲੱਖਾ ਸਿਧਾਣਾ ਨੇ ਕਮੇਟੀ ਤੋਂ ਵੱਖ ਫੈਂਸਲਾ ਕਰਦਿਆਂ ਮਾਰਚ ਦੀ ਅਗਵਾਈ ਕਰਨ ਦਾ ਫੈਂਸਲਾ ਕੀਤਾ। ਇਸ ਦੌਰਾਨ ਲੱਖਾ ਸਿਧਾਣਾ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਦਾ ਹਜ਼ੂਮ ਜਸਪਾਲ ਸਿੰਘ ਦੇ ਪਰਿਵਾਰ ਸਮੇਤ ਇਨਸਾਫ ਮਾਰਚ ਲੈ ਕੇ ਤੁਰ ਪਿਆ। 

ਇਸ ਦੌਰਾਨ ਪੁਲਿਸ ਵੱਲੋਂ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਦੇ ਰੋਹ ਅੱਗੇ ਪੁਲਿਸ ਪ੍ਰਸ਼ਾਸਨ ਨੂੰ ਝੁਕਣਾ ਪਿਆ ਤੇ ਲੋਕਾਂ ਨੇ ਸ਼ਹਿਰ ਵਿੱਚ ਇਨਸਾਫ ਮਾਰਚ ਕੀਤਾ। 

ਭਵਿੱਖਤ ਸੰਘਰਸ਼ 'ਤੇ ਸਵਾਲੀਆ ਚਿੰਨ੍ਹ
ਜਸਪਾਲ ਸਿੰਘ ਦੇ ਇਨਸਾਫ ਲਈ ਚੱਲ ਰਹੇ ਸੰਘਰਸ਼ ਦਾ ਭਵਿੱਖ ਕੀ ਹੋਵੇਗਾ ਇਸ 'ਤੇ ਇੱਕ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਸੰਘਰਸ਼ ਕਮੇਟੀ ਦੇ ਅੱਜ ਦੇ ਰਵੱਈਏ ਤੋਂ ਬਾਅਦ ਹੁਣ ਲੋਕ ਦੁਚਿੱਤੀ ਵਿੱਚ ਹਨ ਕਿ ਸੰਘਰਸ਼ ਦੀ ਅਗਵਾਈ ਕੌਣ ਕਰੇਗਾ। ਦੁੱਖਾਂ ਦੇ ਝੰਬੇ ਪਰਿਵਾਰ ਲਈ ਇਹ ਸਥਿਤੀ ਹੋਰ ਵੀ ਮੁਸ਼ਕਿਲ ਬਣਦੀ ਜਾਪ ਰਹੀ ਹੈ। 

ਅੱਜ ਦੀ ਸਾਰੀ ਘਟਨਾ ਬਾਰੇ ਇਸ ਸੰਘਰਸ਼ ਨਾਲ ਪਹਿਲੇ ਦਿਨ ਤੋਂ ਜੁੜੇ ਸਿੱਖ ਨੌਜਵਾਨ ਗੁਰਸੇਵਕ ਸਿੰਘ ਭਾਣਾ ਨਾਲ ਅੰਮ੍ਰਿਤਸਰ ਟਾਈਮਜ਼ ਵੱਲੋਂ ਕੀਤੀ ਗਈ ਗੱਲਬਾਤ ਤੁਸੀਂ ਸੁਣ ਸਕਦੇ ਹੋ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ