ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਦਾਸਤਾਨ-ਏ-ਮੀਰੀ ਪੀਰੀ ਫਿਲਮ ਬੰਦ ਕਰਾਉਣ ਲਈ ਪ੍ਰਦਰਸ਼ਨ

ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਦਾਸਤਾਨ-ਏ-ਮੀਰੀ ਪੀਰੀ ਫਿਲਮ ਬੰਦ ਕਰਾਉਣ ਲਈ ਪ੍ਰਦਰਸ਼ਨ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ 'ਤੇ ਵਿਦਿਆਰਥੀ ਜਥੇਬੰਦੀਆਂ ਸੱਥ ਅਤੇ ਏਐਫਐੱਸਐੱਸ ਵੱਲੋਂ ਦਿੱਤੇ ਸੱਦੇ 'ਤੇ ਅੱਜ ਵਿਦਿਆਰਥੀਆਂ ਵੱਲੋਂ ਇਕੱਤਰ ਹੋ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਅਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਕਾਰਟੂਨ ਰੂਪ ਵਿੱਚ ਪੇਸ਼ ਕਰਕੇ ਬੇਅਦਬੀ ਕਰਦੀ ਫਿਲਮ ਦਾਸਤਾਨ-ਏ-ਮੀਰੀ ਪੀਰੀ ਨੂੰ ਬੰਦ ਕਰਵਾਉਣ ਲਈ ਪ੍ਰਦਰਸ਼ਨ ਕੀਤਾ ਗਿਆ।

ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੱਥ ਦੇ ਨੁਮਾਂਇੰਦੇ ਜੁਝਾਰ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤਾਂ ਮੁਤਾਬਿਕ ਗੁਰੂ ਸਾਹਿਬਾਨ ਨੂੰ ਕਿਸੇ ਵੀ ਰੂਪ ਵਿੱਚ ਨਾ ਚਿਤਰਿਆ ਜਾ ਸਕਦਾ ਹੈ ਤੇ ਨਾ ਫਿਲਮਾਇਆ ਜਾ ਸਕਦਾ ਹੈ ਕਿਉਂਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਦੇਹ ਦੀ ਬਜਾਏ ਸ਼ਬਦ ਗੁਰੂ ਨਾਲ ਜੋੜਿਆ ਸੀ। ਉਹਨਾਂ ਕਿਹਾ ਕਿ ਜਿੱਥੇ ਪਹਿਲਾਂ ਕਈ ਥਾਵਾਂ 'ਤੇ ਗੁਰੂ ਸਾਹਿਬ ਦੇ ਬੁੱਤ ਬਣਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ ਉੱਥੇ ਹੁਣ ਇਹਨਾਂ ਨਵੇਂ ਸਾਧਨਾਂ ਫਿਲਮਾਂ ਰਾਹੀਂ ਇਹ ਨਵੀਂ ਕਿਸਮ ਦੀ ਬੁੱਤਪ੍ਰਸਤੀ ਸਿੱਖਾਂ ਵਿੱਚ ਵਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਿੱਖਾਂ ਦੀ ਵੱਖਰੀ ਧਾਰਮਿਕ ਪਛਾਣ ਨੂੰ ਬੁੱਤ ਪੂਜਕ ਹਿੰਦੁਤਵ ਦੇ ਗਹਿਰੇ ਸਮੁੰਦਰ ਵਿੱਚ ਸਾਜਿਸ਼ ਕਰਨ ਦੀਆਂ ਕੋਸ਼ਿਸ਼ਾਂ ਦਾ ਹੀ ਇੱਹ ਇੱਕ ਹਿੱਸਾ ਹੈ, ਜਿਸ ਦਾ ਉਹ ਸਖਤ ਵਿਰੋਧ ਕਰਦੇ ਹਨ ਤੇ ਕਿਸੇ ਵੀ ਕੀਮਤ 'ਤੇ ਗੁਰੂ ਸਾਹਿਬ ਦਾ ਕਾਰਟੂਨੀਕਰਨ ਕਰਨ ਜਾ ਹੋਰ ਢੰਗ ਨਾਲ ਚਿਤਰਣ ਨਹੀਂ ਕਰਨ ਦੇਣਗੇ।

ਸੱਥ ਦੇ ਨੁਮਾਂਇੰਦੇ ਸੁਖਮਿੰਦਰ ਸਿੰਘ ਨੇ ਕਿਹਾ ਕਿ ਕਿ ਬੁੱਤ, ਤਸਵੀਰ, ਨਾਟਕ ਤੇ ਫਿਲਮ ਵਿਚ ਕੋਈ ਫਰਕ ਨਹੀਂ। ਫਿਲਮ ਚਲਦਾ ਫਿਰਦਾ ਬੁਤ ਹੈ। ਇਸ ਖਿੱਤੇ ਵਿਚ ਬੁੱਤਾਂ ਦਾ ਪ੍ਰਚਲਨ ਪਹਿਲਾਂ ਵੀ ਸੀ, ਪਰ ਗੁਰੂ ਜੀ ਨੇ ਹਰੇਕ ਕਿਸਮ ਦੇ ਸਥੂਲ ਤੇ ਸੂਖਮ ਬੁੱਤਾਂ ਦਾ ਵਿਰੋਧ ਕੀਤਾ। ‘ਦਾਸਤਾਨ ਏ ਮੀਰੀ-ਪੀਰੀ’ ਸਮੇਤ ਸਾਰੀਆਂ ਹੀ ਐਨੀਮੇਸ਼ਨ ਫਿਲਮਾਂ ਦੀ ਪੇਸ਼ਕਾਰੀ ਸਿੱਖਾਂ ਲਈ ਰੂਹਾਨੀ ਖੁਦਕੁਸ਼ੀ ਸਾਬਿਤ ਹੋਵੇਗੀ ਤੇ ਬੱਚਿਆਂ ਅਤੇ ਅਣਜਾਣ ਲੋਕਾਂ ਨੂੰ ਨਵੇਂ ਬੁੱਤਾਂ ਰਾਹੀਂ ਸਿੱਖੀ ਬਾਰੇ ਦਿੱਤੀ ਗਈ ਜਾਣਕਾਰੀ ਉਹਨਾਂ ਨੂੰ ਕਦੇ ਵੀ ਇਸ ਨੁਕਤੇ ਤੇ ਪਹੁੰਚਣ ਨਹੀਂ ਦੇਵੇਗੀ ਕਿ ਗੁਰੂ ਸਾਹਿਬ ਬੁਨਿਆਦੀ ਰੂਪ ਵਿਚ ਬੁੱਤ-ਬੰਦੇ ਦੀ ਪੂਜਾ ਦੇ ਵਿਰੁੱਧ ਸਨ।

ਉਹਨਾਂ ਕਿਹਾ ਕਿ ਉਦਾਹਾਰਨ ਵਜੋਂ ਮਹਾਤਮਾ ਬੁੱਧ ਇਸ ਖਿੱਤੇ ਵਿਚ ਮੂਰਤੀ ਪੂਜਾ ਦੇ ਪਹਿਲੇ ਵਿਰੋਧੀ ਸਨ ਪਰ ਅੱਜ ਸਭ ਤੋਂ ਵੱਧ ਬੁੱਤ ਉਹਨਾਂ ਦੇ ਹੀ ਹਨ। ਇਹ ਰੁਝਾਨ ਇਕ ਪਾਸੇ ਬਿਪਰ ਮਾਨਤਾਵਾਂ ਦੇ ਅਸਰ ਹੇਠ ਹੈ ਅਤੇ ਦੂਜੇ ਪਾਸੇ ਪਰਚਾਰ ਦੇ ਪੱਛਮੀ ਤਰੀਕੇ ਤੋਂ ਪ੍ਰਭਾਵਿਤ ਹੈ।

ਇਸ ਮੌਕੇ ਐੱਸ.ਐੱਫ.ਐੱਸ. ਦੇ ਪ੍ਰਧਾਨ ਵਰਿੰਦਰ ਨੇ ਕਿਹਾ ਕਿ ਫਿਲਮ ਰਾਂਹੀ ਸਿੱਖ ਗੁਰੂਾਂ ਦੇ ਪੇਸ਼ਕਾਰੀ ਬ੍ਰਾਹਮਣੀਕਰਣ ਦੀ ਸਾਜਿਸ਼ ਹੈ ।ਜੋ ਗੁਰੂਾਂ ਦੇ ੴ ਦੇ ਸੁਨੇਹੇ ਨੂੰ ਖਤਮ ਕਰਨ ਕੋਸ਼ਿਸ਼ ਹੈ ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ